ਇਸਲਾਮਾਬਾਦ – ਪਾਕਿਸਤਾਨ ਦੀ ਸੱਤਾ ਤੋਂ ਬਾਹਰ ਹੋਏ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵਿਵਾਦ ਪਿੱਛਾ ਨਹੀਂ ਛੱਡ ਰਹੇ। ਹੁਣ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਮਹੀਨੇ ਬੇਭਰੋਸਗੀ ਮਤੇ ਰਾਹੀਂ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ 15 ਕਰੋੜ ਪਾਕਿਸਤਾਨੀ ਰੁਪਏ ਦੀ ਇਕ ਸ਼ਾਨਦਾਰ ਕਾਰ ਆਪਣੇ ਕੋਲ ਰੱਖ ਲਈ ਹੈ। ਮਰੀਅਮ ਨੇ ਪੱਤਰਕਾਰਾਂ ਨੂੰ ਕਿਹਾ, “ਖਾਨ ਆਪਣੇ ਨਾਲ ਇੱਕ BMW X5 ਕਾਰ ਲੈ ਗਏ, ਜੋ ਕਿ ਵਿਦੇਸ਼ੀ ਪ੍ਰਤੀਨਿਧੀਆਂ ਲਈ ਪ੍ਰਧਾਨ ਮੰਤਰੀ ਦਫ਼ਤਰ ਦੀਆਂ ਕਾਰਾਂ ਦੇ ਫਲੀਟ ਵਿੱਚੋਂ ਇੱਕ ਹੈ।” ਉਨ੍ਹਾਂ ਦੱਸਿਆ ਕਿ ਇਸ ਕਾਰ ਦੀ ਕੀਮਤ ਕਰੀਬ 15 ਕਰੋੜ ਪਾਕਿਸਤਾਨੀ ਰੁਪਏ ਹੈ ਜੋ ਕਿ ਬੰਬ ਪਰੂਫ਼ ਅਤੇ ਬੁਲੇਟ ਪਰੂਫ਼ ਹੈ ਅਤੇ 6 ਸਾਲ ਪਹਿਲਾਂ ਲਗਭਗ 3 ਕਰੋੜ ਪਾਕਿਸਤਾਨੀ ਰੁਪਏ ਵਿੱਚ ਖ਼ਰੀਦੀ ਗਈ ਸੀ। ਡਾਨ ਅਖ਼ਬਾਰ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਖਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਾਰ ਆਪਣੇ ਕੋਲ ਰੱਖਣਾ ਚਾਹੁੰਦੇ ਹਨ, ਜਦਕਿ ਇਸ ਤੋਂ ਪਹਿਲਾਂ ਉਹ ਖੁਦ ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਮਹਿੰਗੀਆਂ ਕਾਰਾਂ ਰੱਖਣ ‘ਤੇ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰ ਚੁੱਕੇ ਹਨ। ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਖਾਨ ਨੇ ਕਿਸੇ ਹੋਰ ਦੇਸ਼ ਦੇ ਡਿਪਲੋਮੈਟ ਦੁਆਰਾ ਤੋਹਫੇ ਵਜੋਂ ਦਿੱਤੀ ਗਈ ਹੈਂਡਗਨ ਵੀ ਆਪਣੇ ਕੋਲ ਰੱਖ ਲਈ, ਜਿਸ ਨੂੰ ਤੋਸ਼ਖਾਨੇ ਵਿੱਚ ਜਮ੍ਹਾ ਕਰਾਉਣਾ ਚਾਹੀਦਾ ਸੀ। ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕਿਸੇ ਹੋਰ ਦੇਸ਼ ਦੇ ਮਹਿਮਾਨ ਤੋਂ ਮਿਲੇ ਤੋਹਫ਼ੇ ਤੋਸ਼ਖਾਨੇ ਵਿੱਚ ਰੱਖੇ ਜਾਣੇ ਚਾਹੀਦੇ ਹਨ। ਇਮਰਾਨ ਖਾਨ ਨੂੰ ਪਿਛਲੇ ਮਹੀਨੇ ਬੇਭਰੋਸਗੀ ਮਤੇ ‘ਚ ਹਾਰ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਦੋਂ ਤੋਂ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਨੂੰ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਤੋਂ ਵਿਦੇਸ਼ੀ ਤੋਹਫ਼ਿਆਂ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Comment here