ਸਿਆਸਤਖਬਰਾਂਦੁਨੀਆ

ਇਮਰਾਨ ਨੂੰ ਚੋਣਾਂ ’ਚ ਹਰਾਉਣ ਵਾਲੀ ਪਾਰਟੀ ਜੇਯੂਆਈ-ਐੱਫ ਦਾ ਤਾਲਿਬਾਨ ਨੂੰ ਸਮਰਥਨ

ਇਸਲਾਮਾਬਾਦ-ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੂੰ ਖੈਬਰ ਪਖਤੂਨਖਵਾ ਸੂਬੇ ’ਚ ਸਥਾਨਕ ਚੋਣਾਂ ’ਚ ਹਰਾਉਣ ਵਾਲੀ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇਯੂਆਈ-ਐੱਫ) ਦੇ ਮੁਖੀ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਸ਼ਾਸਨ ਨੂੰ ਆਪਣਾ ਸਮਰਥਨ ਦੇਣ ਦਾ ਵਾਅਦਾ ਦੁਹਰਾਇਆ ਹੈ। ਮੌਲਾਨਾ ਫਜ਼ਲੁਰ ਰਹਿਮਾਨ ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਉਹਨਾਂ ਨੇ ਅਫਗਾਨ ਸਿੱਖਿਆ ਮੰਤਰੀ ਮੁੱਲਾ ਅਬਦੁਲ ਬਾਕੀ ਹੱਕਾਨੀ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਸ ਨੂੰ ਖੇਤਰੀ ਰਾਜਨੀਤੀ ’ਤੇ ਚਰਚਾ ਕਰਨ ਲਈ ਆਪਣੀ ਰਿਹਾਇਸ਼ ’ਤੇ ਬੁਲਾਇਆ ਸੀ।
ਰਹਿਮਾਨ ਨੇ ਅਫਗਾਨ ਮੰਤਰੀ ਨੂੰ ਕਿਹਾ ਕਿ ਸਿਧਾਂਤਾਂ ’ਤੇ ਅਧਾਰਤ ਇਕਸਾਰਤਾ ਅਤੇ ਸੰਘਰਸ਼ ਇਸਲਾਮੀ ਅਮੀਰਾਤ ਦੀ ਸਫਲਤਾ ਦਾ ਕਾਰਨ ਬਣਿਆ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੁਨੀਆ ਨੂੰ ਤਾਲਿਬਾਨ ਸਰਕਾਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਗੌਰਤਲਬ ਹੈ ਕਿ ਹੱਕਾਨੀ ਉਨ੍ਹਾਂ ਤਾਲਿਬਾਨ ਨੇਤਾਵਾਂ ਵਿੱਚੋਂ ਇੱਕ ਹੈ ਜੋ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਖੇਤਰ ਵਿੱਚ ਜੇਯੂਆਈ-ਐਫ ਨਾਲ ਸਬੰਧਤ ਮਦਰੱਸਿਆਂ ਵਿੱਚ ਪੜ੍ਹੇ ਸਨ।
ਅਫਗਾਨ ਮੰਤਰੀ ਚਾਹੁੰਦਾ ਸੀ ਕਿ ਜੇਯੂਆਈ-ਐੱਫ ਮੁਖੀ ਅਫਗਾਨ ਲੋਕਾਂ ਨੂੰ ਭੋਜਨ ਅਤੇ ਗਰਮ ਕੱਪੜਿਆਂ ਸਮੇਤ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰੇ।ਰਹਿਮਾਨ ਨੇ ਕਿਹਾ ਕਿ ਪਾਕਿਸਤਾਨ ਨੂੰ ਸ਼ਾਂਤੀ ਅਤੇ ਇਕ ਮਜ਼ਬੂਤ ਅਰਥਵਿਵਸਥਾ ਦੀ ਲੋੜ ਹੈ ਅਤੇ ਇਸਲਾਮ ਇਸ ਨੂੰ ਪ੍ਰਾਪਤ ਕਰਨ ਦਾ ਤਰੀਕਾ ਹੈ ਕਿਉਂਕਿ ਇਹ ਇੱਕ ਅਜਿਹਾ ਧਰਮ ਹੈ ਜੋ ਜੀਵਨ, ਜਾਇਦਾਦ ਅਤੇ ਇੱਜ਼ਤ ਦੀ ਰੱਖਿਆ ਕਰਦਾ ਹੈ।

Comment here