ਸਿਆਸਤਖਬਰਾਂਚਲੰਤ ਮਾਮਲੇ

ਇਮਰਾਨ ਨੂੰ ਅਦਿਆਲਾ ਜੇਲ੍ਹ ‘ਚ ਤਬਦੀਲ ਕਰਨ ਦੇ ਹੁਕਮ

ਇਸਲਾਮਾਬਾਦ-ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਖਰਲੀ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੰਜਾਬ ਸੂਬੇ ਦੀ ਅਟਕ ਜੇਲ੍ਹ ਤੋਂ ਰਾਵਲਪਿੰਡੀ ਸ਼ਹਿਰ ਵਿਚ ਸਥਿਤ ਉੱਚ ਸੁਰੱਖਿਆ ਵਾਲੀ ਅਦਿਆਲਾ ਜੇਲ੍ਹ ਵਿਚ ਤਬਦੀਲ ਕਰਨ ਦਾ ਹੁਕਮ ਦਿੱਤਾ ਹੈ। ਪੀ.ਟੀ.ਆਈ. ਨੇ ਅਗਸਤ ਵਿੱਚ ਇਸਲਾਮਾਬਾਦ ਹਾਈ ਕੋਰਟ (ਆਈ.ਐੱਚ.ਸੀ.) ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਖਾਨ ਨੂੰ ਅਦਿਆਲਾ ਜੇਲ੍ਹ ਵਿੱਚ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ, ਜਿੱਥੇ ‘ਏ’ ਸ਼੍ਰੇਣੀ ਦੀਆਂ ਸਹੂਲਤਾਂ ਉਪਲਬਧ ਹਨ। ਪਾਰਟੀ ਨੇ ਕਿਹਾ ਕਿ ਆਈ.ਐੱਚ.ਸੀ. ਨੇ ਕੇਸ ਦੀ ਸੁਣਵਾਈ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ ਹੈ। ਖਾਨ ਨੂੰ 3 ਸਾਲ ਦੀ ਸਜ਼ਾ ਸੁਣਾਉਣ ਵਾਲੇ ਇਸਲਾਮਾਬਾਦ ਦੀ ਹੇਠਲੀ ਅਦਾਲਤ ਨੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਅਦਿਆਲਾ ਜੇਲ੍ਹ ਵਿੱਚ ਰੱਖਣ ਦਾ ਨਿਰਦੇਸ਼ ਦਿੱਤਾ ਸੀ। ਹਾਲਾਂਕਿ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਅਟਕ ਜੇਲ੍ਹ ਭੇਜ ਦਿੱਤਾ ਗਿਆ ਸੀ।
ਪਾਰਟੀ ਨੇ ਕਿਹਾ, “ਆਈ.ਐੱਚ.ਸੀ. ਦੇ ਚੀਫ਼ ਜਸਟਿਸ ਨੇ ਪੀ.ਟੀ.ਆਈ. ਦੇ ਚੇਅਰਮੈਨ ਇਮਰਾਨ ਖਾਨ ਨੂੰ ਅਟਕ ਜੇਲ੍ਹ ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਤਬਦੀਲ ਕਰਨ ਦਾ ਹੁਕਮ ਦਿੱਤਾ ਹੈ।” ਖਾਨ (70) ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 5 ਅਗਸਤ ਤੋਂ ਅਟਕ ਜੇਲ੍ਹ ਵਿੱਚ ਬੰਦ ਹਨ। ਆਈ.ਐੱਚ.ਸੀ. ਨੇ 29 ਅਗਸਤ ਨੂੰ ਉਨ੍ਹਾਂ ਦੀ ਸਜ਼ਾ ਮੁਅੱਤਲ ਕਰ ਦਿੱਤੀ ਸੀ, ਪਰ ਉਹ ‘ਸਿਫਰ’ (ਗੁਪਤ ਕੂਟਨੀਤਕ ਦਸਤਾਵੇਜ਼) ਲੀਕ ਮਾਮਲੇ ਵਿੱਚ ਅਜੇ ਵੀ ਅਟਕ ਜੇਲ੍ਹ ਵਿੱਚ ਹਨ। ਆਫੀਸ਼ੀਅਲ ਸੀਕਰੇਟਸ ਐਕਟ ਦੇ ਤਹਿਤ ਗਠਿਤ ਵਿਸ਼ੇਸ਼ ਅਦਾਲਤ ਨੇ 13 ਸਤੰਬਰ ਨੂੰ ‘ਸਿਫਰ’ ਮਾਮਲੇ ‘ਚ ਖਾਨ ਦੀ ਨਿਆਂਇਕ ਹਿਰਾਸਤ 26 ਸਤੰਬਰ ਤੱਕ ਵਧਾ ਦਿੱਤੀ ਸੀ।

Comment here