ਸੰਚਾਰ ਮੰਤਰੀ ਨੇ ਮਾਫੀ ਮੰਗਣ ਲਈ ਕਿਹਾ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤੀਰ ਇਮਰਾਨ ਖਾਨ ਜਿੰਨਾ ਖੁਦ ਵਿਵਾਦਾਂ ਵਿੱਚ ਰਹਿੰਦੇ ਹਨ, ਉਹਨਾਂ ਦੀਆਂ ਸਾਬਕਾ ਪਤਨੀਆਂ ਵੀ ਓਨੀ ਹੀ ਚਰਚਾ ਵਿਚ ਹੁੰਦੀਆਂ ਹਨ। ਹੁਮ ਪਾਕਿਸਤਾਨ ਦੇ ਸੰਚਾਰ ਮੰਤਰੀ ਮੁਰਾਦ ਸਈਦ ਨੇ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੂੰ ਉਨ੍ਹਾਂ ਦੀ ਕਿਤਾਬ ਵਿਚ ਆਪਣੇ ਖ਼ਿਲਾਫ਼ ‘ਬੇਬੁਨਿਆਦ ਦੋਸ਼’ ਲਾਉਣ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ‘ਡਾਨ’ ਅਖ਼ਬਾਰ ਨੇ ਸੋਮਵਾਰ ਨੂੰ ਖ਼ਬਰ ਦਿੱਤੀ ਕਿ ਸੂਚਨਾ ਮੰਤਰਾਲਾ ਵੱਲੋਂ ਐਤਵਾਰ ਨੂੰ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਸਈਦ ਨੇ ਰੇਹਮ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਤੋਂ 14 ਦਿਨਾਂ ਦੇ ਅੰਦਰ ਬਿਨਾਂ ਸ਼ਰਤ ਮੁਆਫੀ ਮੰਗਣ, ਨਹੀਂ ਤਾਂ ਉਨ੍ਹਾਂ ਵਿਰੁੱਧ 100 ਕਰੋੜ ਰੁਪਏ ਦਾ ਦਾਅਵਾ ਕਰਦੇ ਹੋਏ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਜਾਵੇਗਾ। ਸਈਦ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਮੰਤਰਾਲਾ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਚੋਟੀ ਦੇ 10 ਮੰਤਰਾਲਿਆਂ ਵਿਚੋਂ ਪਹਿਲੇ ਨੰਬਰ ‘ਤੇ ਚੁਣਿਆ ਗਿਆ ਸੀ, ਪਰ 2018 ਵਿਚ ਪ੍ਰਕਾਸ਼ਿਤ ਰੇਹਮ ਦੀ ਕਿਤਾਬ ਦੀ ਸਮੱਗਰੀ ਦੀ ਵਰਤੋਂ ਦਾ ਇਸਤੇਮਾਲ ਕਰਕੇ ਇਸ ਪ੍ਰਾਪਤੀ ਨੂੰ ਵਿਵਾਦਪੂਰਨ ਬਣਾ ਦਿੱਤਾ ਗਿਆ। ਰੇਹਮ ਨੇ ਆਪਣੀ ਕਿਤਾਬ ਦੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਲੀਕ ਕੀਤੇ ਗਏ ਕੁਝ ਸੰਦਰਭਾਂ ਦਾ ਕਦੇ ਵੀ ਖੰਡਨ ਨਹੀਂ ਕੀਤਾ। ਪ੍ਰੈੱਸ ਰਿਲੀਜ਼ ‘ਚ ਕਿਹਾ ਗਿਆ, ‘ਬਾਅਦ ‘ਚ ਉਨ੍ਹਾਂ ਦੀ ਕਿਤਾਬ ਦੇ ਸੰਦਰਭ ਵਿਚ ਮੁਰਾਦ ਸਈਦ ਖ਼ਿਲਾਫ਼ ਝੂਠੇ ਦੋਸ਼ ਲਾਏ ਗਏ।’ ਇਸ ਮਹੀਨੇ ਦੀ ਸ਼ੁਰੂਆਤ ‘ਚ ਸਈਦ ਨੇ ‘ਡੇਲੀ ਜਿਨਾਹ’ ਅਤੇ ‘ਆਨਲਾਈਨ ਨਿਊਜ਼ ਏਜੰਸੀ’ ਦੇ ਮੁੱਖ ਸੰਪਾਦਕ ਮੋਹਸਿਨ ਬੇਗ ਦੇ ਖ਼ਿਲਾਫ਼ ਸਾਈਬਰ ਕ੍ਰਾਈਮ ਦਾ ਮਾਮਲਾ ਦਰਜ ਕਰਵਾਇਆ ਸੀ। ਸਈਦ ਨੇ ਇਕ ਨਿੱਜੀ ਟੀਵੀ ਚੈਨਲ ਦੇ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਦਾ ‘ਚਰਿੱਤਰ ਹਨਨ’ ਕੀਤੇ ਜਾਣ ਦਾ ਦੋਸ਼ ਲਗਾਇਆ ਸੀ। ਟਾਕ ਸ਼ੋਅ ਦੌਰਾਨ ਬੇਗ ਅਤੇ ਪੈਨਲ ਦੇ ਹੋਰ ਮੈਂਬਰਾਂ ਨੇ ਇਹ ਦੱਸਣ ਲਈ ਰੇਹਮ ਖਾਨ ਦੀ ਕਿਤਾਬ ਦਾ ਹਵਾਲਾ ਦਿੱਤਾ ਸੀ ਕਿ ਸਈਦ ਨੂੰ ਪ੍ਰਧਾਨ ਮੰਤਰੀ ਦੀ ਕੈਬਨਿਟ ਵਿਚ ‘ਮਨਪਸੰਦ’ ਮੰਤਰੀ ਕਿਉਂ ਕਿਹਾ ਜਾਂਦਾ ਹੈ। ਰੇਹਮ ਨੇ ਤਲਾਕ ਤੋਂ ਬਾਅਦ ਪ੍ਰਕਾਸ਼ਿਤ ਆਪਣੀ ਕਿਤਾਬ ‘ਚ ਆਪਣੇ ਸਾਬਕਾ ਪਤੀ ਖਾਨ ਅਤੇ ਸਈਦ ਵਿਚਾਲੇ ਸਬੰਧਾਂ ਦਾ ਜ਼ਿਕਰ ਕੀਤਾ ਹੈ।
Comment here