ਅਪਰਾਧਸਿਆਸਤਖਬਰਾਂਦੁਨੀਆ

ਇਮਰਾਨ ਦੀ ਸਾਬਕਾ ਪਤਨੀ ’ਤੇ ਕਾਤਲਾਨਾ ਹਮਲਾ

ਇਸਲਾਮਾਬਾਦ-ਕੁੱਝ ਅਣਪਛਾਤੇ ਲੋਕਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ’ਤੇ ਹਮਲਾ ਕੀਤਾ ਹੈ। ਰੇਹਮ ਖਾਨ ਨੇ ਖ਼ੁਦ ਟਵੀਟ ਕਰਕੇ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ। ਕੁੱਝ ਲੋਕਾਂ ਨੇ ਉਨ੍ਹਾਂ ਦੀ ਕਾਰ ’ਤੇ ਫਾਈਰਿੰਗ ਕੀਤੀ, ਜਿਸ ਵਿਚ ਉਹ ਵਾਲ-ਵਾਲ ਬਚ ਗਈ। ਰੇਹਮ ਨੇ ਇਮਰਾਨ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੁੱਛਿਆ ਕਿ, ਕੀ ਇਹੀ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ? ਰੇਹਮ ਖਾਨ ’ਤੇ ਹਮਲਾ ਉਦੋਂ ਹੋਇਆ ਜਦੋਂ ਉਹ ਆਪਣੇ ਭਤੀਜੇ ਦੇ ਵਿਆਹ ਤੋਂ ਪਰਤ ਰਹੀ ਸੀ।
ਆਪਣੇ ਪਹਿਲੇ ਟਵੀਟ ਵਿਚ ਰੇਹਮ ਨੇ ਲਿਖਿਆ, ‘ਮੈਂ ਆਪਣੇ ਭਤੀਜੇ ਦੇ ਵਿਆਹ ਤੋਂ ਪਰਤ ਰਹੀ ਸੀ, ਜਦੋਂ ਮੇਰੀ ਕਾਰ ’ਤੇ ਕੁੱਝ ਲੋਕਾਂ ਨੇ ਫਾਈਰਿੰਗ ਕੀਤੀ ਅਤੇ 2 ਮੋਟਰਸਾਈਕਲ ਸਵਾਰ ਲੋਕਾਂ ਨੇ ਬੰਦੂਕ ਦੀ ਨੋਕ ’ਤੇ ਮੇਰੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ.. ਮੈਂ ਆਪਣੀ ਗੱਡੀ ਬਦਲੀ। ਮੇਰਾ ਸੁਰੱਖਿਆ ਕਰਮੀ ਅਤੇ ਡਰਾਈਵਰ ਕਰ ਦੇ ਅੰਦਰ ਹੀ ਮੌਜੂਦ ਸਨ। ਕੀ ਇਹੀ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ ਹੈ? ਕਾਇਰਾਂ, ਲੁਟੇਰਿਆਂ ਅਤੇ ਲਾਲਚੀ ਦੇਸ਼ ਵਿਚ ਤੁਹਾਡਾ ਸੁਆਗਤ ਹੈ।’
ਦੂਜੇ ਟਵੀਟ ਵਿਚ ਰੇਹਮ ਨੇ ਲਿਖਿਆ, ‘ਮੈਂ ਇਕ ਆਮ ਪਾਕਿਸਤਾਨੀ ਦੀ ਤਰ੍ਹਾਂ ਪਾਕਿਸਤਾਨ ਵਿਚ ਹੀ ਜਿਊਣਾ ਅਤੇ ਮਰਨਾ ਚਾਹੁੰਦੀ ਹਾਂ। ਭਾਵੇਂ ਮੇਰੇ ’ਤੇ ਕਾਇਰਾਨਾ ਹਮਲਾ ਕੀਤਾ ਜਾਏ ਜਾਂ ਵਿਚਕਾਰ ਸੜਕ ’ਤੇ ਕਾਨੂੰਨ-ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾਣ। ਇਸ ਤਥਾ-ਕਥਿਤ ਸਰਕਾਰ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਮੈਂ ਆਪਣੇ ਦੇਸ਼ ਲਈ ਗੋਲੀ ਖਾਨ ਨੂੰ ਵੀ ਤਿਆਰ ਹਾਂ।’ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੇਹਮ ਖਾਨ ਨੇ ਖੁੱਲ੍ਹ ਕੇ ਇਮਰਾਨ ਖਾਨ ਦੀ ਆਲੋਚਨਾ ਕੀਤੀ ਹੋਵੇ। ਪਹਿਲਾਂ ਵੀ ਉਹ ਕਈ ਮੁੱਦਿਆਂ ’ਤੇ ਆਪਣੇ ਸਾਬਕਾ ਪਤੀ ਇਮਰਾਨ ਖਾਨ ਨੂੰ ਘੇਰ ਚੁੱਕੀ ਹੈ।

Comment here