ਸਿਆਸਤਖਬਰਾਂਦੁਨੀਆ

ਇਮਰਾਨ ਦੀ ਮੋਦੀ ਨਾਲ ਤੁਲਨਾ, ਫਵਾਦ ਹੋਏ ਅਲੋਚਨਾ ਦਾ ਸ਼ਿਕਾਰ

ਇਸਲਾਮਾਬਾਦ-ਲੰਘੇ ਦਿਨੀਂ ਪਾਕਿ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਇਮਰਾਨ ਦੀ ਲੋਕਪ੍ਰਿਯਤਾ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਹੈ। ਫਵਾਦ ਨੇ ਕਿਹਾ ਕਿ ਇਮਰਾਨ ਖਾਨ ਦੀ ਜਿੰਨੀ ਲੋਕਪ੍ਰਿਯਤਾ ਭਾਰਤ ਵਿਚ ਹੈ, ਉਹ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਵਧੀਆ ਬਣਾਉਣ ਦਾ ਇਕ ਵੱਡਾ ਮੌਕਾ ਸੀ ਪਰ ਮੋਦੀ ਕਾਰਨ ਅਸੀਂ ਸੰਬੰਧ ਵਧੀਆ ਨਹੀਂ ਕਰ ਸਕੇ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲੋਕ ਇਮਰਾਨ ਅਤੇ ਫਵਾਦ ਚੌਧਰੀ ਨੂੰ ਕਲੌਲ ਕਰ ਰਹਿ ਹਨ। ਇਕ ਯੂਜ਼ਰਸ ਨੇ ਲਿਖਿਆ ਕਿ ਇਮਰਾਨ ਖਾਨ ਜਿਥੇ ਵੀ ਜਾਂਦੇ ਹਨ, ਗ੍ਰੇ ਲਿਸਟ ਨਾਲ ਲਿਆਉਂਦੇ ਹਨ। ਇਕ ਪੱਤਰਕਾਰ ਨਾਇਲਾ ਇਨਾਇਤ ਨੇ ਫਵਾਦ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ‘ਪਾਕਿਸਤਾਨ ਸਰਕਾਰ ਦੀ ਭੰਗ ਪਾਲਿਸੀ ਦਾ ਪਹਿਲਾ ਨਤੀਜਾ।’ ਇਸ ਵੀਡੀਓ ਤੋਂ ਇਲਾਵਾ ਉਨ੍ਹਾਂ ਨੇ ਮੁਸਾਫਰਾਂ ਨਾਲ ਨੱਕੋ-ਨੱਕ ਭਰੀ ਇਕ ਟ੍ਰੇਨ ਦੀ ਫੋਟੋ ਟਵੀਟ ਕਰਦੇ ਹੋਏ ਲਿਖਿਆ, ‘ਇਮਰਾਨ ਖਾਨ ਦੇ ਦਿੱਲੀ ਜਲਸੇ ਵਿਚ ਜਾਂਦੇ ਲੋਕ।’ ਕੁਝ ਯੂਜ਼ਰਸ ਨੇ ਲਿਖਿਆ ਕਿ ਇਮਰਾਨ ਖਾਨ ਵੀ ਇਸੇ ਟਰੇਨ ਵਿਚ ਸਵਾਰ ਹਨ। ਕੁਝ ਨੇ ਇਸ ਨੂੰ ਲਾਹੌਰ ਵਿਚ ਜਾਰੀ ਵਿਰੋਧ ਵਿਖਾਵਿਆਂ ਤੋਂ ਭੱਜਦੇ ਲੋਕਾਂ ਦੀ ਭੀੜ ਦੱਸਿਆ।
ਇਮਰਾਨ ਖਾਨ ਨੂੰ ਇਕ ਕ੍ਰਿਕਟਰ ਦੇ ਤੌਰ ’ਤੇ ਭਾਵੇਂ ਹੀ ਭਾਰਤ ਅਤੇ ਦੁਨੀਆ ਦੇ ਹੋਰ ਦੇਸ਼ ਪਸੰਦ ਕਰਦੇ ਹਨ ਪਰ ਸਿਆਸਤਦਾਨ ਅਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਪਾਕਿਸਤਾਨੀ ਫੌਜ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇਕ ਵੀਡੀਓ ਵਿਚ ਫਵਾਦ ਚੌਧਰੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਮਰਾਨ ਖਾਨ ਹਿੰਦੁਸਤਾਨ ਵਿਚ ਇੰਨੇ ਹਰਮਨ ਪਿਆਰੇ ਹਨ ਕਿ ਜੇ ਅੱਜ ਵੀ ਉਹ ਦਿੱਲੀ ਵਿਚ ਜਲਸਾ ਕਰਨ ਤਾਂ ਉਹ ਨਰਿੰਦਰ ਮੋਦੀ ਤੋਂ ਵੀ ਵੱਡਾ ਜਲਸਾ ਹੋਵੇਗਾ।

Comment here