ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਇਮਰਾਨ ਦਾ ਨਜ਼ਲਾ ਹਾਲੇ ਵੀ ਅਮਰੀਕਾ ਤੇ ਝੜ ਰਿਹੈ

ਇਸਲਾਮਾਬਾਦ-ਪਾਕਿਸਤਾਨ ਦੀ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਵੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਸਰਗਰਮੀ ਦਿਖਾ ਰਹੇ ਹਨ। ਉਹਨਾਂ ਬੀਤੇ ਦਿਨ ਕਿਹਾ ਕਿ ਉਹ ਦੇਸ਼ ਭਰ ਦੀਆਂ ਸੜਕਾਂ ਤੋਂ ਅਮਰੀਕਾ ਨੂੰ ਇਹ ਸੰਦੇਸ਼ ਦੇਣ ਲਈ ਇਸਲਾਮਾਬਾਦ ਤੋਂ ਮਾਰਚ ਕਰਨਗੇ ਕਿ ਪਾਕਿਸਤਾਨ ਇਕ ‘ਆਜ਼ਾਦ ਦੇਸ਼’ ਹੈ। ਸਮਾਚਾਰ ਪੱਤਰ ਡਾਨ ਨੇ ਇਹ ਰਿਪੋਰਟ ਦਿੱਤੀ ਹੈ। ਖਾਨ ਨੇ ਪੇਸ਼ਾਵਰ ਵਿਚ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਪਿੰਡ, ਗਲੀ ਅਤੇ ਮੁਹੱਲੇ ਦੇ ਲੋਕਾਂ ਨੂੰ ਇਕੱਠਾ ਕਰਨ ਅਤੇ ‘ਸੱਚੀ ਆਜ਼ਾਦੀ’ ਲਈ ਅੰਦੋਲਨ ਲਈ ਤਿਆਰ ਕਰਨ। ਉਨ੍ਹਾਂ ਕਿਹਾ ਕਿ ਅਸੀਂ ਸੜਕਾਂ ‘ਤੇ ਉਤਰਾਂਗੇ, ਇਸਲਾਮਾਬਾਦ ਤੱਕ ਮਾਰਚ ਕਰਾਂਗੇ ਅਤੇ ਅਮਰੀਕਾ ਨੂੰ ਸੰਦੇਸ਼ ਦੇਵਾਂਗੇ ਕਿ ਅਸੀਂ ਇਕ ਆਜ਼ਾਦ ਅਤੇ ਸਨਮਾਣਯੋਗ ਦੇਸ਼ ਹਾਂ, ਜੋ ਕਿ ਕਿਸੇ ਦੀ ਕਠਪੁਤਲੀ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਥਾਪਨਾ ਲਾ ਇਲਾਹਾ ਇੱਲ੍ਹਾ (ਅੱਲ੍ਹਾ ਤੋਂ ਇਲਾਵਾ ਕੋਈ ਭਗਵਾਨ ਨਹੀਂ ਹੈ) ਦੇ ਨਾਅਰੇ ‘ਤੇ ਇਹ ਕਹਿੰਦੇ ਹੋਏ ਕੀਤੀ ਗਈ ਸੀ ਕਿ ਮੁਸਲਮਾਨ ਕਿਸੇ ਤੋਂ ਨਹੀਂ ਸਗੋਂ ਅੱਲ੍ਹਾ ਤੋਂ ਡਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਵਿਚ ਸੱਤਾ ਤਬਦੀਲੀ ਅਮਰੀਕਾ ਦੀ ਰਣਨੀਤੀ ਹੈ। ਉਨ੍ਹਾਂ ਕਿਹਾ ਕਿ ਇਹ 1950 ਵਿਚ ਇਰਾਨ ਅਤੇ ਚਿਲੀ ਘਟਨਾਵਾਂ ਦੀ ਤਰ੍ਹਾਂ ਹੈ। ਉਨ੍ਹਾਂ ਕਿਹਾ, ‘ਪਹਿਲਾਂ ਮੀਡੀਆ ਆਊਟਲੈਟਸ ਨੂੰ ਪੈਸਾ ਦਿੱਤਾ ਅਤੇ ਉਨ੍ਹਾਂ ਨੂੰ ਸਰਕਾਰ ਖ਼ਿਲਾਫ਼ ਕੀਤਾ ਗਿਆ। ਫਿਰ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਸਿਆਸਤਦਾਨਾਂ ਨੂੰ ਖ਼ਰੀਦਿਆ ਅਤੇ ਬਾਅਦ ਵਿੱਚ ਵਿਰੋਧੀ ਧਿਰ ਨੂੰ ਪੈਸੇ ਦਿੱਤੇ।’ ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ 27 ਰਮਜ਼ਾਨ ਨੂੰ ਸ਼ਬ-ਏ-ਦੁਆ (ਪ੍ਰਾਰਥਨਾ ਲਈ ਇੱਕ ਸ਼ਾਮ) ਦਾ ਆਯੋਜਨ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ, ‘ਮੈਂ ਮੌਲਾਨਾ ਤਾਰਿਕ ਜਮੀਲ ਦੇ ਨਾਲ ਰਹਾਂਗਾ ਅਤੇ ਅਸੀਂ ਹਰ ਸ਼ਹਿਰ ਵਿੱਚ ਸਕ੍ਰੀਨਾਂ ਦਾ ਪ੍ਰਬੰਧ ਕਰਾਂਗੇ। ਅਸੀਂ ਸਾਰੇ ਦੇਸ਼ ਦੀ ਸੁਰੱਖਿਆ, ਪ੍ਰਭੂਸੱਤਾ ਅਤੇ ਆਜ਼ਾਦੀ ਲਈ ਅਰਦਾਸ ਕਰਾਂਗੇ।’ ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਚੁਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਇਕ ‘ਸਾਜ਼ਿਸ਼’ ਰਾਹੀਂ ਸੱਤਾ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਅਸੀਂ ਇਸ ਦਰਾਮਦ ਸਰਕਾਰ ਨੂੰ ਸਵੀਕਾਰ ਨਹੀਂ ਕਰਾਂਗੇ।’ ਸਾਬਕਾ ਪ੍ਰਧਾਨ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਸ਼ਾਹਬਾਜ਼ ਸਰਕਾਰ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ.ਆਈ.ਏ.), ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਅਤੇ ਫੈਡਰਲ ਬੋਰਡ ਆਫ਼ ਰੈਵੇਨਿਊ (ਐੱਫ.ਬੀ.ਆਰ.) ਵਰਗੀਆਂ ਦੇਸ਼ ਦੀਆਂ ਸੰਸਥਾਵਾਂ ਨੂੰ “ਕਮਜ਼ੋਰ” ਕਰ ਰਹੀ ਹੈ।

Comment here