ਲਾਹੌਰ-ਪਿਛਲੇ ਮਹੀਨੇ ਇਸਲਾਮਾਬਾਦ ਵਿਖੇ ਮਾਰਚ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਕੀਤੀ ਗਈ ਹੱਤਿਆ ਦੀ ਕੋਸ਼ਿਸ਼ ‘ਸੋਚੀ ਸਮਝੀ ਸਾਜ਼ਿਸ਼’ ਸੀ। ਇਹ ਦਾਅਵਾ ਮਾਮਲੇ ਦੀ ਜਾਂਚ ਕਰ ਰਹੀ ਸਾਂਝੀ ਜਾਂਚ ਟੀਮ (ਜੇਆਈਟੀ) ਨੇ ਕੀਤਾ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਖਾਨ ’ਤੇ 3 ਨਵੰਬਰ ਨੂੰ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਸੱਜੀ ਲੱਤ ’ਚ ਗੋਲੀ ਲੱਗੀ ਸੀ, ਜਦੋਂ ਉਸ ਸਮੇਂ ਦੋ ਬੰਦੂਕਧਾਰੀਆਂ ਨੇ ਖਾਨ ਅਤੇ ਹੋਰਾਂ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਲਾਹੌਰ ਤੋਂ ਕਰੀਬ 150 ਕਿਲੋਮੀਟਰ ਦੂਰ ਵਜ਼ੀਰਾਬਾਦ ਇਲਾਕੇ ’ਚ ਇਕ ਕੰਟੇਨਰ ਟਰੱਕ ’ਤੇ ਖੜ੍ਹੇ ਹੋਣ ’ਤੇ ਗੋਲੀਆਂ ਚਲਾਈਆਂ ਗਈਆਂ। ਉਹ ਮੱਧਕਾਲੀ ਚੋਣਾਂ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਦੀ ਅਗਵਾਈ ਕਰ ਰਿਹਾ ਸੀ।
ਲਾਹੌਰ ਦੇ ਪੁਲਸ ਮੁਖੀ ਗੁਲਾਮ ਮਹਿਮੂਦ ਡੋਗਰ ਦੀ ਅਗਵਾਈ ਵਾਲੀ ਜੇਆਈਟੀ ਜਾਂਚ ਦੇ ਨਤੀਜਿਆਂ ਨੂੰ ਮੀਡੀਆ ਨਾਲ ਸਾਂਝਾ ਕਰਦੇ ਹੋਏ ਪੰਜਾਬ ਦੇ ਗ੍ਰਹਿ ਮੰਤਰੀ ਉਮਰ ਸਰਫਰਾਜ਼ ਚੀਮਾ ਨੇ ਕਿਹਾ ਕਿ ਖਾਨ ’ਤੇ ਹਮਲਾ ਇੱਕ ਸੰਗਠਿਤ ਅਤੇ ਪੂਰਵ-ਯੋਜਨਾਬੱਧ ਸਾਜ਼ਿਸ਼ ਸੀ। ਉਨ੍ਹਾਂ ਕਿਹਾ ਕਿ ਜੇ.ਆਈ.ਟੀ. ਰੈਲੀ ਵਿੱਚ 70 ਸਾਲਾ ਖਾਨ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਤੋਂ ਵੱਧ ਹਮਲਾਵਰ ਸਨ। ਚੀਮਾ ਨੇ ਕਿਹਾ ਕਿ ਪੁਲਸ ਨੇ ਮੁੱਖ ਸ਼ੱਕੀ ਮੁਹੰਮਦ ਨਵੀਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਹ 3 ਜਨਵਰੀ ਤੱਕ ਪੁੱਛਗਿੱਛ ਲਈ ਜੇਆਈਟੀ ਦੀ ਹਿਰਾਸਤ ਵਿੱਚ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਨਵੀਦ ਸਿਖਿਅਤ ਸੀ ਅਤੇ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਮੌਜੂਦ ਸੀ। ਉਸ ਨੇ ਅੱਗੇ ਕਿਹਾ ਕਿ ਨਵੀਦ ਪੋਲੀਗ੍ਰਾਫ ਟੈਸਟ ’ਚ ਫੇਲ ਹੋ ਗਿਆ ਸੀ।
ਚੀਮਾ ਦੇ ਅਨੁਸਾਰ ਨਵੀਦ ਨੇ ਪੁਲਸ ਨੂੰ ਦੱਸਿਆ ਕਿ ਉਹ ਖਾਨ ਨੂੰ ਮਾਰਨਾ ਚਾਹੁੰਦਾ ਸੀ ਜਦੋਂ ਰੈਲੀ ਵਿੱਚ ਅਜ਼ਾਨ ਲਈ ਉੱਚੀ ਆਵਾਜ਼ ਵਿੱਚ ਸੰਗੀਤ ਵਜਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਨਵੀਦ ਦਾ ਚਚੇਰਾ ਭਰਾ ਮੁਹੰਮਦ ਵਕਾਸ ਵੀ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਸੰਦੇਸ਼ ਲਈ 3 ਜਨਵਰੀ ਤੱਕ ਜੇਆਈਟੀ ਦੀ ਹਿਰਾਸਤ ਵਿੱਚ ਹੈ। ਵਕਾਸ ਨੇ 3 ਨਵੰਬਰ ਨੂੰ ਟਵੀਟ ਕੀਤਾ ਸੀ ਕਿ ’’ਅੱਜ ਇਮਰਾਨ ਖਾਨ ਦੀ ਰੈਲੀ ’ਚ ਕੁਝ ਵੱਡਾ ਹੋਣ ਵਾਲਾ ਹੈ।’’ ਜ਼ਿਕਰਯੋਗ ਹੈ ਕਿ ਖਾਨ ਨੇ ਮੌਜੂਦਾ ਪ੍ਰਧਾਨ ਮੰਤਰੀ ਸਹਿਬਾਜ਼ ਸ਼ਰੀਫ ਗ੍ਰਹਿ ਮੰਤਰੀ ਰਾਣਾ ਸਣਾਉੱਲਾਹ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਮੇਜਰ ਜਨਰਲ ਫੈਸਲ ਨਸੀਰ ’ਤੇ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਪੰਜਾਬ ਪੁਲਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ ਪਰ ਖਾਨ ਦੇ ਦੋਸ਼ਾਂ ਦੇ ਬਾਵਜੂਦ ਕਿਸੇ ਦਾ ਨਾਮ ਨਹੀਂ ਲਿਆ।
Comment here