ਸਿਆਸਤਖਬਰਾਂਦੁਨੀਆ

ਇਮਰਾਨ ਖਾਨ ਨੂੰ ‘ਵੱਡਾ ਭਰਾ’ ਕਹਿਣ ’ਤੇ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ’ਤੇ

ਨਵੀਂ ਦਿੱਲੀ-ਬੀਤੇ ਦਿਨੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਮੈਂਬਰਾਂ ਸਮੇਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਸੀ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨਹੀਂ ਜਾ ਸਕੇ ਸਨ। ਹੁਣੇ ਜਿਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਗਏ। ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਪਹਿਲਾਂ ਉਨ੍ਹਾਂ ਨੇ ਉੱਥੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਵੱਡਾ ਭਰਾ’ ਆਖਿਆ ਹੈ। ਪਰ ਇਮਰਾਨ ਖਾਨ ਦੀ ਤਾਰੀਫ ’ਤੇ ਭਾਜਪਾ ਨੇ ਨਾਰਾਜ਼ਗੀ ਜਤਾਈ ਹੈ। ਦੱਸ ਦੇਈਏ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਿੱਧੂ ਲਗਾਤਾਰ ਇਮਰਾਨ ਖਾਨ ਦੀ ਤਾਰੀਫ ਕਰ ਰਹੇ ਹਨ। ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ। ਇਸ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਹਫ਼ਤੇ ਖੋਲ੍ਹਿਆ ਗਿਆ ਹੈ। ਕਰੋਨਾ ਕਾਰਨ ਮਾਰਚ 2020 ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਟਵਿੱਟਰ ’ਤੇ ਸਿੱਧੂ ’ਤੇ ਸ਼ਬਦੀ ਵਾਰ ਕਰਦਿਆਂ ਭਾਜਪਾ ਦੇ ਬੁਲਾਰੇ ਅਮਿਤ ਮਾਲਵੀਆ ਨੇ ਲਿਖਿਆ, ‘‘ਰਾਹੁਲ ਗਾਂਧੀ ਦੇ ਚਹੇਤੇ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ‘ਵੱਡਾ ਭਰਾ’ ਕਹਿੰਦੇ ਹਨ। ਆਖ਼ਰੀ ਵਾਰ ਜਦੋਂ ਉਨ੍ਹਾਂ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ ਤਾਂ ਉਨ੍ਹਾਂ ਦੀ ਖੂਬ ਤਾਰੀਫ਼ ਕੀਤੀ ਸੀ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਗਾਂਧੀ ਭਰਾਵਾਂ ਅਤੇ ਭੈਣਾਂ ਨੇ ਬਜ਼ੁਰਗ ਅਮਰਿੰਦਰ ਸਿੰਘ ਦੀ ਬਜਾਏ ਪਾਕਿਸਤਾਨ-ਪ੍ਰੇਮੀ ਸਿੱਧੂ ਨੂੰ ਚੁਣਿਆ।
ਸਿੱਧੂ ਨੇ ਬੀਤੇ ਵੀਰਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪਾਕਿਸਤਾਨ ਫੇਰੀ ਨੂੰ ਯਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਧਾਰਮਿਕ ਸਥਾਨ ਦੇ ਦਰਸ਼ਨ ਵੀ ਕੀਤੇ। ਸਿੱਧੂ ਨੇ ਵੀਡੀਓ ਵਿੱਚ ਆਪਣੀ ਪਾਕਿਸਤਾਨ ਫੇਰੀ ਦੌਰਾਨ ਕਈ ਥਾਵਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਇਸ ਵੀਡੀਓ ਦਾ ਨਾਂ ‘ਦਿ ਕਰਤਾਰਪੁਰ ਸਟੋਰੀ’ ਰੱਖਿਆ ਹੈ।
ਕੋਵਿਡ-19 ਕਾਰਨ 20 ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਤੋਂ ਬਾਅਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੋਵਾਂ ਦੇਸ਼ਾਂ ਵਿਚਾਲੇ ਸਿੱਖ ਤੀਰਥ ਯਾਤਰਾ ਲਈ ਰਾਹ ਖੋਲ੍ਹਣ ਲਈ ਸਿੱਧੂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। kartarpurcorridor.com ਵੈੱਬਸਾਈਟ ’ਤੇ ਸਿੱਧੂ ਨੇ ਕਿਹਾ ਕਿ ਲਾਂਘੇ ਦਾ ਵਿਚਾਰ ਇਮਰਾਨ ਖਾਨ ਨੇ ਸਿੱਧੂ ਨਾਲ ਸਾਂਝਾ ਕੀਤਾ ਸੀ।
ਭਾਰਤ ਲਈ ਇਮਰਾਨ ਖਾਨ ਆਈਐਸਆਈ ਦੀ ਕਠਪੁਤਲੀ—ਤਿਵਾੜੀ
ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ’ਤੇ ਭਾਜਪਾ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਅੰਦਰੋਂ ਵੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਇਮਰਾਨ ਖਾਨ ਨੂੰ ਆਪਣਾ ‘ਵੱਡਾ ਭਰਾ’ ਕਹਿਣ ’ਤੇ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਇਮਰਾਨ ਭਾਰਤ ਲਈ ਆਈ.ਐੱਸ.ਆਈ. ਅਤੇ ਪਾਕਿਸਤਾਨੀ ਫੌਜ ਦੇ ਗਠਜੋੜ ਦਾ ਮੋਹਰਾ ਹੈ, ਜੋ ਕਿ ਪੰਜਾਬ ਵਿੱਚ ਹਥਿਆਰ ਅਤੇ ਨਸ਼ੇ ਅਤੇ ਜੰਮੂ-ਕਸ਼ਮੀਰ ਨੂੰ ਅੱਤਵਾਦੀ ਭੇਜਦਾ ਹੈ। ਉਨ੍ਹਾਂ ਟਵੀਟ ਕੀਤਾ, ‘‘ਇਮਰਾਨ ਖਾਨ ਕਿਸੇ ਦਾ ਭਰਾ ਹੋ ਸਕਦਾ ਹੈ, ਪਰ ਭਾਰਤ ਲਈ ਉਹ ਪਾਕਿਸਤਾਨੀ ਪ੍ਰਣਾਲੀ ਦੇ ਅੰਦਰ ਆਈਐਸਆਈ-ਫੌਜ ਦੇ ਗਠਜੋੜ ਦਾ ਮੋਹਰਾ ਹੈ ਜੋ ਡਰੋਨ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਐਲਓਸੀ ਭੇਜਦਾ ਹੈ।”
ਕਾਬਲੇਗੌਰ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਿੱਧੂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ’ਚ ਇਕ ਪਾਕਿਸਤਾਨੀ ਅਧਿਕਾਰੀ ਇਮਰਾਨ ਖਾਨ ਦੀ ਤਰਫੋਂ ਉਨ੍ਹਾਂ ਦਾ ਸਵਾਗਤ ਕਰਦਾ ਨਜ਼ਰ ਆ ਰਿਹਾ ਹੈ ਅਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਖਾਨ ਉਨ੍ਹਾਂ ਦੇ ‘‘ਵੱਡੇ ਭਰਾ’’ ਹਨ। ਅਤੇ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ।
ਸਾਡੇ ਲਈ ਕੋਈ ਨਹੀਂ ਆਇਆ ਤੇ ਸਿੱਧੂ ਦਾ ਨਿੱਘਾ ਸਵਾਗਤ : ਗਰੇਵਾਲ
ਪੰਜਾਬ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਵਿਚ ਹੋਏ ਨਿੱਘੇ ਸਵਾਗਤ ਤੇ ਕਿਹਾ ਕਿ ਅਸੀਂ ਵੀ ਇਕ ਦਿਨ ਪਹਿਲਾਂ ਕਰਤਾਰਪੁਰ ਸਾਹਿਬ ਗਏ ਸੀ, ਸਾਡੇ ਲਈ ਕੋਈ ਉਥੇ ਨਹੀਂ ਆਇਆ। ਸਿੱਧੂ ਦਾ ਪਰੋਟੋਕੋਲ ਮੁਤਾਬਕ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪਾਕਿਸਤਾਨ ਨਾਲ ਰਿਸ਼ਤੇ ਸਾਫ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਸਮਝ ਆਉਂਦਾ ਹੈ ਕਿ ਇਨ੍ਹਾਂ ਦੇ ਦੁਹਰੇ ਚਿਹਰੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ ਤੇ ਕਾਨੂੰਨ ਵੀ ਵਾਪਸ ਲੈ ਲਏ ਹਨ, ਪ੍ਰਧਾਨ ਮੰਤਰੀ ਨੇ ਵੀ ਆਖ ਦਿੱਤਾ ਹੈ। ਹੁਣ ਕਾਂਗਰਸੀ 1984 ਦੀ ਨਸਲਕੁਸ਼ੀ ਤੇ ਅਕਾਲ ਤਖਤ ਨੂੰ ਢਹਿ ਢੇਰੀ ਕਰਨ ਲਈ ਮੁਆਫੀ ਮੰਗਣਗੇ?

Comment here