ਅਪਰਾਧਸਿਆਸਤਖਬਰਾਂ

ਇਮਰਾਨ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਕਰਨ ਵਾਲੇ ਵਕੀਲ ਦਾ ਕਤਲ

ਕਰਾਚੀ-ਇਥੋਂ ਦੀ ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲੋਚਿਸਤਾਨ ਸੂਬੇ ਵਿੱਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਅਦਾਲਤ ਜਾ ਰਹੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਾਇਰ ਕਰਾਉਣ ਵਾਲੇ ਪਾਕਿਸਤਾਨ ਦੇ ਸੀਨੀਅਰ ਵਕੀਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਪਰੀਮ ਕੋਰਟ ਦੇ ਵਕੀਲ ਅਬਦੁਲ ਰਜ਼ਾਕ ਸ਼ਾਰ ਦੀ ਮੰਗਲਵਾਰ ਨੂੰ ਕਵੇਟਾ ਦੇ ਏਅਰਪੋਰਟ ਰੋਡ ‘ਤੇ ਗੋਲੀਬਾਰੀ ‘ਚ ਮੌਤ ਹੋ ਗਈ। ਵਕੀਲ ਨੂੰ ਤੁਰੰਤ ਕਵੇਟਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਕਵੇਟਾ ਸਿਵਲ ਹਸਪਤਾਲ ਦੀ ਸਰਜਨ ਆਇਸ਼ਾ ਰਿਆਜ਼ ਨੇ ਮੀਡੀਆ ਨੂੰ ਦੱਸਿਆ ਕਿ ਮਾਰੂ ਹਮਲੇ ਵਿੱਚ ਸ਼ਾਰ ਨੂੰ 16 ਗੋਲੀਆਂ ਲੱਗੀਆਂ। ਸੀਨੀਅਰ ਪੁਲਸ ਅਧਿਕਾਰੀ ਗੁਲ ਮੁਹੰਮਦ ਨੇ ਦੱਸਿਆ ਕਿ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਛੇ ਅਣਪਛਾਤੇ ਵਿਅਕਤੀਆਂ ਨੇ ਸ਼ਾਰ ’ਤੇ ਉਸ ਵੇਲੇ ਹਮਲਾ ਕੀਤਾ, ਜਦੋਂ ਉਹ ਇੱਕ ਕੇਸ ਦੇ ਸਬੰਧ ਵਿੱਚ ਆਪਣੀ ਗੱਡੀ ਵਿੱਚ ਸੁਪਰੀਮ ਕੋਰਟ ਜਾ ਰਿਹਾ ਸੀ। ਸ਼ਾਰ ਦੀ ਛਾਤੀ, ਗਰਦਨ ਅਤੇ ਢਿੱਡ ਵਿੱਚ ਗੋਲੀਆਂ ਲੱਗੀਆਂ ਜੋ ਜਾਨਲੇਵਾ ਸਾਬਤ ਹੋਈਆਂ।
ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ (ਐਸਏਪੀਐਮ) ਅਤਾਉੱਲ੍ਹਾ ਤਰਾਰ ਨੇ ਕਤਲ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸ਼ਾਰ ਨੇ ਵਿਰੋਧੀ ਧਿਰ ਦੇ ਨੇਤਾ ਖਾਨ ਖ਼ਿਲਾਫ਼ ਬਲੋਚਿਸਤਾਨ ਹਾਈ ਕੋਰਟ (ਬੀਐਚਸੀ) ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਦੇਸ਼ਧ੍ਰੋਹ ਦੇ ਤਹਿਤ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਗਈ ਸੀ।ਤਰਾਰ ਨੇ ਦੋਸ਼ ਲਾਇਆ ਕਿ ਕਤਲ ਕੇਸ ਨਾਲ ਸਬੰਧਤ ਸੀ। ਕਵੇਟਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਬਿਦ ਕੱਕੜ ਨੇ ਸ਼ਾਰ ਦੀ ਮੌਤ ‘ਤੇ ਤਿੰਨ ਦਿਨ ਦੇ ਸੋਗ ਦੇ ਨਾਲ-ਨਾਲ ਬਲੋਚਿਸਤਾਨ ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ ਹੈ। ਕੱਕੜ ਨੇ ਕਿਹਾ ਕਿ ਸ਼ਾਰ ਨੇ ਹਾਲ ਹੀ ਵਿੱਚ ਬੀ.ਐਚ.ਸੀ. ਵਿੱਚ ਆਪਣੀ ਜਾਨ ਨੂੰ ਖਤਰੇ ਬਾਰੇ ਪਟੀਸ਼ਨ ਦਾਇਰ ਕੀਤੀ ਸੀ ਅਤੇ ਸਰਕਾਰ ਨੂੰ ਉਸ ਨੂੰ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਸੀ।

Comment here