ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਇਨ੍ਹਾਂ ਵੀਰਾਂਗਣਾਂ ਨੂੰ ਵੀ ਦੱਸੋ ਵੋਟ ਕੀਹਨੂੰ ਪਾਉਣ..

ਇਹ ਸਾਡੇ ਗੁਰਾਂ ਦੇ ਨਾਂ ’ਤੇ ਵਸਦੇ ਪੰਜਾਬ ਦੀ ਨਿਮਨ ਸਮਾਜਿਕਤਾ, ਅਰਥਹੀਣ ਆਰਥਿਕਤਾ ਤੇ ਅਭਾਗੇ ਸੱਭਿਆਚਾਰ ਦੀਆਂ ਮਾਲਕ ਨਿਕਰਮਣ ਕਿਰਤੀ ਵੀਰਾਂਗਣਾਂ ਹਨ। ਇਨ੍ਹਾਂ ਦੀ ਸੂਰਤੇਹਾਲ ਦੇਖਣ ਤੋਂ ਸਾਡੇ ਸਮਾਜ ਦਾ ਸ਼ੀਸ਼ਾ ਸਦਾ ਸਦਾ ਤੋਂ ਆਰੀ ਹੈ ਤੇ ਇਨ੍ਹਾਂ ਦੇ ਦੁੱਖ ਦਰਦ ਸੁਣਨ ਤੋਂ ਸਾਡੀ ਸੱਭਿਅਤਾ ਦੇ ਕੰਨ ਮੁੱਢ ਕਦੀਮ ਤੋਂ ਆਕੀ ਹਨ। ਸਾਡੀ ਰਾਜਨੀਤੀ ਕੋਲ਼ ਇਨ੍ਹਾਂ ਜੋਗੀ ਵਿਹਲ ਨਹੀਂ ਤੇ ਇਤਿਹਾਸ ਕੋਲ਼ ਏਨਾ ਦੰਮ ਨਹੀਂ ਕਿ ਇਨ੍ਹਾਂ ਵੱਲ੍ਹ ਦੇਖ ਸਕੇ। ਸਾਡਾ ਅਧਿਆਤਮ ਏਨਾ ਅਲਗ਼ਰਜ਼ ਹੈ ਕਿ ਇਨ੍ਹਾਂ ਦੀ ਤਕਦੀਰ ਦਾ ਕੋਈ ਲੇਖਾ-ਜੋਖਾ ਨਹੀਂ ਤੇ ਇਨ੍ਹਾਂ ਦਾ ਰੱਬ, ਜਿਵੇਂ ਹੁੰਦਾ ਹੀ ਨਹੀਂ।
ਬੇਸ਼ੱਕ ਇਨ੍ਹਾਂ ਦੇ ਹਾਲ ਦਾ ਕੋਈ ਮਹਿਰਮ ਨਹੀਂ ਹੈ ਤੇ ਨਾ ਹੀ ਕਿਸੇ ਦੀ ਅੱਖ ਨੂੰ ਕਦੇ ਇਹ ਭਾਉਂਦੀਆਂ ਹਨ। ਨੀਲਾ ਅਕਾਸ਼ ਗਵਾਹ ਹੈ ਕਿ ਇਹ ਖੇਤਾਂ ਦੀਆਂ ਨਹੀਂ, ਬਲਕਿ ਵੱਟ ਬੰਨਿਆਂ ਦੀਆਂ ਅਸਲ ਧੀਆਂ, ਪੰਜਾਬ ਦੀਆਂ ਅਸਲ ਰਾਣੀਆਂ, ਪਟਰਾਣੀਆਂ ਜਾਂ ਮਹਾਂਰਾਣੀਆਂ ਹਨ। ਇਨ੍ਹਾਂ ਦੇ ਸਿਰਾਂ ‘ਤੇ ਕਿਰਤ ਪਲ਼ਦੀ ਹੈ ਜਾਂ ਕਹਿ ਲਉ ਕਿਰਤ ਦਾ ਸਾਰਾ ਭਾਰ ਇਨ੍ਹਾਂ ਦੇ ਸਿਰ ‘ਤੇ ਟਿਕਦਾ ਹੈ, ਜਿਹਦੇ ਵਿੱਚ ਪੰਜਾਬ ਦੇ ਪੇਂਡੂ ਕਰਤੱਵ ਦਾ ਵਰਤਮਾਨ ਅਤੇ ਭਵਿੱਖ ਹੈ।
ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਪਿੰਡ ਦਾ ਸਰਪੰਚ ਕੌਣ ਹੈ, ਗੁਰਦੁਆਰਾ ਕਮੇਟੀ ਦਾ ਖ਼ਜ਼ਾਨਚੀ ਜਾਂ ਪ੍ਰਧਾਨ ਕੌਣ ਹੈ, ਪੰਜਾਬ ਵਿੱਚ ਬਾਦਲ ਤੇ ਉਸਦੇ ਮੁੰਡੇ ਦਾ ਰਾਜ ਹੈ, ਕੈਪਟਨ ਦਾ ਜਾਂ ਚੰਨੀ ਦਾ। ਇਨ੍ਹਾਂ ਨੂੰ ਏਨਾ ਵੀ ਨਹੀਂ ਪਤਾ ਕਿ ਦਿੱਲੀ ਦੀ ਹਕੂਮਤ ਅੱਜਕਲ ਕਿਹਦੇ ਕੋਲ਼ ਹੈ। ਇਨ੍ਹਾਂ ਦੇ ਫ਼ਰਿਸ਼ਤਿਆਂ ਨੂੰ ਵੀ ਨਹੀਂ ਪਤਾ ਹੋਣਾ ਕਿ ਅਮਰੀਕਾ ਦਾ ਰਾਸ਼ਟਰਪਤੀ ਉਬਾਮਾ ਹੈ, ਟਰੰਪ ਹੈ ਕਿ ਬਾਇਡਨ; ਇਹ ਟਰੂਡੋ ਨੂੰ ਵੀ ਨਹੀਂ ਜਾਣਦੀਆਂ ਤੇ ਨਾ ਹੀ ਇਨ੍ਹਾਂ ਨੂੰ ਕਿਸੇ ਵਿਲੀਅਮ ਸ਼ਿਲੀਅਮ ਦਾ ਪਤਾ ਹੈ। ਇਹ ਕੀ ਜਾਣਨ ਟਿਕੈਤ, ਉਗਰਾਹਾਂ, ਰਾਜੇਆਲ਼ ਤੇ ਚੜੂਨੀ ਕਿਸ ਇਲਵਿਲਾ ਦਾ ਨਾਂ ਹੈ।
ਇਨ੍ਹਾਂ ਨੂੰ ਇਲਮ ਨਹੀਂ ਕਿ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਵੀ, ਇਨ੍ਹਾਂ ਦੇ ਦੁੱਖ ਦਾ, ਕਦੀ ਕਿਸੇ ਨੇ ਕੋਈ ਪਰਚਾ ਨਹੀਂ ਪੜ੍ਹਿਆ ਤੇ ਨਾ ਕਦੀ ਚਰਚਾ ਹੋਇਆ ਹੈ। ਇਨ੍ਹਾਂ ਨੂੰ ਨਹੀਂ ਪਤਾ ਸਬਾਲ਼ਟਰਨ ਕੀ ਸ਼ੈ ਹੈ, ਜਿਹਦੇ ਨਾਂ ‘ਤੇ ਯੂਨੀਵਰਸਿਟੀਆਂ ਦੇ ਪ੍ਰਫੈਸਰ ਵਾਹ ਵਾਹ ਦੇ ਸ਼ਿਕਾਰ ਹੋ ਕੇ ਬਦਕਾਰੀ ਦੀ ਹੱਦ ਤੱਕ ਗਰਕ ਗਏ ਹਨ। ਇਹ ਕੀ ਜਾਣਨ ਕਿ ਪੰਜਾਬ ਵਿੱਚ ਕਿਰਤੀ ਦਾ ਅਰਥ ਹੁਣ ਜ਼ਿਮੀਦਾਰ ਹੋ ਗਿਆ ਹੈ ਤੇ ਜ਼ਿਮੀਦਾਰ ਦਾ ਕਿਰਤ ਨਾਲ਼ੋਂ ਕਦ ਦਾ ਤਲਾਕ ਹੋ ਚੁੱਕਾ ਹੈ।
ਇਹ ਨਹੀਂ ਜਾਣਦੀਆਂ ਕਿ ਅੰਨਾ ਹਜਾਰੇ ਕੌਣ ਹੈ, ਰਾਹੁਲ, ਸੋਨੀਆਂ ਜਾਂ ਵਾਡਰਾ ਕੌਣ ਹੈ, ਅਮਿਤ, ਮੋਦੀ, ਅਡਵਾਨੀ, ਬਾਜਪੇਈ, ਜੇਤਲੀ, ਰਵੀਸ਼ ਅਤੇ ਸੰਬਿਤ ਪਤਰਾ ਕਿ ਚਤਰਾ ਕੌਣ ਤੇ ਕਿੱਥੇ ਰਹਿੰਦੇ ਹਨ। ਇਹ ਨਹੀਂ ਜਾਣਦੀਆਂ ਕਿ ਇਨ੍ਹਾਂ ਵਿਚੋਂ ਕੌਣ ਮਰ ਗਿਆ ਤੇ ਕੌਣ ਨਹੀਂ। ਹੋਰ ਤਾਂ ਹੋਰ, ਇਹ ਤਾਂ ‘ਦਲੀਲ’ ਵਾਲ਼ੇ ਐੱਸ ਪੀ ਸਿੰਘ ਨੂੰ ਵੀ ਨਹੀਂ ਜਾਣਦੀਆਂ।
ਨਾ ਇਹ ਪਤੰਜਲੀ ਜਾਣਨ, ਨਾ ਯੋਗ ਤੇ ਨਾ ਰਾਮਦੇਵ। ਇਹ ਕੀ ਜਾਣਨ ਕਿ ਹੁਣ ਆਟਾ ਕਣਕ ਦਾ ਨਹੀਂ, ਸ਼ਕਤੀਭੋਗ ਜਾਂ ਅਸ਼ੀਰਵਾਦ ਦਾ ਹੁੰਦਾ ਹੈ। ਇਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਸਿਰ ‘ਤੇ ਚੁੱਕੀ ਘਾਹ ਦੀ ਪੰਡ ਤੇ ਘਰੇ ਖੁਰਲੀ ‘ਤੇ ਖੜ੍ਹੀ ਲਵੇਰੀ ਦਾ ਚੰਡੀਗੜ੍ਹ ਤੇ ਦਿੱਲੀ ਨਾਲ ਕੀ ਰਿਸ਼ਤਾ ਹੈ। ਨਹੀਂ ਪਤਾ ਇਨ੍ਹਾਂ ਨੂੰ ਕਿ ਘਰ ਦਾ ਚੁਆਵਾਂ ਦੁੱਧ, ਇਨ੍ਹਾਂ ਦੇ ਬੱਚਿਆ ਦੇ ਜਾਗਣ ਤੋਂ ਪਹਿਲਾਂ ਹੀ ਕਿਤੇ ਦੀ ਕਿਤੇ ਕਿਉਂ ਅਤੇ ਕਿਵੇਂ ਅੱਪੜ ਜਾਂਦਾ ਹੈ ਤੇ ਪੈਕਟਾਂ ‘ਚ ਬੰਦ ਹੋ ਕੇ ਇਨ੍ਹਾਂ ਦੇ ਘਰ ਵਾਪਸ ਕਿਉਂ ਨਹੀਂ ਆਉਂਦਾ।
ਕਿੱਥੇ ਪਤਾ ਹੋਣਾ ਵਿਚਾਰੀਆਂ ਨੂੰ ਕਿ ਦਿਨ ਬਦਿਨ, ਕਿੰਨੇ ਕਾਂ ਤੇ ਕਿੰਨੀਆਂ ਗਿਰਝਾਂ ਇਕੱਠੀਆਂ ਹੋ ਰਹੀਆਂ ਹਨ, ਚੁਕਣ ਲਈ, ਇਨ੍ਹਾਂ ਦੇ ਛਿੰਦਿਆਂ ਦੇ ਛੰਨਿਆਂ ‘ਚ ਸੁੱਟੀ ਹੋਈ ਆਰੱਕਸ਼ਣ ਦੀ ਕਸੈਲ਼ੀ ਬੁਰਕੀ। ਇਨ੍ਹਾਂ ਨੂੰ ਤਾਂ ਆਪਣੀ ਕਿਸਮਤ ਦੇ ਚੋਰਾਂ, ਠੱਗਾਂ ਤੇ ਡਾਕੂਆਂ ਦਾ ਵੀ ਨਹੀਂ ਪਤਾ ਹੋਣਾ ਕਿ ਉਹ ਕਿਤੇ ਚੰਬਲ਼ ਦੀ ਘਾਟੀ ਵਿੱਚ ਨਹੀਂ, ਬਲਕਿ ਇਨ੍ਹਾਂ ਦੇ ਹੀ ਪਿੰਡ ਦੇ ਚੜ੍ਹਦੇ ਪਾਸੇ ਰਹਿੰਦੇ ਹਨ, ਜਿਨ੍ਹਾਂ ਦੇ ਮੱਥੇ ਲੱਗਣਾ ਵੀ ਬਦਸ਼ਗਨੀ ਸਮਝਿਆ ਜਾਂਦਾ ਹੈ।
ਇਨ੍ਹਾਂ ਦਾ ਅਖ਼ਬਾਰੀ ਸੁਰਖ਼ੀਆਂ ਨਾਲ ਕੋਈ ਲੈਣ ਦੇਣ ਨਹੀਂ ਹੈ ਕਿ ਪੈਟ੍ਰੋਲ ਦੀ ਕੀਮਤ ਕਿਆ ਹੈ, ਡਾਲਰ ਕਿੰਨਾ ਚੜ੍ਹ ਗਿਆ ਤੇ ਰੁਪਈਆ ਕਿਤਨਾ ਡਿਗ ਪਿਆ ਹੈ, ਜੀ ਐੱਸ ਟੀ ਕਿੰਨੀ ਹੈ, ਸੋਨੇ ਚਾਂਦੀ ਦਾ ਕੀ ਭਾ ਹੈ, ਕਿਥੇ ਕਦੋਂ ਚੋਣਾਂ ਹੋਈਆਂ, ਕਿਥੇ ਕਦੋਂ ਕੌਣ ਜਿੱਤਿਆ ਜਾਂ ਹਾਰਿਆ ਹੈ, ਵਰਲਡ ਕੱਪ, ਵਿੰਬਲਡਨ ਜਾਂ ਓਲੰਪਿਕ ਕਿਥੇ ਹੋਈ ਸੀ ਤੇ ਕਿੱਥੇ ਹੋਣੀ ਹੈ।
ਇਨ੍ਹਾਂ ਨੂੰ ਨਹੀਂ ਪਤਾ ਕਿ ਅੱਜਕਲ ਵਿਸ਼ਵ ਸੁੰਦਰੀ ਕੌਣ ਹੈ, ਨੰਬਰ ਵੰਨ ਐਕਟ੍ਰੈੱਸ ਕੌਣ ਹੈ ਤੇ ਕਿਹਦਾ ਕਿਹਦੇ ਨਾਲ ਕਦੋਂ ਦਾ ਚੱਕਰ ਚੱਲ ਰਿਹਾ ਹੈ। ਇਹ ਤਾਂ ਇਹ ਵੀ ਨਹੀਂ ਜਾਣਦੀਆਂ ਕਿ ਇੰਡੀਅਨ ਆਈਡਲ, ਵੌਇਸ ਔਂਫ ਇੰਡੀਆਂ, ਸਾਰੇ ਗਾ ਮਾਂ ਪਾ ਦਾ ਵਿਜੇਤਾ ਕੌਣ ਹੈ। ਇਹ ਨਹੀਂ ਜਾਣਦੀਆਂ ਕਿ “ਭਾਬੀ ਜੀ ਘਰ ਪੇ ਹੈਂ” ਕਿ ਨਹੀਂ, “ਸਹੀ ਪਕੜੇ ਹੈਂ” ਕਿ ਗਲਤ। ਸ਼ੈਂਪੂ, ਬਾਥ, ਸਪਾ, ਸਕਿੰਨਕੇਅਰ, ਮੈਨੀਕੇਅਰ ਤੇ ਪੈਡੀਕੇਅਰ ਕਿਸ ਸ਼ੈਅ ਦਾ ਨਾਂ ਹੈ, ਸ਼ਾਇਦ ਇਨ੍ਹਾਂ ਨੂੰ ਸੱਤ ਜਨਮ ਪਤਾ ਨਾ ਲੱਗੇ।
ਇਨ੍ਹਾਂ ਪੱਠੇਹਾਰਾਂ ਨੇ ਕਿੱਥੇ ਪੜ੍ਹੀ ਹੋਣੀ ਹੈ “ਵੀਰਾ ਜਿਉਂਨਾ ਰਹੇਂ” ਕਹਿਣ ਵਾਲੀ, ਪ੍ਰੋ ਮੋਹਣ ਸਿੰਘ ਦੀ “ਕੁੜੀ ਪੋਠੋਹਾਰ ਦੀ”। ਇਨ੍ਹਾਂ ਨੂੰ ਸਿਰਫ ਇਹੀ ਪਤਾ ਹੈ ਕਿ ਇਨ੍ਹਾਂ ਦੇ ਸਿਰ ਦਾ ਭਾਰ ਅਤੇ ਦਰਦ ਕਦੀ ਘੱਟ ਨਹੀਂ ਹੋਵੇਗਾ ਤੇ ਨਾਂ ਇਸ ਭਾਰ ਦੀਆਂ ਕੀਮਤਾਂ ਕਦੀ ਵਧਣਗੀਆਂ ਜਾਂ ਘਟਣਗੀਆਂ ਤੇ ਇਨ੍ਹਾਂ ਦੀ ਮੁਸਕਾਨ ਵਿੱਚ ਛਿਪੀ ਹੋਈ ਥਕਾਣ ਕਦੀ ਘੱਟ ਨਹੀਂ ਹੋਵੇਗੀ ਤੇ ਨਾ ਕਦੀ ਕਿਸੇ ਨੂੰ ਨਜ਼ਰ ਆਵੇਗੀ। ਇਹ ਧਰਤੀ ਹੇਠਲੇ ਬੌਲ਼ਦ ਨਹੀਂ ਹਨ। ਇਹ ਤਾਂ ਧਰਤੀ ‘ਤੇ ਰੇਂਗਦੀਆਂ ਉਹ ਕੂੰਜਾਂ ਹਨ, ਜੋ ਆਪਣੇ ਨਿਕੜੇ ਅਤੇ ਵਿਲਕਦੇ ਲਾਡਲਿਆਂ ਦੇ ਅਹਾਰ ਲਈ ਆਹਰ ਕਰਨ, ਹਰ ਰੋਜ ਕਈ ਕਈ ਮੀਲ ਪੈਂਡਾ ਤੈਅ ਕਰਦੀਆਂ ਹਨ।
ਸਿਹਤ ਠੀਕ ਅਤੇ ਦੇਹ ਸਡੌਲ ਰੱਖਣ ਲਈ ਮਹਿੰਗੇ ਜਿਮਖਾਨਿਆਂ ‘ਚ ਲੁੱਟ ਹੁੰਦੀਆਂ ਲੋਥਾਂ ਦੇ ਸਾਹਮਣੇ, ਇਹ, ਪੰਜਾਬ ਦੇ ਪਿੰਡਾਂ ਦੇ ਖੇਤਾਂ, ਬੰਨਿਆਂ, ਡੰਡੀਆਂ, ਫਿਰਨੀਆਂ ਤੇ ਸੜਕਾਂ ‘ਤੇ ਕਿਰਤ ਅਤੇ ਮੁਸ਼ੱਕਤ ਕਰਦੀਆਂ ਉਹ ਦੇਵੀਆਂ ਹਨ, ਜਿਨ੍ਹਾਂ ਨੂੰ ਪ੍ਰੋ. ਪੂਰਨ ਸਿੰਘ ਨੇ “ਸਪਿਰਟ ਬੌਰਨ ਪੀਪਲ” ਵਿੱਚ “ਟੈਂਪਲ ਔਫ ਫਲੈੱਸ਼” ਲਿਖਿਆ ਹੈ।
ਇਨ੍ਹਾਂ ਦੇ ਜ਼ਿਹਨ ਮੁਕਤ ਹਨ ਫੇਸਬੁੱਕ, ਵੱਟਸਅੱਪ, ਜੀਓ ਜਾਂ ਫੋਰ ਜੀ ਦੀ ਬਿਮਾਰੀ ਤੋਂ। ਇਹ ਹਾਲੇ ਵੀ ਬਨੇਰੇ ’ਤੇ ਬੋਲਦੇ ਕਾਂ ਤੋਂ ਆਪਣੇ ਭੈਣ ਭਾਈ ਦੀ ਸੁੱਖ ਸਾਂਦ ਪੁੱਛ ਲੈਂਦੀਆਂ ਹਨ। ਇਨ੍ਹਾਂ ਲਈ ਅਲਾਂਟੇ ਦਾ ਅਰਥ ਕਿਸੇ ਦੀਪ, ਸੋਹਣ ਜਾਂ ਸਾਰੋ ਦੀ ਹੱਟੀ ਹੈ ਤੇ ਇਨ੍ਹਾਂ ਲਈ ਮਹਿੰਗਾਈ ਦਾ ਸੂਚਕ ਅੰਕ ਸਿਰਫ ਲੂਣ, ਤੇਲ ਅਤੇ ਜੱਗ ਜਾਂ ਫੁੱਲ ਮਾਰਕਾ ਨਿਰੋਲ ਸਾਬਣ ਦੀ ਟਿੱਕੀ ਨਾਲ਼ ਜੁੜਿਆ ਹੋਇਆ ਹੈ।
ਇਹ ਸਾਡੀ ਸੱਭਿਆਚਾਰਿਕ ਲਗਾਤਾਰਤਾ ਦੀ ਮੂੰਹ ਬੋਲਦੀ ਤਸਵੀਰ, ਉਹ ਦ੍ਰਿਸ਼ ਜਾਂ ਚੱਲਚਿੱਤਰ ਹੈ, ਜਿਹਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਕੋਈ ਵਕਫ਼ਾ, ਅੰਤ੍ਰਾਲ ਜਾਂ ਬਰੇਕ ਨਹੀੰ ਆਉਂਦੀ। ਇਨ੍ਹਾਂ ਨੂੰ ਰਾਤ ਨੂੰ, ਸੁਪਨੇ ਵੀ ਸਿਰ ‘ਤੇ ਚੁੱਕੀ ਪੰਡ ਸਮੇਤ ਹੀ ਆਉਂਦੇ ਹਨ। ਇਨ੍ਹਾਂ ਨੇ ਫੋਟੋ ਖਿਚਵਾਉਣ ਸਮੇਂ ਵੀ, ਸਿਰੋਂ ਪੰਡ ਉਤਾਰਨੀ ਜ਼ਰੂਰੀ ਨਹੀਂ ਸਮਝੀ। ਨੰਗੇ ਪੈਰ, ਜਾਂ ਪੈਰਾਂ ਦੀਆਂ ਚਪਲਾਂ ਇਨ੍ਹਾਂ ਦੇ ਯੁੱਗਾਂ ਦਾ ਇਤਿਹਾਸ ਲਿਖਦੀਆਂ ਹਨ। ਇਨ੍ਹਾਂ ਦੇ ਸਿੱਧੇ ਅਤੇ ਸਾਦੇ ਸੂਟ ਅਤੇ ਮੈਲ਼ੇ ਕਚੈਲ਼ੇ ਦੁਪੱਟੇ ਸਿੰਧੂ ਘਾਟੀ ਦੀ ਸੱਭਿਅਤਾ ਦੇ ਫ਼ੈਸ਼ਨ ਦੀ ਦੱਸ ਪਾਉਂਦੇ ਹਨ। ਇਨ੍ਹਾਂ ਲਈ ਫ਼ੈਸ਼ਨ ਵੀ ਰੱਬ ਜਿਹਾ ਸੱਚ ਹੈ, ਜੋ ਕਦੇ ਨਹੀਂ ਬਦਲਦਾ।
ਰਾਜਨੀਤਕ ਦਲ, ਸਰਕਾਰੀ ਹਜੂਮ ਅਤੇ ਗੈਰਸਰਕਾਰੀ ਭੀੜ ਵਿੱਚ ਗੱਜਦੇ, ਵੱਜਦੇ ਅਤੇ ਸੱਜਦੇ, ਜੈ ਹਿੰਦ, ਜੈ ਭਾਰਤ, ਜੈ ਭੀਮ, ਬੋਲੇ ਸੋ ਨਿਰਭੈ ਜਾਂ ਨਿਹਾਲ ਜਹੇ, ਦੰਮ ਤੋੜ ਚੁੱਕੇ ਨਾਹਰੇ, ਇਨ੍ਹਾਂ ਦੀ ਕਿਸਮਤ ਦੇ ਦੁਆਰ ਖੁੱਲਣ ਅਤੇ ਕੰਨਾਂ ਦੀ ਸੁਣਨ ਸ਼ਕਤੀ ਤੋਂ ਉਰੇ ਉਰੇ ਹੀ, ਆਪਣਾ ਮਾਣ ਅਤੇ ਤਾਣ ਗੁਆ ਲੈਂਦੇ ਹਨ।
ਜਿਹਨੂੰ ਅਸੀਂ ਹਿੰਦੁਸਤਾਨ ਜਾਂ ਭਾਰਤ ਕਹਿੰਦੇ ਹਾਂ ਉਹਦਾ ਅਸਲ ਮਾਣ ਵੀ ਇਹ ਹਨ ਅਤੇ ਤਾਣ ਵੀ ਇਹੀ ਹਨ। ਹਿੰਦੁਸਤਾਨ ਦਾ ਅਸਲ ਇਤਿਹਾਸ ਇਨ੍ਹਾਂ ਤੋਂ ਅਰੰਭ ਹੋ ਕੇ ਇਨ੍ਹਾਂ ’ਤੇ ਹੀ ਸਮਾਪਤ ਹੁੰਦਾ ਹੈ। ਤੁਸੀਂ ਪੁੱਛੋਗੇ ਕਿਵੇਂ। ਕਿਉਂਕਿ ਅੱਜਕਲ ਭਰਤੀ ਹੋਣ ਲਈ ਨਾ ਕਿਸਾਨ ਦਾ ਬੱਚਾ ਜਾਂਦਾ ਹੈ, ਨਾ ਵਿਦਵਾਨ ਦਾ, ਨਾ ਕਿਸੇ ਨੇਤਾ ਦਾ ਅਤੇ ਨਾ ਅਭਿਨੇਤਾ ਦਾ। ਇਸੇ ਲਈ, ਹਿੰਦੁਸਤਾਨ ਦੀ ਸਮਾਜਿਕਤਾ ਦਾ ਅਸਲ ਗੌਰਵ ਅਤੇ ਮਾਣ ਇਨ੍ਹਾਂ ਦੇ ਸਿਰ ‘ਤੇ ਚੁੱਕੀਆਂ ਭਾਰੀਆਂ ਪੰਡਾਂ ਤੋਂ ਅਰੰਭ ਹੋ ਕੇ, ਸਾਡੇ ਰਾਜਸੀ ਮੁਗ਼ਾਲਤੇ ਲਈ, ਸਿਰਹੱਦਾਂ ‘ਤੇ ਨਿੱਤ ਮਰਨ ਵਾਲ਼ੇ, ਇਨ੍ਹਾਂ ਦੇ ਲਾਡਲਿਆਂ ‘ਤੇ ਮੁੱਕ ਜਾਂਦਾ ਹੈ।
ਜਿੱਥੇ ਇਹ ਵਿਆਹੀਆਂ ਹਨ, ਉਹ ਇਨ੍ਹਾਂ ਦਾ ਹਿੰਦੁਸਤਾਨ ਹੈ ਤੇ ਇਨ੍ਹਾਂ ਦਾ ਪੇਕਾ ਇਨ੍ਹਾਂ ਲਈ ਕੈਲੇਫੋਰਨੀਆਂ, ਟੋਰੰਟੋ, ਸਰੀ, ਨਿਊਜੀਲੈਂਡ ਜਾਂ ਦੁਬਈ ਹੈ, ਜਿਥੇ ਇਹ ਕਦੀ ਕਦਾਈਂ ਜਾਂਦੀਆਂ ਹਨ ਤੇ ਜਿਥੇ ਇਨ੍ਹਾਂ ਦੇ ਮਾਪੇ ਨਹੀਂ, ਬਲਕਿ ਚਿਰੋਕਣੇ ਪਏ ਕੰਮ ਉਡੀਕ ਰਹੇ ਹੁੰਦੇ ਹਨ ਕਿ “ਕੁੜੀ ਆਈ ਤਾਂ ਕਰੂਗੀ”। ਸੱਠ ਸੱਠ ਸਾਲ ਪੁਰਾਣੇ ਸਾਈਕਲ ਦਾ ਕੈਰੀਅਰ, ਇਨ੍ਹਾਂ ਲਈ ਏਅਰਵੇਜ ਹੈ, ਜਿਹਦਾ ਝੂਟਾ ਇਨ੍ਹਾਂ ਲਈ ਸਵਰਗ ਦੇ ਝੂਟੇ ਤੋਂ ਘੱਟ ਨਹੀਂ ਹੁੰਦਾ, ਜਿਹਦਾ ਪਾਇਲਟ, ਇਨ੍ਹਾਂ ਨੂੰ ਸਦਾ ਘੂਰਦਾ ਤੇ ਝੂਰਦਾ, ਕੋਈ ਹੋਰ ਨਹੀਂ, ਇਨ੍ਹਾਂ ਦਾ ਉਦਾਸ ਪਤੀ ਹੁੰਦਾ ਹੈ।
ਕਿਸੇ ਸੰਤ ਮਹਾਤਮਾਂ ਦੀ ਕਥਾ, ਵਿਦਵਾਨ ਦੀ ਵਿਦਵਤਾ ਇਨ੍ਹਾਂ ਦੇ ਦੁੱਖ ਤੋਂ ਹਮੇਸ਼ਾ ਅਭਿੱਝ ਰਹਿੰਦੀ ਹੈ। ਛੱਬੀ ਜਨਵਰੀ ਤੇ ਪੰਦਰਾਂ ਅਗਸਤ ਨੂੰ, ਲਾਲ ਕਿਲੇ ਦੀ ਫ਼ਸੀਲ ’ਤੇ, ਲਿਖਿਆ, ਪੜ੍ਹਿਆ ਜਾਂ ਬੋਲਿਆ ਜਾਂਦਾ “ਚੁਟਕਲਾ” ਇਨ੍ਹਾਂ ਦੇ ਮੁੱਖੜੇ ਦੀ ਮੁਸਕਾਨ ਵਿੱਚ ਰੱਤੀ ਭਰ ਵੀ ਵਾਧਾ ਨਹੀਂ ਕਰਦਾ।
ਕਿਸੇ ਧਰਮ ਸੰਗਠਨ ਦੀ ਠੰਢੀ ਹਵਾ ਇਨਾਂ ਤੱਕ ਨਹੀਂ ਪੁੱਜਦੀ, ਕਿਸੇ ਸਿਆਸਤ ਦਾ ਕੋਈ ਮੈਨੀਫੈਸਟੋ ਇਨ੍ਹਾਂ ਦਾ ਕੱਖ ਨਹੀਂ ਸੁਆਰ ਸਕਿਆ, ਕੋਈ ਸਰਕਾਰ ਅਤੇ ਕੋਈ ਐੱਨ ਜੀ ਓ ਇਨ੍ਹਾਂ ਦੇ ਦੁੱਖ ਦਾ ਦਾਰੂ ਲੱਭਣ ਦੀ ਕਦੀ ਕੋਸ਼ਿਸ਼ ਨਹੀਂ ਕਰਦੀ।
ਕਿਸੇ ਦੇ ਵੀ ਝੁੱਲਦੇ ਝੰਡੇ ਇਨ੍ਹਾਂ ਨੂੰ ਕਦੀ ਅਕੱਰਸ਼ਤ ਨਹੀਂ ਕਰਦੇ। ਇਨ੍ਹਾਂ ਨੇ ਸ਼ਾਇਦ ਹੀ ਕਦੀ ਤਿਰੰਗੇ ਦੇ ਦਰਸ਼ਣ ਕੀਤੇ ਹੋਣ। ਇਨ੍ਹਾਂ ਦਾ ਵਾਹ, ਸਿਰਫ ਇੱਕ ਰੰਗ ਨਾਲ਼ ਹੀ ਪੈਂਦਾ ਹੈ; ਉਹ ਹੈ ਹਰਾ ਰੰਗ। ਲੇਕਿਨ ਉਹ ਹਰਾ ਰੰਗ ਕਿਸੇ ਦੁਪੱਟੇ, ਸੂਟ, ਸਬਜ਼ੀ ਜਾਂ ਫਰੂਟ ਦਾ ਨਹੀਂ, ਬਲਕਿ ਪਿੰਡ ਦੀਆਂ ਵੱਟਾਂ ਬੰਨਿਆਂ ‘ਤੇ ਉੱਗੇ ਘਾਹ ਦਾ ਰੰਗ ਹੈ। ਇਨ੍ਹਾਂ ਦੀ ਮੁਸਕਾਨ, ਲਵੇਰੇ ਜੋਗੀ, ਉਸੇ ਹਰੀ ਹਰੀ ਘਾਹ ਦੀ ਮੁਥਾਜ ਹੈ, ਜਿਸ ਨਾਲ ਇਨ੍ਹਾਂ ਵੀਰਾਂਗਣਾਂ ਨੂੰ ਘਰ ਵਿੱਚ ਨਸੀਬ ਹੁੰਦੀ ਹੈ, ਮਾੜੀ ਮੋਟੀ ਇੱਜ਼ਤ।
ਇੱਜ਼ਤ ਤੋਂ ਯਾਦ ਆਇਆ, ਇਨ੍ਹਾਂ ਅਭਾਗਣਾਂ ਦੀ ਜ਼ਿੰਦਗੀ ਵਿੱਚ ਕਦੀ ਕਦੀ, ਜਪਾਨੀ ਹਾਰਾਕੀਰੀ ਵਰਗੇ, ਮਹਾਂ ਦੁੱਖਦਾਇਕ, ਉਹ ਪਲ ਵੀ ਆ ਜਾਂਦੇ ਹਨ, ਜਦ ਇਨ੍ਹਾਂ ਲਈ ਆਪਣੀ ਇੱਜ਼ਤ ਆਬਰੂ ਦੇ ਅਰਥ ਅਤੇ ਕੀਮਤ, ਪੱਠਿਆਂ ਦੀ ਇਕ ਪੰਡ ਤੱਕ ਸਿਮਟ ਕੇ ਰਹਿ ਜਾਂਦੀ ਹੈ। ਪਾਪੀ ਪੇਟ ਦਾ ਸਵਾਲ ਹੀ ਕੁਝ ਐਸਾ ਹੈ।
ਇਨ੍ਹਾਂ ਦੇ ਬੱਚਿਆਂ ਦਾ, ਹਮੇਸ਼ਾ ਪੁੱਛਿਆ ਜਾਂਦਾ, ਸਿਰਫ ਇਕ ਹੀ ਸਵਾਲ ਹੁੰਦਾ ਹੈ ਕਿ “ਅੱਜ ਕੀ ਬਣਿਆਂ”। ਮੈਂ ਇਕ ਅਜਿਹੇ ਅਭਾਗੇ ਨੂੰ ਜਾਣਦਾ ਹਾਂ, ਜੋ ਆਪਣੀ ਮਾਂ ਨੂੰ ਇੱਕ ਵਾਰ, ਇਸਤੋਂ ਅਗਲਾ ਸਵਾਲ ਪੁੱਛ ਬੈਠਾ ਕਿ ਰੋਟੀ ਕਾਹਦੇ ਨਾਲ਼ ਖਾਣੀ ਹੈ ਤਾਂ ਮਾਂ ਨੇ ਅੱਤ ਦੀ ਲਾਚਾਰੀ, ਹਾਸੇ ਅਤੇ ਗ਼ੁੱਸੇ ਵਿੱਚ ਆਖ ਦਿੱਤਾ ਸੀ ਕਿ “ਮੂੰਹ ਨਾਲ਼”। ਮੈਂ ਇੱਕ ਹੋਰ ਅਜਿਹੇ ਚੰਦਰੇ ਦਾ ਵੀ ਵਾਕਿਫ ਹਾਂ, ਜਿਹਦੀ ਮਾਂ, ਜਦ ਕਿਤੇ ਉਹਨੂੰ, ਕਿਸੇ ਨਿੱਕੇ ਮੋਟੇ ਕੰਮ ਲਈ ਅਵਾਜ਼ ਮਾਰਦੀ ਸੀ, ਤਾਂ ਉਹ ਅੱਗਿਓਂ “ਖਾਨਾ” ਕਹਿ ਕੇ ਆਪਣੀ ਮਾਂ ਦਾ ਮੂੰਹ ਚਿੜਾਉਂਦਾ ਸੀ; ਜਿਹਨੂੰ ਸੁਣਕੇ, ਸਬਰ ਸੰਤੋਖ ਦੀ ਮੂਰਤ, ਅਭਾਗੀ ਮਾਂ, ਉਹ ਨਿੱਕਾ ਮੋਟਾ ਕੰਮ ਆਪ ਹੀ ਕਰ ਲੈਂਦੀ ਸੀ।
ਇਹ ਦੁਖਾਂਤ ਮੇਰੇ ਘਰ ਦਾ, ਮੇਰੇ ਪਿੰਡ ਦਾ ਤੇ ਮੇਰੇ ਪੰਜਾਬ ਦਾ ਹੈ। ਇਹੀ ਦੁਖਾਂਤ ਸਾਡੀ ਕਮਜ਼ੋਰੀ ਅਤੇ ਅਸਲ ਤਾਕਤ ਹੈ। ਤਾਕਤ ਤੋਂ ਯਾਦ ਆਇਆ, ਦੇਖੋ, ਅਸੀਂ ਕਿਤਨੇ ਤਕੜੇ ਹਾਂ। ਕੌਣ ਮੁਕਾਬਲਾ ਕਰ ਸਕਦਾ ਹੈ ਸਾਡਾ! ਇਤਨੀ ਕਮਜ਼ੋਰੀ, ਲਾਚਾਰੀ ਅਤੇ ਗ਼ੁਰਬਤ ਦੇ ਕੰਪੀਟੀਸ਼ਨ ਵਿੱਚ, ਸ਼ਾਇਦ ਆਉਣ ਵਾਲ਼ੇ ਸਾਲਾਂ ਵਿੱਚ ਸਾਨੂੰ ਕੰਗਾਲੀ ਦੇ ਬਾਪ ਐਲਾਨ ਦਿੱਤਾ ਜਾਵੇ।
ਚਲੋ ਛੱਡੋ, ਆਉ ਇਨ੍ਹਾਂ ਧੁੰਦਲ਼ੇ ਚਿਹਰਿਆਂ ਵਿਚੋਂ, ਆਪਣੀਆਂ ਬੇਪਛਾਣ ਮਾਂਵਾਂ, ਭੈਣਾਂ, ਚਾਚੀਆਂ, ਤਾਈਆਂ, ਭੂਆ, ਮਾਸੀਆਂ ਦੇ ਦੀਦਾਰ ਕਰੀਏ, ਇਨ੍ਹਾਂ ਦੇ ਪੈਰ ਛੂਹੀਏ ਤੇ ਬਹੁਤ ਸਾਰਾ ਸਤਿਕਾਰ ਦੇਈਏ। ਆਦਿ ਜੁਗਾਦਿ ਤੋਂ ਨਿਕਰਮਣ ਕਿਰਤੀ ਵੀਰਾਂਗਣਾਂ ਨੂੰ ਸਦ ਸਦ ਪ੍ਰਣਾਮ!
-ਅਵਤਾਰ ਸਿੰਘ

Comment here