ਰੋਮ-ਇਟਲੀ ਦੀ ਵਿਸ਼ੇਸ਼ ਪੁਲਸ ਨੇ ਤੁਸਕਾਨਾ ਸੂਬੇ ਦੇ ਜ਼ਿਲ੍ਹਾ ਫਿਰੈਂਸੇ ਦੇ ਸ਼ਹਿਰ ਸਕੰਦੀਚੀ ਦੇ ਬੱਸ ਅੱਡੇ ‘ਤੇ ਗੁਆਰਦੀਆ ਦੀ ਫਿਨੈਂਸਾ ਨੂੰ ਇਕ ਔਰਤ ਕੋਲੋਂ 10 ਲੱਖ ਯੂਰੋ ਤੋਂ ਵੱਧ ਰਾਸ਼ੀ ਬਰਾਮਦ ਹੋਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਗੁਆਰਦੀਆਂ ਦੀ ਫਿਨੈਂਸਾ ਪੁਲਸ ਰੋਜ਼ਾਨਾ ਦੀ ਤਰ੍ਹਾਂ ਗਸ਼ਤ ‘ਤੇ ਸੀ ਕਿਉਂਕਿ ਇਹ ਸੂਬਾ ਸੈਲਾਨੀਆਂ ਦਾ ਮੁੱਖ ਕੇਂਦਰ ਬਿੰਦੂ ਹੈ। ਇਟਲੀ ਦਾ ਅਜੂਬਾ ਪਿਜ਼ਾ ਟਾਵਰ ਵੀ ਇਸ ਸੂਬੇ ਵਿੱਚ ਹੀ ਹੈ, ਜਿਸ ਕਾਰਨ ਪੁਲਸ ਵਿਸ਼ੇਸ਼ ਮੁਸਤੈਦ ‘ਤੇ ਰਹਿੰਦੀ ਹੈ ਤਾਂ ਜੋ ਕੋਈ ਵਾਰਦਾਤ ਨਾ ਹੋ ਜਾਵੇ।
ਬੀਤੇ ਦਿਨ ਜਦੋਂ ਪੁਲਸ ਗਸ਼ਤ ‘ਤੇ ਸੀ ਤਾਂ ਸਕੰਦੀਚੀ ਦੇ ਬੱਸ ਅੱਡੇ ‘ਤੇ ਉਨ੍ਹਾਂ ਨੂੰ ਇਕ ਬੱਸ ਦੇ ਹੇਠਲੇ ਹਿੱਸੇ ਵਿੱਚ 2 ਵੱਡੇ ਕਾਲੇ ਰੰਗ ਦੇ ਬੈਗ ਮਿਲੇ, ਜਿਨ੍ਹਾਂ ਨੂੰ ਪੁਲਸ ਨੇ ਕੈਸ਼ਡਾਗ ਦੀ ਮਦਦ ਨਾਲ ਚੈੱਕ ਕੀਤਾ। ਜਦੋਂ ਪੁਲਸ ਨੇ ਇਨ੍ਹਾਂ ਬੈਗਾਂ ਨੂੰ ਖੋਲ੍ਹ ਕੇ ਦੇਖਿਆ ਤਾਂ ਪੁਲਸ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ ਕਿਉਂਕਿ ਇਨ੍ਹਾਂ ਬੈਗਾਂ ‘ਚ 50, 20 ਤੇ 10 ਯੂਰੋ ਦੇ ਨੋਟ ਨੱਕੋ-ਨੱਕ ਭਰੇ ਪਏ ਸਨ। ਜਦੋਂ ਇਨ੍ਹਾਂ ਦੀ ਗਿਣਤੀ ਕੀਤੀ ਗਈ ਤਾਂ ਇਹ 10,75,600 ਯੂਰੋ ਦੀ ਰਾਸ਼ੀ ਨਿਕਲੀ, ਜਿਸ ਨੂੰ ਕਿ ਇਕ ਚਾਈਨੀਜ਼ ਔਰਤ ਕੋਲੋਂ ਬਰਾਮਦ ਕੀਤਾ ਗਿਆ।
ਇਹ ਔਰਤ ਇਨ੍ਹਾਂ ਬੈਗਾਂ ਨੂੰ ਸੀਚੀਲੀਆ ਸੂਬੇ ਦੇ ਸ਼ਹਿਰ ਕਤਾਨੀਆਂ ਤੋਂ ਬੱਸ ਦੁਆਰਾ ਹੀ ਲੈ ਕੇ ਆ ਰਹੀ ਸੀ, ਜਦੋਂ ਬੱਸ ਸਕੰਦੀਚੀ ਰੁਕੀ ਤਾਂ ਪੁਲਸ ਨੂੰ ਸ਼ੱਕ ਹੋ ਗਿਆ। ਇਹ ਚਾਈਨੀਜ਼ ਔਰਤ ਇੰਨੀ ਵੱਡੀ ਰਕਮ ਕਿੱਥੋਂ ਲੈ ਕੇ ਆਈ ਤੇ ਕਿੱਥੇ ਲੈ ਕੇ ਜਾ ਰਹੀ ਸੀ, ਇਸ ਬਾਰੇ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਨੇ ਇਸ ਰਕਮ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਲਾਕੇ ਵਿੱਚ ਮੁਸਤੈਦੀ ਨੂੰ ਹੋਰ ਸਖ਼ਤ ਕਰ ਦਿੱਤਾ ਹੈ।
Comment here