ਰੋਮ-ਇਟਲੀ ਦੇ ਜ਼ਿਲ੍ਹਾ ਕਰਮੋਨਾ ਵਿੱਚ ਪੈਂਦੇ ਸ਼੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਵਿਖੇ ਚੋਰਾਂ ਵੱਲੋ ਗੋਲਕ ਨੂੰ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਇਸ ਸਾਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਦੇ ਉਪ ਪ੍ਰਧਾਨ ਅਨਿਲ ਕੁਮਾਰ ਲੋਧੀ ਨੇ ਦੱਸਿਆ ਕਿ ਬੀਤੀ ਰਾਤ 4 ਅਣਪਛਾਤੇ ਵਿਅਕਤੀਆਂ ਦੁਆਰਾ ਮੰਦਰ ਦੀ ਗੋਲਕ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚੋਂ 2 ਵਿਅਕਤੀ ਕਾਰ ਵਿੱਚ ਹੀ ਸਵਾਰ ਸਨ, ਜਦੋਂ ਕਿ 2 ਵਿਅਕਤੀਆਂ ਨੇ ਮੰਦਰ ਦੇ ਅੰਦਰ ਆ ਕੇ ਗੋਲਕ ਨੂੰ ਚੁੱਕ ਕੇ ਲਿਜਾਣ ਦਾ ਅਸਫਲ ਯਤਨ ਕੀਤਾ।
ਇਹ ਕਥਿਤ ਚੋਰ ਮੰਦਰ ਦੀ ਗੋਲਕ ਨੂੰ ਮੰਦਰ ਦੇ ਹਾਲ ਦੇ ਮੇਨ ਗੇਟ ਤੱਕ ਲਿਜਾਣ ਵਿੱਚ ਸਫ਼ਲ ਹੋ ਗਏ ਪਰ ਮੰਦਰ ਦੇ ਪੁਜਾਰੀ ਪੰਡਤ ਭਾਉਮੀ ਕੁਮਾਰ ਨੇ ਜਦੋਂ ਖੜਕਾ ਸੁਣਿਆ ਤਾਂ ਉਹ ਮੰਦਰ ਦੇ ਹਾਲ ਵਿੱਚ ਪਹੁੰਚ ਗਏ, ਜਿਸ ਨੂੰ ਦੇਖ ਮੰਦਰ ਵਿਚ ਚੋਰੀ ਕਰਨ ਆਏ ਅਣਪਛਾਤੇ ਵਿਅਕਤੀ ਗੋਲਕ ਨੂੰ ਮੰਦਰ ਦੇ ਮੁੱਖ ਹਾਲ ਦੇ ਦਰਵਾਜ਼ੇ ਕੋਲ ਛੱਡ ਕੇ ਕਾਰ ਵਿੱਚ ਨੌਂ ਦੋ ਗਿਆਰਾਂ ਹੋ ਗਏ। ਜਿਸ ਕਾਰਨ ਚੋਰੀ ਦੀ ਇਹ ਘਟਨਾ ਨਾਕਾਮ ਹੋ ਗਈ। ਅਨਿਲ ਕੁਮਾਰ ਲੋਧੀ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਬੇਸ਼ੱਕ ਪ੍ਰਸ਼ਾਸਨ ਦਾ ਸੁੱਰਖਿਆ ਤਾਣਾ-ਬਾਣਾ ਬਹੁਤ ਸਖ਼ਤ ਹੈ ਪਰ ਇਸ ਦੇ ਬਾਵਜੂਦ ਭਾਰਤੀ ਲੋਕਾਂ ਦਾ ਇਹਨਾਂ ਗੁੰਮਨਾਮ ਚੋਰਾਂ ਵੱਲੋਂ ਲੱਖਾਂ ਰੁਪਏ ਦਾ ਨੁਕਸਾਨ ਹੁਣ ਤੱਕ ਕੀਤਾ ਜਾ ਚੁੱਕਾ ਹੈ ਤੇ ਪੁਲਸ ਚੋਰੀ ਦੀਆਂ ਵਾਰਦਾਤਾਂ ਵਿੱਚ ਕੋਈ ਸੁਰਾਗ ਨਹੀ ਲੱਭ ਸਕੀ। ਇਸ ਲਈ ਇਟਲੀ ਦੇ ਭਾਰਤੀ ਲੋਕ ਆਪਣੇ ਧਾਰਮਿਕ ਅਸਥਾਨਾਂ ਦੀ ਨਿਗਰਾਨੀ ਚੌਕੰਨੇ ਹੋ ਕਰਨ, ਨਹੀ ਤਾਂ ਪਛਤਾਣਾ ਪੈ ਸਕਦਾ ਹੈ।
Comment here