ਅਪਰਾਧਸਿਆਸਤਖਬਰਾਂ

ਇਕ ਵਾਰ ਫੇਰ ਹੋਈ ਬੇਅਦਬੀ ਦੀ ਕੋਸ਼ਿਸ਼

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬੇਅਦਬੀ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਿਆ ਸੀ। ਆਮ ਆਦਮੀ ਪਾਰਟੀ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਬਣਾਉਣ ਦੀ ਗੱਲ ਵੀ ਕੀਤੀ ਸੀ ਪਰ ‘ਆਪ’ ਸਰਕਾਰ ਵੀ ਇਸ ਦਿਸ਼ਾ ‘ਚ ਬਹੁਤਾ ਕੁਝ ਨਹੀਂ ਕਰ ਸਕੀ। ਦੋਸ਼ ਲੱਗ ਰਹੇ ਹਨ ਕਿ ਇਸ ਕਾਰਨ ਬੇਅਦਬੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਅੰਮ੍ਰਿਤਸਰ ਦੇ ਥਾਣਾ ਸਦਰ ਅਧੀਨ ਪੈਂਦੇ ਮਜੀਠਾ ਰੋਡ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਦਾ ਪਤਾ ਲੱਗਣ ‘ਤੇ ਮੌਕੇ ‘ਤੇ ਮੌਜੂਦ ਸੇਵਾਦਾਰਾਂ ਨੇ ਪਹਿਲਾਂ ਉਸ ‘ਤੇ ਹਮਲਾ ਕੀਤਾ ਅਤੇ ਫਿਰ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਦੀ ਪੁਲਿਸ ਨੇ ਕਿਸੇ ਤਰ੍ਹਾਂ ਉਕਤ ਨੌਜਵਾਨ ਨੂੰ ਛੁਡਵਾ ਕੇ ਥਾਣੇ ਲਿਆਂਦਾ। ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬੇਅਦਬੀ ਦਾ ਮੁਲਜ਼ਮ ਨੌਜਵਾਨ ਮਾਨਸਿਕ ਤੌਰ ‘ਤੇ ਠੀਕ ਨਹੀਂ ਹੈ। ਫਿਲਹਾਲ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੇ ਪਰਿਵਾਰ ਦਾ ਪਤਾ ਲਗਾਇਆ ਜਾ ਰਿਹਾ ਹੈ।

ਮੌਜੂਦ ਸੇਵਾਦਾਰਾਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਅਚਾਨਕ ਇਕ ਨੌਜਵਾਨ ਗੁਰਦੁਆਰਾ ਸਾਹਿਬ ‘ਚ ਦਾਖ਼ਲ ਹੋ ਗਿਆ। ਉਸ ਸਮੇਂ ਗੁਰਦੁਆਰੇ ਦੇ ਅੰਦਰ ਕੋਈ ਨਹੀਂ ਸੀ। ਮੁਲਜ਼ਮ ਨੇ ਪਹਿਲਾਂ ਗੋਲਕ ’ਤੇ ਰੱਖੇ ਕੁਝ ਪੈਸੇ ਚੋਰੀ ਕਰ ਲਏ। ਫਿਰ ਉਹ ਉਥੇ ਰੱਖੇ ਹਥਿਆਰ ਵੀ ਚੁੱਕ ਕੇ ਬਾਹਰ ਭੱਜਣ ਲੱਗਾ। ਇਸ ਦੌਰਾਨ ਕੁਝ ਸੇਵਾਦਾਰਾਂ ਨੇ ਉਸ ਨੂੰ ਦੇਖ ਕੇ ਪਿੱਛਾ ਕੀਤਾ ਅਤੇ ਕੁਝ ਦੂਰੀ ‘ਤੇ ਹੀ ਉਸ ਨੂੰ ਫੜ ਲਿਆ। ਸੇਵਾਦਾਰਾਂ ਨੇ ਆਪਣੇ ਪੱਧਰ ’ਤੇ ਮੁਲਜ਼ਮ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਨਹੀਂ ਦੱਸ ਰਿਹਾ ਸੀ। ਫਿਰ ਉਸ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਖੰਭੇ ਨਾਲ ਰੱਸੀ ਨਾਲ ਬੰਨ੍ਹ ਦਿੱਤਾ ਗਿਆ। ਸੇਵਾਦਾਰਾਂ ਨੇ ਕਿਹਾ ਕਿ ਪੁਲਸ ਨੇ ਕਾਰਵਾਈ ਕਰਨ ਦਾ ਭਰੋਸਾ ਦਿਤਾ ਹੈ।

Comment here