ਵਾਰੰਗਲ- ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਜਿਸ ਵਿੱਚ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੀ ਜਾਨ ਚਲੀ ਗਈ। ਇਸ ਵਿੱਚ ਛੀਨਾ ਗੁਰੀਜਾਲਾ ਪਿੰਡ ਦੇ ਨਰਸੰਪੇਟ ਮੰਡਲ ਵਿੱਚ 65 ਸਾਲਾ ਕ੍ਰਿਸ਼ਨਾਮੂਰਤੀ, ਉਸ ਦਾ ਪੁੱਤਰ ਨਾਗਾਰਜੁਨ (35) ਅਤੇ 12 ਸਾਲਾ ਪੋਤਾ ਲੱਕੀ, ਤਿੰਨਾਂ ਦੀ ਛੱਪੜ ਵਿੱਚ ਡੁੱਬਣ ਨਾਲ ਮੌਤ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਕ੍ਰਿਸ਼ਨਾਮੂਰਤੀ ਛੱਪੜ ਵਿੱਚ ਪੈਰ ਧੋ ਰਿਆ ਸੀ ਅਤੇ ਪੈਰ ਧੋਂਦੇ ਸਮੇਂ ਉਹ ਫਿਸਲ ਗਿਆ। ਉਸ ਦੇ ਪੋਤੇ ਨੇ ਜੋ ਉਸ ਦੇ ਨਾਲ ਸੀ, ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ, ਪਰ ਉਹ ਵੀ ਡੁੱਬਣ ਲੱਗਾ। ਦੋਹਾਂ ਨੂੰ ਡੁੱਬਦਾ ਦੇਖ ਕੇ ਨਾਗਾਰਜੁਨ ਨੇ ਵੀ ਛੱਪੜ ‘ਚ ਛਾਲ ਮਾਰ ਦਿੱਤੀ। ਪਰ ਉਹ ਵੀ ਉਨ੍ਹਾਂ ਨੂੰ ਨਾ ਬਚਾ ਸਕਿਆ ਅਤੇ ਖੁਦ ਡੁੱਬ ਗਿਆ।ਸਥਾਨਕ ਨਿਵਾਸੀਆਂ ਦੇ ਅਨੁਸਾਰ, ਤਿੰਨਾਂ ਵਿੱਚੋਂ ਕੋਈ ਵੀ ਤੈਰਨਾ ਨਹੀਂ ਜਾਣਦਾ ਸੀ। ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਦੁਖਦਾਈ ਘਟਨਾ ਨਾਲ ਪੂਰਾ ਪਿੰਡ ਸਦਮੇ ਵਿੱਚ ਹੈ। ਤੇਲੰਗਾਨਾ ਵਿੱਚ, ਇਸ ਤੋਂ ਪਹਿਲਾਂ ਇੱਕ ਅਜਿਹੀ ਹੀ ਘਟਨਾ ਵਾਪਰੀ ਸੀ ਜਦੋਂ ਨਵੰਬਰ 2021 ਵਿੱਚ ਸਿਰਸੀਲਾ ਵਿੱਚ ਮਨੇਰ ਨਦੀ ਵਿੱਚ ਤੈਰਾਕੀ ਕਰਨ ਗਏ ਛੇ ਲੜਕਿਆਂ ਦੀ ਡੁੱਬ ਕੇ ਮੌਤ ਹੋ ਗਈ ਸੀ। ਇਹ ਸਾਰੇ ਲੜਕੇ ਦੋਸਤ ਸਨ ਅਤੇ ਗੁਆਂਢ ਵਿੱਚ ਰਹਿੰਦੇ ਸਨ। ਲੜਕੇ ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਨਾ ਲਗਾ ਸਕੇ ਅਤੇ ਡੁੱਬ ਗਏ। ਪੁਲਿਸ ਮੁਤਾਬਕ ਉਸ ਦੀ ਉਮਰ 11 ਤੋਂ 16 ਸਾਲ ਦੇ ਵਿਚਕਾਰ ਸੀ।
Comment here