ਸਾਹਿਤਕ ਸੱਥ

ਇਕ ਚੰਗਿਆੜੀ ਤੋਂ ਭਾਂਬੜ

-ਲਿਉ ਤਾਲਸਤਾਏ

(ਅਨੁਵਾਦਕ ਨੇ ਰੂਸੀ ਨਾਂਵਾਂ ਤੇ ਨਜ਼ਾਰਿਆਂ ਨੂੰ ਪੰਜਾਬੀ ਨਾਂਵਾਂ ਅਤੇ ਨਜ਼ਾਰਿਆਂ ਵਿੱਚ ਬਦਲ ਲਿਆ ਹੈ)

ਰਾਵੀ ਦੇ ਕੰਢੇ ਇਕ ਛੋਟਾ ਜਿਹਾ ਪਿੰਡ ਸੀ। ਉਸ ਵਿਚ ਬਹਾਦਰ ਸਿੰਘ ਜੱਟ ਬੜਾ ਮਸ਼ਹੂਰ ਜ਼ਿਮੀਂਦਾਰ ਸੀ। ਉਹ ਜਵਾਨ ਤੇ ਕੰਮ ਕਰਨ ਨੂੰ ਤਗੜਾ ਸੀ। ਉਸ ਦੇ ਤਿੰਨ ਗਭਰੂ ਪੁਤਰ ਸਨ, ਜਿਹਨਾਂ ਵਿਚੋਂ ਵਡਾ ਵਿਆਹਿਆ ਹੋਇਆ ਸੀ। ਬਹਾਦਰ ਸਿੰਘ ਦੀ ਵਹੁਟੀ ਸਿਆਣੀ ਜ਼ਨਾਨੀ ਸੀ ਤੇ ਇਹਨਾਂ ਦੇ ਚੰਗਿਆਂ ਭਾਗ ਨਾਲ ਨੂੰਹ ਵੀ ਚੰਗੇ ਸੁਭਾ ਵਾਲੀ ਤੇ ਹਡ ਹੌਲੀ ਮਿਲੀ ਸੀ। ਬਹਾਦਰ ਸਿੰਘ ਦਾ ਬੁਢਾ ਪਿਉ ਸਤ ਸਾਲ ਤੋਂ ਦਮੇ ਦੀ ਬੀਮਾਰੀ ਨਾਲ ਮੰਜੇ ਤੇ ਪਿਆ ਹੋਇਆ ਸੀ। ਜ਼ਨਾਨੀਆਂ ਘਰ ਦਾ ਪਰਬੰਧ ਕਰਦੀਆਂ ਸਨ ਤੇ ਮਰਦ ਬਾਹਰ ਜ਼ਮੀਨ ਸਾਂਭਦੇ ਸਨ। ਇਹਨਾਂ ਦਾ ਜੀਵਨ ਬੜਾ ਸ਼ਾਂਤੀ ਵਾਲਾ ਸੀ, ਪਰ ਬਹਾਦਰ ਸਿੰਘ ਦਾ ਝਗੜਾ ਆਪਣੇ ਗਵਾਂਢੀ ਨਿਧਾਨ ਸਿੰਘ ਨਾਲ ਛਿੜ ਪਿਆ ਤੇ ਸ਼ਾਂਤੀ ਦਾ ਡੇਰਾ ਕੂਚ ਹੋ ਗਿਆ।
ਜਦ ਤਕ ਨਿਧਾਨ ਸਿੰਘ ਦਾ ਬਾਪ ਜੀਉਂਦਾ ਰਿਹਾ ਤੇ ਬਹਾਦਰ ਸਿੰਘ ਦਾ ਬਾਪ ਰਾਜੀ ਬਾਜ਼ੀ ਰਿਹਾ, ਦੋਹਾਂ ਗਵਾਂਢੀਆਂ ਦਾ ਸਬੰਧ ਬੜਾ ਸੁੰਦਰ ਸੀ। ਜੇ ਕਿਸੇ ਜ਼ਨਾਨੀ ਨੂੰ ਛਾਨਣੀ ਜਾਂ ਚੰਗੇਰ ਜਾਂ ਸੂਈ ਦੀ ਲੋੜ ਪੈਂਦੀ ਸੀ, ਤਾਂ ਗਵਾਂਢਣ ਪਾਸੋ ਲੈ ਲੈਂਦੀ ਸੀ। ਜੇ ਮਰਦ ਨੂੰ ਗੱਡਾ ਲੱਦਣ ਵੇਲੇ ਦੂਜੇ ਆਦਮੀ ਦੀ ਲੋੜ ਪੈਂਦੀ ਤਾਂ ਉਹ ਦੂਜੇ ਘਰੋਂ ਬੁਲਾ ਲੈ ਜਾਂਦਾ ਸੀ। ਜੇ ਇੱਕ ਦਾ ਵੱਛਾ ਦੂਜੇ ਦੀ ਕਣਕ ਵਿਚ ਜਾ ਪਏ ਤਾਂ ਕਣਕ ਞਾਲਾ ਵਛੇ ਨੂੰ ਭਜਾ ਦੇਂਂਦਾ ਸੀ, ਪਰ ਗਾਲ੍ਹ ਨਹੀਂ ਸੀ ਕਢਦਾ। ਕੋਠਿਆਂ ਨੂੰ ਜੰਦਰੇ ਮਾਰਨੇ, ਇਕ ਦੂਜੇ ਤੋਂ ਚੀਜ਼ਾਂ ਲੁਕਾਣੀਆਂ, ਦੂਜੇ ਦੀ ਚੁਗਲੀ ਕਰਨੀ, ਇਹਨਾਂ ਦਾ ਕਿਸੇ ਨੂ ਸੁਫਨਾ ਵੀ ਨਹੀਂ ਸੀ ਵਆਂਦਾ।
ਪਰ ਇਹ ਗੱਲਾਂ ਪੁਰਾਣੇ ਜ਼ਮਾਨੇ ਦੀਆਂ ਸਨ। ਜਦ ਬਹਾਦਰ ਸਿੰਘ ਤੇ ਨਿਧਾਨ ਸਿੰਘ ਦੀ ਵਾਰੀ ਆਈ ਤਾਂ ਸਭ ਕੁਝ ਬਦਲ ਗਿਆ।
ਇਹ ਸਾਰਾ ਝਗੜਾ ਇਕ ਨਿਕੀ ਜਿਹੀ ਗਲ ਤੋਂ ਛਿੜਿਆ।
ਬਹਾਦਰ ਸਿੰਘ ਦੀ ਨੂੰਹ ਨੇ ਇਕ ਮੁਰਗੀ ਪਾਲੀ ਹੋਈ ਸੀ। ਜਦ ਉਸ ਮੁਰਗੀ ਨੇ ਅੰਡੇ ਦੇਣੇ ਸ਼ੁਰੂ ਕੀਤੇ, ਤਾਂ ਉਹ ਰੋਜ਼ ਵਾਲਾ ਇਕ ਅੰਡਾ ਸਾਂਭ ਛਡਿਆ ਕਰੇ। ਇਕਦਿਨ ਮੁਰਗੀ ਨੇ ਆਪਣੀ ਥਾਂ ਤੇ ਅੰਡਾ ਨਾ ਦਿੱਤਾ ਤੇ ਕਿਤੇ ਮੁੰਡਿਆਂ ਦੀ ਡਰਾਈ ਹੋਈ ਉਥੋਂ ਉਡਕੇ ਦੂਜੇ ਘਰ ਵਿਚ ਅੰਡਾ ਦੇ ਆਈ। ਬਹਾਦਰ ਸਿੰਘ ਦੀ ਨੂੰਹ ਜਦ ਆਪਣੇ ਸਵੇਰ ਦੇ ਕੰਮ ਧੰਦੇ ਤੋਂ ਵੇਹਲੀ ਹੋਈ ਤਾਂ ਉਹ ਅੰਡਾ ਵੇਖਣ ਲਈ ਰੋਜ਼ ਵਾਲੀ ਥਾਂ ਤੇ ਗਈ। ਓਥੋਂ ਉਸਨੂੰ ਛੋਟੇ ਦੇਵਰ ਤਾਰਾ ਸਿੰਘ ਨੇ ਦਸਿਆ: ‘ਭਾਬੀ, ਤੇਰੀ ਮੁਰਗੀ ਚਾਚੇ ਨਿਧਾਨ ਸਿੰਘ ਦੇ ਘਰ ਅੰਡਾ ਦੇ ਆਈ ਹੋਣੀ ਹੈ। ਜਦ ਮੈਂ ਬਾਹਰ ਖੇਡਦਾ ਸੀ ਤਾਂ ਮੈਂ ਉਨ੍ਹਾਂ ਦੇ ਘਰ ਤੇਰੀ ਮੁਰਗੀ ਦੀ ਕੁੜ ਕੁੜ ਸੁਣੀ ਸੀ, ਤੇ ਕੁਝ ਚਿਰ ਮਗਰੋਂ ਓਹ ਓਥੋਂ ਉਡਕੇ ਸਾਡੇ ਘਰ ਵੀ ਆਈ ਸੀ।”
ਇਸ ਜ਼ਨਾਨੀ ਨੇ ਜਾਕੇ ਮਰਗੀ ਵੱਲ ਵੇਖਿਆ। ਉਹ ਬਾਕੀ ਮੁਰਗੀਆਂ ਵਾਂਗ ਆਪਣੇ ਟਿਕਾਣੇ ਤੇ ਬੈਠੀ ਸੀ। ਜੇ ਬੋਲ ਸਕਦੀ ਤਾਂ ਅੰਡੇ ਦਾ ਕੁਛ ਪਤਾ ਦਸਦੀ। ਉਹ ਥਾਂ ਵੇਖ ਚਾਖਕੇ ਬਹਾਦਰ ਸਿੰਘ ਦੀ ਨੂੰਹ ਗਵਾਂਢੀਆਂ ਦੇ ਘਰ ਗਈ ਤੇ ਨਿਧਾਨ ਸਿੰਘ ਦੀ ਮਾਂ ਨੂੰ ਕਹਿਣ ਲਗੀ – “ਅੰਮਾਂ ਸਾਡੀ ਕੁਕੜੀ ਸਵੇਰੇ ਤੁਹਾਡੇ ਘਰ ਆਈਸੀ, ਕਿਤੇ ਅੰਡਾ ਤਾਂ ਨਹੀਂ ਦੇ ਗਈ”
ਬੁਢੀ ਬੋਲੀ-“ਅਸੀਂ ਅੰਡਾ ਕੌਈ ਨਹੀਂ ਵੇਖਿਆ, ਰਬ ਦਾ ਸ਼ੁਕਰ ਹੈ, ਸਾਡੀਆਂ ਅਪਣੀਆਂ ਕੁਕੜੀਆਂ ਅੰਡੇ ਦੇਣ ਲਗ ਪਈਆਂ ਹਨ। ਸਾਡੇ ਆਪਣੇ ਅੰਡੇ ਬਥੇਰੇ ਹਨ। ਸਾਨੂੰ ਲੋਕਾਂ ਦੇ ਅੰਡਿਆਂ ਦੀ ਕੀ ਲੋੜ ਹੈ, ਤੇ ਕੁੜੀਏ ਆਪਣੇ ਅੰਡੇ ਘਰ ਵਿਚ ਢੂੰਡਿਆ ਕਰ, ਬਾਹਰ ਦੂਜਿਆਂ ਦੇ ਘਰਾਂ ਵਿਚ ਨਹੀਂ ਪੁਛੀ ਦੇ।
ਬਹਾਦਰ ਸਿੰਘ ਦੀ ਨੂੰਹ ਨੇ ਨਰਾਜ਼ ਹੋਕੇ ਕੁਝ ਅਜੇਹੀ ਹੀ ਗਲ ਆਖੀ ਜੇਹੜੀ ਨਹੀਂ ਸੀ ਆਖਣੀ ਚਾਹੀਦੀ। ਬੁਢੀ ਨੇ ਸੂਦ ਸਣੇ ਜਵਾਬ ਦਿਤਾ ਤੇ ਦੋਹਾਂ ਵਿਚ ਜੰਗ ਛਿੜ ਪਈ। ਬਹਾਦਰ ਸਿੰਘ ਦੀ ਵਹੁਟੀ ਖੂਹ ਤੋਂ ਪਾਣੀ ਲੈਕੇ ਉਧਰੋਂ ਲੰਘ ਰਹੀ ਸੀ। ਉਹ ਭੀ ਨੂੰਹ ਦੀ ਮਦਦ ਨੂੰ ਆ ਗਈ। ਉਸਦੀ ਅਵਾਜ਼ ਸੁਣਕੇ ਨਿਧਾਨ ਸਿੰਘ ਦੀ ਵਹੁਟੀ ਵੀ ਆ ਗਈ, ਤੇ ਦੋਹਾਂ ਪਾਸਓਂ ਝੂਠੇ ਸਚੇ ਮੇਹਣਿਆਂ ਦੀ ਬਰਖਾ ਸ਼ੁਰੂ ਹੋਈ ਇਸ ਰੌਲੇ ਗੌਲੇ ਵਿਚ ਕਿਸੇਦੀ ਗਲ ਸਮਝ ਨਹੀਂ ਸੀ ਪੈਂਦੀ ਚਾਰੇ ਜ਼ਨਾਨੀਆਂ ਕੱਠੀਆਂ ਬੋਲ ਰਹੀਆਂ ਸਨ ਤੇ ਤੇਜ਼ੀ ਵਿਚ ਇਕ ਦੀ ਥਾਂ ਦੋ ਦੋ ਗਲਾ ਬੋਲਣ ਦੇ ਯਤਨ ਵਿਚ ਸਨ: – “ਨੀ ਤੂੰ ਐਹੋ ਜੇਹੀ! ਨੀ ਤੂੰ ਕੇਹੜੀ ਘਟ ਹੈਂ। ਨੀ ਤੂੰ ਚੋਰ ਹੈਂ। ਨੀ ਤੂੰ ਲੁਚੀ ਰੰਨ ਹੈਂ। ਨੀ ਤੂੰ ਅਪਣੇ ਬੁਢੇ ਸਹੁਰੇ ਨੂੰ ਭੁਖਾ ਪਈ ਮਾਰਨੀਏ ! ਨੀ ਤੂੰ ਨਿਕੰਮੀ ਚਟੂਰੀ ਹੈਂ।” ਇਤਿ ਆਦਿਕ। “ਤੂੰ ਸਾਡੀ ਛਾਨਣੀ ਵਿਚ ਛਕ ਕਿਉਂ ਕਰ ਦਿਤਾ ਸੀ? ਤੂੰ ਤੇ ਪਾਣੀ ਲੈਣ ਵਾਸਤੇ ਵੀ ਸਾਡੀ ਬਾਲਟੀ ਰਖੀ ਹੋਈ ਏ, ਇਸ ਵਿਚ ਮੋਰੀ ਕਰ ਦੇਵੇਂਗੀ, ਲਿਆ ਸਾਡੀ ਬਾਲਟੀ ਵਾਪਸ ਕਰ। ਆਦਿ।”
ਅਜਿਹੀਆਂ ਗੱਲਾਂ ਕਰਦੀਆਂ ਬਾਲਟੀ ਦੇ ਗਿਰਦੇ ਹੋ ਗਈਆਂ। ਪਾਣੀ ਡੁਲ੍ਹ ਗਿਆ। ਜ਼ਨਾਨੀਆਂ ਦੇ ਸਿਰੋਂ ਕਪੜੇ ਲਹਿ ਗਏ ਤੇ ਇਕ ਦੂਜੀ ਨੂੰ ਘਸੁੰਨੋ ਘਸੁੰਨੀ ਜੁਟ ਪਈਆਂ। ਨਿਧਾਨ ਸਿੰਘ ਖੇਤ ਤੋਂ ਵਾਪਸ ਆਉਂਦਾ ਸੀ। ਉਹ ਭੀ ਲੜਾਈ ਵਿਚ ਸ਼ਾਮਲ ਹੋਕੇ ਆਪਣੀ ਵਹੁਟੀ ਦੀ ਤਰਫਦਾਰੀ ਕਰਨ ਲੱਗਾ। ਇਹ ਵੇਖਕੇ ਬਹਾਦਰ ਸਿੰਘ ਤੇ ਉਸਦਾ ਪੁਤ੍ਰ ਵੀ ਆ ਗਏ ਤੇ ਤਕੜਾ ਯੁਧ ਹੋਇਆ। ਬਹਾਦਰ ਸਿੰਘ ਨੇ ਚੰਗੇ ਹੂਰੇ ਚਲਾਏ ਤੇ ਨਿਧਾਨ ਸਿੰਘ ਦੀ ਦਾੜ੍ਹੀ ਦੇ ਵਾਲ ਪੁਟ ਲਏ। ਰੌਲਾ ਸੁਣਕੇ ਲੋਕ ਆ ਗਏ ਤੇ ਲੜਦਿਆਂ ਨੂੰ ਮੁਸ਼ਕਲ ਨਾਲ ਛੁਡਾਇਆ।
ਬਸ ਇਹ ਸਾਰੇ ਫਸਾਦ ਦਾ ਮੁੱਢ ਸੀ।
ਨਿਧਾਨ ਸਿੰਘ ਨੇ ਆਪਣੀ ਦਾਹੜੀ ਦੇ ਖੁੱਥੇ ਹੋਏ ਵਾਲ ਇਕੱਠੇ ਕਰਕੇ ਥਾਣੇ ਵਿਚ ਰਪੋਟ ਕੀਤੀ ਤ ਲੋਕਾਂ ਨੂੰ ਆਖਿਓਸ:- “ਮੈਂ ਆਪਣੀ ਦਾਹੜੀ ਇਸ ਬੇਈਮਾਨ ਬਹਾਦਰ ਸਿੰਘ ਤੋਂ ਪੁਟਵਾਣ ਲਈ ਤੇ ਨਹੀਂ ਰਖੀ ਹੋਈ।” ਤੇ ਉਸ ਦੀ ਵਹੁਟੀ ਗਵਾਂਢੀਆਂ ਨੂੰ ਕਹਿੰਦੀ ਫਿਰੇ “ਅਸੀਂ ਥਾਣੇ ਰਿਪੋਟ ਕੀਤੀ ਹੈ। ਬਹਾਦਰ ਸਿੰਘ ਨੂੰ ਅਸੀਂ ਕਾਲੇ ਪਾਣੀ ਜ਼ਰੂਰ ਭਿਜਵਾਣਾ ਹੈ।” ਮੰਜੇ ਤੇ ਪਏ ਹੋਏ ਬਹਾਦਰ ਸਿੰਘ ਦੇ ਬੁਢੇ ਬਾਬੇ ਨੇ ਇਹ ਸਾਰਾ ਸਮਾਚਾਰ ਸ਼ੋਕ ਨਾਲ ਵੇਖਿਆ, ਸੁਣਿਆ ਅਤੇ ਉਸ ਨੇ ਆਪਣੇ ਪੁਤਰ ਪੋਤਰਿਆਂ ਨੂੰ ਆਖਿਆ: – ‘ਮੁੰਡਿਓ ਤੁਸੀਂ ਭੈੜੇ ਰਾਹ ਤੁਰ ਪਏ ਹੋ। ਝਗੜੇ ਵਾਲੀ ਕੋਈ ਗੱਲ ਹੀ ਨਹੀਂ। ਸੋਚੋ ਤਾਂ ਸਹੀ ਇਕ ਅੰਡੇ ਦਾ ਮੁਲ ਕੀ ਹੁੰਦਾ ਹੈ। ਕੀ ਪਤਾ ਹੈ ਮੁੰਡੇ ਅੰਡਾ ਚੁੱਕ ਕੇ ਲੈ ਗਏ ਹੋਣ। ਜੇ ਗਵਾਂਢੀਆਂ ਭੀ ਲਿਆ ਹੋਵੇ ਤਾਂ ਭੀ ਕੀ ਹੋ ਗਿਆ, ਸਾਨੂੰ ਰੱਬ ਨੇ ਬਥੇਰੇ ਅੰਡੇ ਦਿਤੇ ਹੋਏ ਹਨ। ਉਨਾਂ ਨਾਲ ਪਿਆਰ ਕਰਕੇ ਉਨ੍ਹਾਂ ਨੂੰ ਚੰਗੇ ਬਚਨ ਬੋਲਣਾ ਸਿਖਾਓ। ਜੇ ਉਨ੍ਹਾਂ ਥਾਣੇ ਰਪੋਟ ਕੀਤੀ ਹੈ ਤਾਂ ਭੀ ਤੁਸੀਂ ਉਨ੍ਹਾਂ ਨਾਲ ਸੁਲਾਹ ਸਫ਼ਾਈ ਕਰ ਲਓ। ਤੁਸਾਡਾ ਭਲਾ ਝਗੜੇ ਦੇ ਨਿਬੇੜਨ ਵਿਚ ਹੈ, ਲੰਬਾ ਕਰਨ ਵਿਚ ਨਹੀ।”
ਪਰ ਨਵੇਂ ਪੋਚ ਨੇ ਬੁਢੇ ਦੀ ਗਲ ਨਾ ਸੁਣੀ, ਉਨ੍ਹਾਂ ਨੇ ਇਨ੍ਹਾਂ ਗਲਾਂ ਨੂੰ ਬੁਢੇ ਦੀ ਬੜ ੨ ਆਖਕੇ ਇਸ ਵਲ ਗਹੁ ਨਾ ਕੀਤਾ। ਬਹਾਦਰ ਸਿੰਘ ਨੇ ਕਿਹਾ “ਮੈਂ ਹੁਣ ਨਿਧਾਨ ਸਿੰਘ ਅਗੇ ਹਥ ਜੋੜਨ ਨੂੰ ਕਦੀ ਤਿਆਰ ਨਹੀਂ। ਮੈਂ ਕਦੀ ਉਸ ਦੀ ਦਾਹੜੀ ਨਹੀਂ ਖੋਹੀ, ਉਸਨੇ ਆਪਣੇ ਵਾਲ ਆਪ ਖੋਹੇ ਹਨ। ਪਰ ਆਹ ਵੇਖ ਉਸਦੇ ਪੁਤਾਂ ਨੇ ਮੇਰਾ ਕੁੜਤਾ ਪਾੜ ਦਿਤਾ ਹੈ। ਆਹ ਵੇਖ ਤਾਂ ਸਹੀ!”
ਬਹਾਦਰ ਸਿੰਘ ਭੀ ਥਾਣੇ ਪਹੁੰਚਿਆ। ਦੁਹਾਂ ਦਾ ਮੁਕਦਮਾ ਜ਼ਿਲੇ ਦੀ ਕਚਹਿਰੀ ਗਿਆ। ਜਦ ਇਹ ਮੁਕਦਮੇ ਬਾਜ਼ੀ ਹੋ ਰਹੀ ਸੀ, ਤਾਂ ਨਿਧਾਨ ਸਿੰਘ ਦੇ ਗਡੇ ਦਾ ਇਕ ਬਾਂਸ ਕੋਈ ਲਾਹਕੇ ਲੈਗਿਆ। ਨਿਧਾਨ ਸਿੰਘ ਕਿਆਂ ਨੇ ਬਹਾਦਰ ਸਿੰਘ ਦੇ ਪੁੱਤਰ ਦਾ ਨਾਂ ਲਿਆ ਤੇ ਜ਼ਨਾਨੀਆਂ ਨੇ ਆਖਿਆ: “ਅਸੀਂ ਰਾਤ ਮੁੰਡੇ ਨੂੰ ਗਡੇ ਵਲ ਜਾਂਦਿਆਂ ਦੇਖਿਆ ਸੀ ਤੇ ਅਜ ਸਵੇਰੇ ਉਹ ਬਾਂਸ ਲੈਕੇ ਸ਼ਹਿਰ ਨੂੰ ਗਿਆ ਹੈ।”
ਇਸ ਬਾਂਸ ਦਾ ਮੁਕਦਮਾ ਭੀ ਅਦਾਲਤ ਵਿਚ ਗਿਆ। ਘਰਾਂ ਵਿਚ ਹਰ ਰੋਜ਼ ਨਵਾਂ ਝਗੜਾ ਛਿੜਦਾ ਸੀ। ਵਡਿਆਂ ਦੀ ਰੀਸ ਪਰੀਸੀ ਛੋਟੇ ਛੋਟੇ ਮੁੰਡੇ ਵੀ ਇਕ ਦੂਜੇ ਨੂੰ ਗਾਲ੍ਹਾਂ ਕਢਦੇ ਸਨ, ਤੇ ਜ਼ਨਾਨੀਆਂ ਜਦ ਨਦੀ ਕਿਨਾਰੇ ਕਪੜੇ ਧੋਣ ਜਾਂਦੀਆਂ ਸਨ ਤਾਂ ਉਨ੍ਹਾਂ ਦੀਆਂ ਬਾਹਵਾਂ ਨਾਲੋਂ ਜ਼ਿਆਦਾ ਤੇਜ਼ ਜ਼ਬਾਨਾਂ ਚਲਦੀਆਂ ਸਨ ਤੇ ਦੁਰ ਬਚਨ ਬੋਲਣ ਵਿਚ ਇਕ ਦੂਜੀ ਨੂੰ ਮਾਤ ਕਰਦੀਆਂ ਸਨ। ਪਹਿਲਾਂ ਤਾਂ ਇਹ ਦੋਵੇਂ ਜਟ ਇਕ ਦੂਜੇ ਦੀ ਨਿੰਦਿਆ ਹੀ ਕਰਦੇ ਰਹੇ। ਫਿਰ ਚੋਰੀ ਵੀ ਸ਼ੁਰੂ ਕਰ ਦਿਤੀ ਤੇ ਬਚੇ ਭੀ ਪਰਾਏ ਘਰੋਂ ਚੀਜ਼ਾਂ ਚੁਕ ਲਿਆਇਆ ਕਰਨ। ਬਹਾਦਰ ਸਿੰਘ ਤੇ ਨਿਧਾਨ ਸਿੰਘ ਦੇ ਮੁਕਦਮੇ ਕਦੀ ਪਿੰਡ ਦੀ ਪੰਚਾਇਤ ਵਿਚ, ਕਦੀ ਥਾਣੇ ਵਿਚ, ਕਦੀ ਤਹਿਸੀਲਦਾਰ ਪਾਸ ਤੇ ਕਿਸੇ ਵੇਲੇ ਜ਼ਿਲੇ ਦੀ ਕਚਹਿਰੀ ਵਿਚ ਚਲਦੇ ਰਹਿੰਦੇ ਸਨ। ਕਦੀ ਨਿਧਾਨ ਸਿੰਘ ਨੂੰ ਜੁਰਮਾਨਾ ਹੋ ਜਾਏ, ਕਦੀ ਬਹਾਦਰ ਸਿੰਘ ਨੂੰ ਦੋ ਚਾਰ ਦਿਨ ਦੀ ਕੈਦ ਹੋ ਜਾਵੇ। ਜਦ ਦੋ ਕੁਤੇ ਲੜਦੇ ਹਨ ਤਦ ਇਕ ਨੂੰ ਸੋਟੀ ਵਜੇ ਤਾਂ ਉਹ ਸਮਝਦਾ ਹੈ ਜੇ ਦੂਜੇ ਕੁਤੇ ਨੇ ਸੋਟੀ ਮਾਰੀ ਹੈ ਤੇ ਵਧੇਰੀਆਂ ਝਈਆਂ ਲੈਂਦਾ ਹੈ। ਇਹੋ ਹਾਲ ਨਿਧਾਨ ਸਿੰਘ ਤੇ ਬਹਾਦਰ ਸਿੰਘ ਦਾ ਸੀ। ਇਕ ਦੂਜੇ ਨੂੰ ਸਜ਼ਾਵਾਂ ਦਿਵਾਂਦਿਆਂ ਦੋਹਾਂ ਦੇ ਦਿਲ ਕਾਲੇ ਸਿਆਹ ਹੋ ਗਏ ਤੇ ਕਰੋਧ ਦੀ ਅਗਨੀ ਵਧੇਰੀ ਭੜਕ ਦੀ ਗਈ। ਇਸ ਤਰ੍ਹਾਂ ਕੁਤਿਆਂ ਵਾਂਗ ਲੜਦਿਆਂ ਛੇ ਸਾਲ ਬੀਤ ਗਏ। ਬੁਢਾ ਵਿਚਾਰਾ ਮੰਜੇ ਤੇ ਬੀਮਾਰ ਪਿਆ ਹੋਇਆ ਰਸਾਂਈ ਕਰਾਨ ਦੇ ਬਥੇਰੇ ਤਰਲੇ ਲੈਂਦਾ ਰਿਹਾ, ਪਰ ਉਸਦੀ ਕਿਸੇ ਨੇ ਇਕ ਨਾਂ ਸੁਣੀ। ਸਤਵੇਂ ਸਾਲ ਇਕ ਵਿਆਹ ਤੇ ਜਦ ਮੇਲ ਕਠਾ ਹੋਇਆ ਹੋਇਆ ਸੀ, ਤਾਂ ਬਹਾਦਰ ਸਿੰਘ ਦੀ ਨੂੰਹ ਨੇ ਨਿਧਾਨ ਸਿੰਘ ਨੂੰ ਚੋਰੀ ਵਿੱਚ ਫੜੇ ਜਾਣਦਾ ਮੇਹਣਾ ਮਾਰਿਆ। ਨਿਧਾਨ ਸਿੰਘ ਨੇ ਘੁਟ ਕੁ ਪੀਤਾ ਹੋਇਆ ਸੀ ਤੇ ਉਸਨੇ ਮੇਹਣੇ ਮਾਰਨ ਵਾਲੀ ਦੀ ਵੱਖੀ ਵਿਚ ਘਸੁੰਨ ਕਢ ਮਾਰਿਆ। ਇਸਤ੍ਰੀ ਗਰਭ ਵਤੀ ਸੀ, ਉਹ ਹਫਤਾ ਭਰ ਬੀਮਾਰ ਪਈ ਰਹੀ। ਬਹਾਦਰ ਸਿੰਘ ਬੜਾ ਖੁਸ਼ ਹੋਇਆ ਤੇ ਸਿਧਾ ਥਾਣੇ ਪਹੁੰਚਿਆ! ਉਸ ਦਾ ਖਿਆਲ ਸੀ ਕਿ ਸਤ ਸਾਲ ਕੈਦ ਕਰ ਦਿਆਂਗਾ, ਪਰ ਡਾਕਟਰੀ ਮੁਆਇਨੇ ਦੇ ਹੁੰਦਿਆਂ ਤਕ ਇਸਤ੍ਰੀ ਨੂੰ ਆਰਾਮ ਆ ਗਿਆ ਤੇ ਪੁਲੀਸ ਨੇ ਦਾਵਾ ਦਫਤਰ ਦਾਖਲ ਕਰ ਦਿਤਾ। ਬਹਾਦਰ ਸਿੰਘ ਜ਼ਿਲੇ ਵਿਚ ਪਹੁੰਚਿਆ ਤੇ ਇਕ ਮੁਨਸ਼ੀ ਨੂੰ ਦੋ ਬੋਤਲਾਂ ਸ਼ਰਾਬ ਦੀਆਂ ਦੇਕੇ ਜ਼ਿਲੇ ਦੀ ਕਚੈਹਰੀ ਵਿਚੋਂ ਨਿਧਾਨ ਸਿੰਘ ਨੂੰ ੨੦ ਬੈਂਤ ਲਗਾਵਨ ਦਾ ਓਸਨੇ ਹੁਕਮ ਕਰਵਾਲਿਆ ਕਚੈਹਰੀ ਦੇ ਕਮਰੇ ਵਿਚੋਂ ਨਿਕਲਕੇ ਬਹਾਦਰ ਸਿੰਘ ਨੇ ਜਦ ਨਿਧਾਨ ਸਿੰਘ ਦਾ ਮੂੰਹ ਵੇਖਿਆ ਤਾਂ ਉਹ ਡਰ ਗਿਆ। ਨਿਧਾਨ ਸਿੰਘ ਮੂੰਹ ਵਿਚ ਹੌਲੇ ਹੌਲੇ ਆਖ ਰਿਹਾ ਸੀ:- “ਇਸ ਨੇ ਮੈਨੂੰ ਬੈਂਤ ਲਗਵਾਨੇ ਹਨ, ਹੱਛਾ! ਇਸ ਨੇ ਮੇਰੀ ਪਿਠ ਲਾਲ ਕਰਵਾਈ, ਤਾਂ ਮੈਂ ਇਸਦੀ ਕੌਈ ਹੋਰ ਚੀਜ ਲਾਲ ਕਰ ਦੇਵਾਂਗਾ।” ਇਹ ਗਲ ਸੁਣਕੇ ਬਹਾਦਰ ਸਿੰਘ ਫੇਰ ਕਚਹਿਰੀ ਦੇ ਅੰਦਰ ਦੌੜਿਆ ਗਿਆ ਤੇ ਆਖਣ ਲਗਾ: “ਹਜ਼ੂਰ! ਇਸ ਦੀ ਜ਼ਮਾਨਤ ਲੈ ਲੌ, ਇਹ ਮੇਰੇ ਘਰ ਨੂੰ ਸਾੜਨ ਦੀਆਂ ਧਮਕੀਆਂ ਦੇ ਰਿਹਾ ਹੈ।”
ਹਾਕਮ ਭਲਾ ਮਾਣਸ ਸੀ, ਉਸ ਨੇ ਦੋਹਾਂ ਨੂੰ ਬਥੇਰਾ ਸਮਝਾਇਆ। ਨਿਧਾਨ ਸਿੰਘ ਨੂੰ ਆਖਿਆ: “ਤੂੰ ਇਕ ਗਰਭ ਵਤੀ ਇਸਤ੍ਰੀ ਨੂੰ ਘੁਸੁੰਨ ਮਾਰਨ ਦੀ ਬੜੀ ਮੂਰਖਤਾ ਕੀਤੀ ਹੈ”। ਤੇ ਬਹਾਦਰ ਸਿੰਘ ਨੂੰ ਆਖਿਆ: “ਚੰਗਾ ਹੈ ਤੂੰ ਹੁਣ ਭੀ ਇਸ ਦੇ ਨਾਲ ਰਾਜ਼ੀਨਾਮਾਂ ਕਰ ਲੈ।” ਵੱਢੀ ਖਾਣ ਵਾਲੇ ਬਾਬੂ ਨੇ ਕੋਲੋਂ ਆਖਿਆ: “ਹਜ਼ੂਰ ਇਸ ਦਫਾ ਵਿਚ ਰਾਜ਼ੀਨਾਮਾ ਨਹੀਂ ਹੋ ਸਕਦਾ।” ਹਾਕਮ ਨੇ ਇਸ ਨੂੰ ਡਾਂਟਿਆ ਤੇ ਨਿਧਾਨ ਸਿੰਘ ਨੂੰ ਫਿਰ ਸਮਝਾਇਆ। ਨਿਧਾਨ ਸਿੰਘ ਦਾ ਮੂੰਹ ਗੁਸੇ ਨਾਲ ਲਾਲ ਹੋਇਆ ਹੋਇਆ ਸੀ। ਉਸ ਨੇ ਆਖਿਆ: “ਸਰਕਾਰ ਨਿਆਂ ਨਹੀਂ ਕਰਦੀ। ਇਸ ਝੂਠੇ ਬਹਾਦਰ ਸਿੰਘ ਦੇ ਆਖੇ ਲਗਕੇ ਜੋ ਸਜ਼ਾ ਮਿਲਦੀ ਹੈ, ਉਹ ਹਮੇਸ਼ਾ ਮੈਨੂੰ ਮਿਲਦੀ ਹੈ। ਮੇਰੀ ਉਮਰ ਹੁਣ ਪੰਜਾਹ ਸਾਲ ਦੀ ਹੈ, ਜੇ ਇਸ ਚਿੱਟੀ ਦਾਹੜੀ ਨਾਲ ਮੈਂ ਬੈਂਤ ਖਾਣੇ ਹਨ ਤਾਂ ਚੰਗਾ, ਪਰ ਮੈਂ ਭੀ ਇਕ ਵੇਰਾਂ ਵਿਖਾ ਛਡਾਂਗਾ ਜੋ ਨਿਧਾਨ ਸਿੰਘ ਕਿਸੇ ਮਰਦ ਦਾ ਪੁਤਰ ਹੈ।”
ਕਚਹਿਰੀਓਂ ਬਾਹਰ ਨਿਕਲਕੇ ਦੋਵੇਂ ਪਿੰਡ ਨੂੰ ਵਾਪਸ ਆ ਗਏ। ਬੁਢੇ ਬਾਪੂ ਦੇ ਪੁਛਣ ਤੇ ਜਦ ਬਹਾਦਰ ਸਿੰਘ ਨੇ ਦਸਿਆ ਜੋ ਨਿਧਾਨ ਸਿੰਘ ਨੂੰ ਬੈਂਤ ਪੈਣੇ ਹਨ, ਤਾਂ ਬੁਢਾ ਬਹੁਤ ਵਿਆਕੁਲ ਹੋਇਆ ਤੇ ਉਸ ਨੂੰ ਫਿਰ ਸਮਝਾਇਆ:- “ਪੁਤਰ ਲੜਾਈ ਵਿੱਚ ਲਭਦਾ ਕੁਝ ਨਹੀਂ, ਨਕਸਾਨ ਹੀ ਨੁਕਸਾਨ ਹੈ। ਵੇਖ ਇਹਨਾਂ ਸੱਤਾਂ ਸਾਲਾਂ ਵਿੱਚ ਕਿੱਤਨਾਂ ਨੁਕਸਾਨ ਹੋਇਆ ਹੈ। ਫਸਲ ਸਾਰੇ ਖਰਾਬ ਹੋ ਗਏ ਹਨ। ਐਤਕੀ ਤੇਰਾ ਕਮਾਦ ਇਸੇ ਲਈ ਖਰਾਬ ਹੋਇਆ ਹੈ ਜੋ ਤੂੰ ਵੇਲੇ ਸਿਰ ਨਹੀਂ ਬੀਜਿਆ ਸੀ। ਅਗੇ ਅਸੀਂ ਰਜਕੇ ਆਪ ਖਾਂਦੇ ਸਾਂ ਹੋਰਨਾਂ ਨੂੰ ਖੁਆਂਦੇ ਸਾਂ। ਪਸੂ ਡੰਗਰ ਵੱਧਦਾ ਜਾਂਦਾ ਸੀ। ਰੁਪਏ ਦੀ ਜਦ ਲੋੜ ਹੁੰਦੀ ਸੀ ਘਰੋਂ ਨਿਕਲ ਪੈਂਦਾ ਸੀ। ਹੁਣ ਸਾਡੀ ਕਮਾਈ ਰੁਪਏ ਵਿਚੋਂ ਬਾਰਾਂ ਆਨੇ ਸਰਕਾਰ ਦੇ ਘਰ ਜਾਂਦੀ ਹੈ। ਪੁਲੀਸ ਵਾਲਿਆਂ ਦੇ ਨਿਤ ਦਿਆਂ ਫੇਰਿਆਂ ਨੇ ਸਾਡੇ ਘਰ ਕੁਝ ਨਹੀਂ ਰਹਿਣ ਦਿਤਾ। ਹੁਣ ਅਸੀਂ ਆਪ ਰੱਜਕੇ ਨਹੀਂ ਖਾਂਦੇ ਪਰ ਸਾਡੀ ਕਮਾਈ ਵਿਚੋਂ ਪਰਾਏ ਮੌਜਾਂ ਮਾਣਦੇ ਹਨ।”
ਇਹ ਗੱਲਾਂ ਸੁਣਕੇ ਬਹਾਦਰ ਸਿੰਘ ਨੇ ਇਕ ਠੰਡਾ ਸਾਹ ਲਿਆ। ਬੁਢੇ ਨੇ ਸਮਝਿਆ ਜੋ ਸੱਤਾਂ ਸਾਲਾਂ ਪਿਛੋਂ ਅੱਜ ਮੇਰੀ ਗੱਲ ਉਹਨੂੰ ਕੁਝ ਅਸਰ ਕਰਨ ਲਗੀ ਹੈ। ਪਿਛਲੀ ਗਲ ਕਰਦਿਆਂ ਕਰਦਿਆਂ ਥਕ ਗਿਆ ਸੀ। ਦਮੇ ਦੀ ਬੀਮਾਰੀ ਦੇ ਕਾਰਨ ਸਾਹ ਚੜ੍ਹ ਗਿਆ ਸੀ। ਥੋੜੀ ਦੇਰ ਠਹਿਰਕੇ ਬੁਢਾ ਫਿਰ ਬੋਲਿਆ:- “ਪੁਤਰ, ਤੂੰ ਕ੍ਰੋਧ ਦੇ ਪਿਛੇ ਲਗਕੇ ਆਪਣਾ ਸਾਰਾ ਕੁਝ ਬਰਬਾਦ ਕਰ ਦਿਤਾ ਹੈ। ਤੂੰ ਘਰ ਦਾ ਸਰਦਾਰ ਸੀ। ਤੈਨੂੰ ਚਾਹੀਦਾ ਸੀ, ਤੂੰ ਆਪ ਧੀਰਜ ਵਾਲਾ ਹੁੰਦਾ, ਵਡੇ ਜਿਗਰੇ ਨਾਲ ਝਗੜੇ ਨਜਿਠਦਾ। ਪਰ ਤੈਨੂੰ ਵੇਖਕੇ ਘਰ ਵਿਚ ਸਾਰਿਆਂ ਨੇ ਲੜਾਈ ਪਿਛੇ ਲਕ ਬੰਨ੍ਹ ਲਿਆ ਹੈ। ਪਰਸੋਂ ਮੈਂ ਤੇਰੇ ਪੋਤਰੇ ਨੂੰ ਸੁਣਾਂਦਾ ਸਾਂ। ਉਹ ਅਜੇ ਮਸਾਂ ਚਹੁੰ ਵਰ੍ਹਿਆਂ ਦਾ ਸੀ ਪਰ ਨਿਧਾਨ ਸਿੰਘ ਕਿਆਂ ਨੂੰ ਗੰਦੀਆਂ ਗਾਲ੍ਹਾਂ ਪਿਆ ਕਢਦਾ ਸੀ ਤੇ ਉਸਦੀ ਮਾਂ ਸੁਣ ਸੁਣ ਕੇ ਹਸਦੀ ਸੀ। ਅਸੀਂ ਤਾਂ ਇਨ੍ਹਾਂ ਸੱਤਾਂ ਸਾਲਾਂ ਵਿਚ ਗੁਰੂ ਪੀਰ ਨੂੰ ਭੀ ਪਾਰਖਤੀ ਦੇ ਦਿਤੀ ਹੇ। ਅਗੇ ਤੂੰ ਪਾਠ ਕਰਦਾ ਹੁੰਦਾ ਸੀ, ਸਾਰਾ ਟਬਰ ਬਹਿਕੇ ਸੁਣਦਾ ਸੀ। ਅਸੀਂ ਗੁਰਪੁਰਬ ਮਨਾਂਦੇ ਸਾਂ। ਨੇੜੇ ਤੇੜੇ ਦੇ ਦੀਵਾਨਾਂ ਵਿਚ ਜਾਕੇ ਸੇਵਾ ਕਰਦੇ ਸਾਂ। ਸਾਰੇ ਇਲਾਕੇ ਵਿਚ ਤੇਰੀ ਨੇਕੀ ਸੀ। ਹੁਣ ਤੈਨੂੰ ਥਾਣੇਦਾਰ ਦੀਆਂ ਝਿੜਕਾਂ ਸੁਣਨ ਤੋਂ ਹੀ ਵੇਹਲ ਨਹੀ ਲਗਦੀ। ਇਸ ਜ਼ਿਦ ਨੇ ਜਿਥੇ ਤੇਰਾ ਮਾਇਆ ਦਾ ਬਹੁਤ ਨੁਕਸਾਨ ਕੀਤਾ ਹੈ, ਉਥੇ ਧਰਮ ਦਾ ਨਿੱਤ ਨੇਮ ਭੀ ਤੈਥੋਂ ਗਵਾਚ ਗਿਆ ਹੈ। ਤੈਨੂੰ ਦਿਨ ਰਾਤ ਝਗੜਿਆਂ ਦੇ ਹੀ ਸੁਪਨੇ ਆਉਂਦੇ ਹਨ। ਮੈਂ ਹੁਣ ਮਰਨ ਕਿਨਾਰੇ ਹਾਂ। ਸਰਪਰ ਇਹ ਸਮਾਂ ਤੇਰੇ ਉਪਰ ਇਕ ਦਿਨ ਆਵਣਾ ਹੈ। ਉਸ ਵੇਲੇ ਪਛਤਾਣ ਨਾਲੋਂ ਹੁਣ ਪਛਤੌਣਾ ਚੰਗਾ ਹੈ। ਮੇਰਾ ਤਾਂ ਜੀ ਕਰਦਾ ਹੈ ਤੂੰ ਨਿਧਾਨ ਸਿੰਘ ਦੇ ਔਗੁਣ ਭੁਲ ਜਾਹ। ਆਪਣੇ ਔਗੁਣ ਚੇਤੇ ਕਰ। ਹੁਣੇ ਉਸ ਦੇ ਘਰ ਜਾਕੇ ਆਪਣੀਆਂ ਵਧੀਕੀਆਂ ਦੀ ਖਿਮਾਂ ਮੰਗ। ਕੱਲ੍ਹ ਗੁਰੂ ਕਲਗੀਆਂ ਵਾਲੇ ਸ਼ਹਿਨਸ਼ਾਹਾ ਦਾ ਗੁਰਪੁਰਬ ਹੈ। ਦੋਵੇਂ ਟਬਰ ਇਕੱਠਾ ਕੜਾਹ ਪ੍ਰਸ਼ਾਦ ਕਰਾਵੋ ਤੇ ਬਾਜਾਂ ਵਾਲੇ ਦੇ ਚਰਨ ਸੇਵਕ ਹੋਕੇ ਇਕ ਦੂਜੇ ਨਾਲ ਪਿਆਰ ਕਰੋ।”
ਅੱਜ ਬਹਾਦਰ ਸਿੰਘ ਦੇ ਚਿਤ ਪੁਰ ਇਨ੍ਹਾਂ ਗੱਲਾਂ ਨੇ ਕੁਝ ਅਸਰ ਕੀਤਾ। ਉਸ ਨੇ ਆਪਣੀਆਂ ਵਧੀਕੀਆਂ ਯਾਦ ਕੀਤੀਆਂ ਤੇ ਕਈ ਅਯੋਗ ਗਲਾਂ ਚੇਤੇ ਆਈਆਂ ਤਾਂ ਚਿਤ ਵਿਚ ਪਛਤਾਇਆ। ਇਸ ਪਛਤਾਵੇ ਨਾਲ ਉਸਦਾ ਹਿਰਦਾ ਕੁਝ ਹੋਲਾ ਹੋ ਗਿਆ॥ ਕ੍ਰੌਧ ਦੀ ਪ੍ਰਚੰਡ ਅਗਨੀ ਅਗੇ ਮਨ ਨੂੰ ਸਾੜ ਰਹੀ ਸੀ ਉਹ ਹੁਣ ਕੁਝ ਧੀਮੀ ਪਈ ਤੇ ਇਸਦੇ ਜੀ ਵਿਚ ਆਇਆ:”ਮੈਂ ਆਪਣੇ ਗਵਾਂਢੀ ਨੂੰ ਬੈਂਤ ਪਵਾਕੇ ਕੀ ਲੈਣਾ ਹੈ, ਜ਼ੇ ਸਾਡਾ ਝਗੜਾ ਮਿਟ ਜਾਵੇ ਤਾਂ ਚੰਗੀ ਗੱਲ। ਹੈ”
ਬਹਾਦਰ ਸਿੰਘ ਅਜੇ ਇਹੋ ਸੋਚਦਾ ਸੀ ਕਿ ਉਸ ਦੀ ਵਹੁਟੀ ਤੇ ਨੂੰਹ ਤੇ ਹੋਰ ਦੋ ਚਾਰ ਜ਼ਨਾਨੀਆਂ ਅੰਦਰ ਆ ਗਈਆਂ ਤੇ ਉਨ੍ਹਾਂ ਨੇ ਦਸਿਆ ਜੋ ਨਿਧਾਨ ਸਿੰਘ ਦੇ ਘਰ ਵਾਲੀਆਂ ਕਹਿੰਦੀਆਂ ਹਨ, ਸਾਨੂੰ ਇਸ ਨੇ ਬੈਂਤ ਪਵਾਏ ਹਨ, ਅਸਾਂ ਇਕ ਅਰਜ਼ੀ ਅੱਜੋ ਲਾਟ ਸਾਹਿਬ ਨੂੰ ਭੇਜਦੇ ਹਾਂ, ਜਿਸ ਵਿਚ ਬਹਾਦਰ ਸਿੰਘ ਦੇ ਕੀਤੇ ਹੋਇ ਸਾਰੇ ਜ਼ੁਲਮ ਲਿਖਕੇ ਅਸੀਂ ਸਰਕਾਰ ਪਾਸੋਂ ਨਿਆਂ ਮੰਗਣਾਂ ਹੈ ਤੇ ਬਹਾਦਰ ਸਿੰਘ ਨੂੰ ਜ਼ਰੂਰ ਕਾਲੇ ਪਾਣੀ ਭਿਜਵਾਣਾ ਹੈ। ਥਾਣੇਦਾਰ ਨੂੰ ਵੱਢੀ ਦੇਕੇ ਕੱਲ ਅਸੀਂ ਬਹਾਦਰ ਸਿੰਘ ਨੂੰ ਜੁਤੀਆਂ ਮਰਵਾਣੀਆਂ ਹਨ। ਇਤ ਆਦਿਕ।
ਇਹ ਗੱਲਾਂ ਸੁਣਕੇ ਬਹਾਦਰ ਸਿਘ ਦੇ ਦਿਲ ਵਿਚ ਫਿਰ ਮੈਲ ਆ ਗਈ। ਸਤ ਸਾਲਾਂ ਦੀ ਕਾਲਖ ਇਕ ਦਿਨ ਵਿਚ ਕਿੰਵੇਂ ਧੋਤੀ ਜਾ ਸਕਦੀ ਹੈ। ਉਸ ਦਾ ਹੌਲਾ ਅੰਤਾਕਰਨ ਕੀ ਫਿਰ ਭਾਰਾ ਹੋ ਗਿਆ। ਮਥੇ ਤੇ ਵੱਟ ਪੈ ਗਏ ਤੇ ਉਹ ਬਾਹਰ ਚਲਿਆ ਗਿਆ।
ਆਪਣੇ ਘਰੋਂ ਬਾਹਰ ਨਿਕਲ ਕੇ ਉਸਨੂੰ ਸਾਮ੍ਹਣੇ ਨਿਧਾਨ ਸਿੰਘ ਦਾ ਘਰ ਦਿਸਿਆ, ਤੇ ਕਚਹਿਰੀ ਨਿਧਾਨ ਸਿੰਘ ਦੀ ਭਿਆਨਕ ਸ਼ਕਲ ਚੇਤੇ ਆ ਗਈ। ਆਪਣੇ ਚਿਤ ਵਿਚ ਉਸ ਨੇ ਫੈਸਲਾ ਕੀਤਾ ਕਿ ਮੈਂ ਨਿਧਾਨ ਸਿੰਘ ਤੇ ਉਸ ਦੇ ਖਾਨਦਾਨ ਨੂੰ ਬਰਬਾਦ ਕਰਕੇ ਛਡਾਂਗਾ।
ਇਸੇ ਦਿਨ ਸ਼ਾਮ ਨੂੰ ਬਹਾਦਰ ਸਿੰਘ ਆਪਣੇ ਘਰੋਂ ਬਾਹਰ ਨਿਕਲ ਕੇ ਘੋੜੀਆਂ ਦੀ ਖਬਰ ਲੈਣ ਵਾਸਤੇ ਅਸਤਬਲ ਨੂੰ ਜਾਣ ਲਗਾ। ਅਜੇ ਆਪਣੀ ਡੇਉਡੀ ਵਿਚ ਖੜਾ ਸੀ ਕਿ ਉਹਨੂੰ ਖਿਆਲ ਆਇਆ:- “ਨਿਧਾਨ ਸਿੰਘ ਨੇ ਆਖਿਆ ਸੀ ਤੁਸੀਂ ਮੇਰੀ ਪਿਠ ਲਾਲ ਕਰਨੀ ਹੈ, ਮੈਂ ਤੁਹਾਡੀ ਕੋਈ ਹੋਰ ਚੀਜ਼ ਬਹੁਤੀ ਲਾਲ ਕਰ ਦਿਆਂਗਾ। ਕੀ ਪਤਾ ਉਹ ਹੁਣੇ ਹੀ ਅੱਗ ਲਾਣ ਦੇ ਆਹਰ ਵਿਚ ਨਾ ਫਿਰਦਾ ਹੋਵੇ। ਜੇ ਮੈਂ ਉਸ ਨੂੰ ਐਸ ਵੇਲੇ ਫੜਾ ਦਿਆਂ ਤਾਂ ਅੱਗ ਲਾਣ ਦੇ ਜੁਰਮ ਵਿਚ ਘਟੋ ਘਟ ਦਸ ਸਾਲ ਕੈਦ ਹੋਵੇ।” ਇਹ ਸੋਚਕੇ ਉਹ ਡਿਉਢੀਓਂ ਬਾਹਰ ਨਿਕਲਿਆ ਤੇ ਵੇਖਿਓਸੂ ਕਿ ਵਾੜੇ ਦੇ ਪਾਸ ਕੋਈ ਆਦਮੀ ਫਿਰਦਾ ਹੈ। ਹਨੇਰਾ ਹੋ ਜਾਣ ਕਰਕੇ ਇਹ ਨਾਂ ਪਛਾਣ ਸਕਿਆ ਜੋ ਆਦਮੀ ਕੌਣ ਹੈ, ਤੇ ਉਹ ਆਦਮੀ ਵੀ ਬਹਾਦਰ ਸਿੰਘ ਨੂੰ ਵੇਖਕੇ ਪਰਲੇ ਪਾਸੇ ਤੁਰ ਗਿਆ। ਜਦ ਬਹਾਦਰ ਸਿੰਘ ਉਸ ਥਾਂ ਤੇ ਪਹੁੰਚਿਆ, ਉਥੇ ਆਦਮੀ ਕੋਈ ਨਹੀਂ ਸੀ। ਠੰਡੀ ਪੌਣ ਚਲਦੀ ਸੀ ਤੇ ਉਸ ਨਾਲ ਦਰੱਖਤਾਂ ਦੇ ਸੂਕੇ ਪਤਰ ਉੜ ਰਹੇ ਸਨ। ਰਤਾਕੁ ਉਥੇ ਅੜਾ ਰਹਿਣ ਪਿਛੋਂ ਉਹਦੇ ਜੀ ਵਿਚ ਆਇਆ:- “ਕੀ ਪਤਾ ਉਹ ਆਦਮੀ ਨਿਧਾਨ ਸਿੰਘ ਹੋਵੇ, ਮੈਂ ਜਾਕੇ ਵੇਖਾਂ ਤਾਂ ਸਹੀ।” ਇਹ ਸੋਚਕੇ ਜਦ ਉਹ ਆਪਣੇ ਘਰ ਦੇ ਪਰਲੇ ਪਾਸੇ ਗਿਆ, ਤਾਂ ਉਸ ਨੇ ਦੂਰੋਂ ਵੇਖਿਆ ਕਿ ਪਸੂਆਂ ਵਾਲੇ ਛਪਰ ਦੇ ਪਾਸ ਕੋਈ ਆਦਮੀ ਸੁਕੇ, ਘਾਹ ਦੇ ਪੂਲੇ ਨੂੰ ਅਗ ਲਾ ਰਿਹਾ ਹੈ। ਬਹਾਦਰ ਸਿੰਘ ਤੇਜ਼ੀ ਨਾਲ ਉਸ ਪਾਸੇ ਤੁਰਿਆ ਅਪਣੇ ਜੀ ਵਿਚ ਆਖਦਾ ਸੀ: “ਲੌ ਹੁਣ ਨਿਧਾਨ ਸਿੰਘ ਕਾਲੇ ਪਾਣੀ ਪਹੁੰਚਿਆ ਕਿ ਪਹੁੰਚਿਆ।” ਇਸ ਦੇ ਉਥੇ ਪਹੁੰਚਦਿਆਂ ਭਾਂਬੜ ਭੜਕ ਉਠਿਆ ਤੇ ਸੁਕੇ ਘਾਹ ਵਿਚੋਂ ਅੱਗ ਦੀ ਲੰਬ ਨਿਕਲ ਪਈ ਤੇ ਅੱਗ ਕੱਖਾਂ ਦੇ ਛਪਰ ਦੇ ਨੇੜੇ ਪਹੁੰਚ ਗਈ। ਇਸ ਦੇ ਚਾਨਣ, ਵਿਚ ਨਿਧਾਨ ਸਿੰਘ ਖੜਾ ਹੋਇਆ ਸਾਫ ਦਿਸਦਾ ਸੀ। ਬਹਾਦਰ ਸਿੰਘ ਹੋਰ ਤੇਜ਼ ਹੋਕੇ ਫੜਨ ਲਈ ਦੌੜਿਆ, ਪਰ ਨਿਧਾਨ ਸਿੰਘ ਨੇ ਕਿਤੇ ਕਦਮਾਂ ਦੀ ਅਵਾਜ਼ ਸੁਣ ਲਈ ਤੇ ਉਹ ਭੀ ਛੇਤੀ ਨਾਲ ਹਰਨ ਹੋ ਗਿਆ।
ਬਹਾਦਰ ਸਿੰਘ ਨੇ ਅਵਾਜ਼ ਦਿਤੀ: “ਹੁਣ ਬਚਕੇ ਕਿਥੇ ਜਾੲਗਾ?” ਤੇ ਤੀਰ ਵਾਂਗਉ ਸਦੇ ਪਿਛੇ ਦੌੜਿਆ ਥੋੜੀ ਦੂਰ ਜਾਕੇ ਬਹਾਦਰ ਸਿੰਘ ਨੇ ਨਿਧਾਨ ਸਿੰਘ ਦੀ ਪਗੜੀ ਨੂੰ ਹਥ ਪਾਇਆ ਨਿਧਾਨ ਸਿੰਘ ਤਾਂ ਸਜੇ ਪਾਸੇ ਦਾਉ ਮਾਰਕੇ ਨਿਕਲ ਗਿਆ, ਪਰ ਉਹਦੀ ਪੱਗ ਬਹਾਦਰ ਸਿੰਘ ਦੇ ਹੱਥ ਵਿਚ ਹੀ ਰਹੀ। ਬਹਾਦਰ ਸਿੰਘ ਆਪਣੇ ਆਪ ਨੂੰ ਨਾਂ ਮੰਭਾਲ ਸਕਿਆ ਤੇ ਉਸਦੇ ਪੈਰ ਤਿਲਕ ਗਏ। ਪਰ ਉਸ ਨੇ ਹਾਲ ਦੁਹਾਈ ਪਾਈ: “ਚੋਰ, ਚੋਰ, ਫੜ ਲੌ!” ਨਿਧਾਨ ਸਿੰਘ ਆਪਣੇ ਘਰ ਵਲ ਦੌੜ ਗਿਆ, ਤੇ ਬਹਾਦਰ ਸਿੰਘ ਵੀ ਜਦ ਉਠਕੇ ਫਿਰ ਪਿਛੇ ਦੌੜਿਆ, ਤਾਂ ਨਿਧਾਨ ਸਿੰਘ ਨੇ ਉਸਦੇ ਸਿਰ ਵਿਚ ਡਾਂਗ ਮਾਰਕੇ ਉਹਨੂੰ ਲੰਮਾ ਪਾ ਦਿਤਾ।
ਬਹਾਦਰ ਸਿੰਘ ਦੇ ਸਿਰ ਵਿਚ ਸਟ ਵੱਜੀ, ਉਸ ਦੀਆਂ ਅੱਖਾਂ ਅਗੇ ਤਾਰੇ ਆ ਗਏ ਫਿਰ ਅਖਾਂ ਅਗੇ ਹਨੇਰਾ ਹੋ ਗਿਆ ਤੇ ਉਹ ਡਿਗ ਪਿਆ। ਕੁਝ ਚਿਰ ਪਿਛੋਂ ਜਦ ਉਸਨੂੰ ਹੋਸ਼ ਆਈ ਤਾਂ ਕੀ ਵੇਖਦਾ ਹੈ ਕਿ ਦਿਨ ਵਰਗਾ ਚਾਨਣਾਂ ਹੋਇਆ ੨ ਹੈ। ਪਸੂਆਂ ਵਾਲਾ ਕੋਠਾ, ਅਸਤੱਬਲ, ਭੋਹ ਦੀ ਧੜ ਤੇ ਕਣਕ ਦੇ ਕੋਠੇ ਨੂੰ ਵੀ ਅਗ ਲਗੀ ਹੋਈ ਹੈ, ਤੇ ਹੁਣ ਘਰ ਨੂੰ ਭੀ ਚੰਡੀ ਆਪਣੀ ਭੇਟ ਲੈਣਾ ਚਹੁੰਦੀ ਹੈ।
ਬਹਾਦਰ ਸਿੰਘ ਦੀ ਚੀਕ ਨਿਕਲ ਗਈ, ਉਸਨੇ ਸਥਰਾ ਤੇ ਹਥ ਮਾਰਕੇ ਆਖਿਆ: “ਯਾਰੋ ਇਹ ਕੀ ਹੋਗਿਆ, ਜੇ ਮੈਂ ਉਸ ਵੇਲੇ ਸੁਕੇ ਘਾਹ ਵਾਲੀ ਅੱਗ ਵਿਸਮਾ ਦੇਂਦਾ ਤਾਂ ਕਿਥੋਂ ਭਾਂਬੜ ਮਚਣਾਂ ਸੀ।” ਮੁੜ ਮੁੜ ਉਹਦੇ ਮੂੰਹ ਵਿਚੋਂ ਇਹ ਹੀ ਨਿਕਲੇ: “ਯਾਰੋ ਆਹ ਕੀ ਹੋਗਿਆ।” ਉਹ ਅਵਾਜ਼ ਮਾਰਨ ਲੱਗਾ,ਪਰ ਸ਼ੋਕ ਨਾਲ ਉਹਦੇ ਮੂੰਹ ਵਿਚੋਂ ਆਵਾਜ਼ ਭੀ ਨਾ ਨਿਕਲੇ ਉਹ ਦੌੜਨ ਲਗਾ ਤੇ ਲਤਾਂ ਜਵਾਬ ਦੇਈ ਜਾਣ। ਉਹ ਆਹਿਸਤਾ ੨ ਤੁਰਨ ਲਗਾ,ਪਰ ਫਿਰ ਲੜਖੜਾਕੇ ਡਿਗ ਪਿਆ। ਜਦ ਥੋੜੇ ਚਿਰ ਪਿਛੋਂ ਕੁਝ ਆਸੰਗ ਆਈ ਤੇ ਘਰ ਵਲ ਤੁਰਿਆ ਤੇ ਵੇਖਿਓਸੂ, ਅੱਗ ਡਿਉਢੀ ਵਿਚ ਫਿਰਦੀ ਸੀ। ਲੋਕ ਬਹੁਤ ਸਾਰੇ ਕੱਠੇ ਹੋਇ ੨ ਸਨ, ਗਵਾਂਢੀ ਆਪਣੇ ਘਰਾਂ ਨੂੰ ਅੱਗਦੇ ਡਰ ਤੋਂ ਖਾਲੀ ਪਏ ਕਰਦੇ ਸਨ ਤੇ ਆਪਣੇ ਡੰਗਰਾਂ ਪਸੂਆਂ ਨੂੰ ਬਾਹਰ ਹੱਕੀ ਜਾਂਦੇ ਸਨ। ਬਹਾਦਰ ਸਿੰਘ ਦੇ ਨਾਲ ਹੀ ਨਿਧਾਨ ਸਿੰਘ ਦੇ ਘਰ ਦੀ ਵਾਰੀ ਆ ਗਈ। ਉਥੇ ਭੀ ਅਗਨੀ ਦਾ ਝੰਡਾ ਝੁਲਣ ਲਗਾ। ਉਥੇ ਪੈਰ ਜਮਾਕੇ ਅਗ ਗਲੀ ਦੇ ਦੂਜੇ ਪਾਸੇ ਹੋ ਗਈ ਤੇ ਥੋੜੇ ਚਿਰ ਵਿਚ ਅਧਾ ਪਿੰਡ ਅਗ ਦੇ ਕਾਬੂ ਵਿਚ ਆ ਗਿਆ।
ਬਹਾਦਰ ਸਿੰਘ ਦੇ ਘਰ ਵਿਚੋਂ ਕੁਝ ਵੀ ਨਾਂ ਬਚਿਆ। ਘਰ ਦੇ ਜੀ, ਆਪਣੇ ਉਪਰ ਵਾਲੇ ਕਪੜੇ ਲੈਕੇ ਨਿਕਲ ਆਏ ਤੇ ਬੀਮਾਰ ਬਾਪੂ ਨੂੰ ਮਸਾਂ ਚੁਕ ਕੇ ਬਾਹਰ ਕਢਿਆ। ਕੁਝ ਬੌਲਦ ਬਾਹਰ ਪੈਲੀਆਂ ਵਿਚ ਸਨ, ਉਹ ਬਚ ਗਏ। ਬਾਕੀ ਸਾਰੇ ਡੰਗਰ, ਪਸੂ ਮੁਰਗੀਆਂ, ਗੱਡੇ ਹਲ ਪੰਜਾਲੀਆਂ, ਦਾਣਾਂ ਫੱਕਾ, ਜ਼ਨਾਨੀਆਂ ਦੇ ਟਰੰਕ ਤੇ ਕਪੜੇ ਲਤੇ ਸਭ ਸੁਆਹ ਹੋ ਗਏ।
ਨਿਧਾਨ ਸਿੰਘ ਦੇ ਘਰ ਵਿਚੋਂ ਪਸੂ ਬਾਹਰ ਹਕੇ ਗਏ ਤੇ ਇਕ ਦੋ ਕਪੜੇ ਬਚ ਗਏ।
ਅਗ ਸਾਰੀ ਰਾਤ ਚਲਦੀ ਰਹੀ ਬਹਾਦਰ ਸਿੰਘ ਆਪਣੇ ਸੜਦੇ ਹੋਏ ਘਰ ਦੇ ਸਾਹਮਣੇ ਖੜਾ ਹੋਕੇ ਕਹਿੰਦਾ ਰਿਹਾ: “ਯਾਰੋ ਆਹ ਕੀ ਹੋ ਗਿਆ? ਜੇ ਮੈਂ ਬਲਦਾ ਹੋਇਆ ਸੁਕਾ ਘਾਹ ਬੁਝਾ ਦੇਂਦਾ ਤਾਂ ਇਉਂ ਨਾ ਹੁੰਦਾ।” ਜਦ ਉਸਦੇ ਮਕਾਨ ਦੀ ਛਤ ਡਿਗੀ, ਤਾਂ ਬਹਾਦਰ ਸਿੰਘ ਬਾਵਲਿਆਂ ਵਾਂਗ ਅਗ ਵਿਚ ਦੌੜ ਪਿਆ। ਉਸਦੇ ਪੁੱਤਰ ਨੇ ਉਹਨੂੰ ਦੌੜ ਕੇ ਫੜ ਲਿਆ ਤੇ ਧਰੂਹ ਕੇ ਬਾਹਰ ਲੈ ਆਂਦਾ। ਪਰ ਇੰਨੇ ਵਿਚ ਉਸਦੇ ਕੁਝ ਕੇਸ, ਦਾਹੜੀ ਤੇ ਕਪੜੇ ਸੜ ਗਏ ਤੇ ਹਥ ਝੁਲਸ ਗਏ, ਪਰ ਬਹਾਦਰ ਸਿੰਘ ਨੂੰ ਪਤਾ ਨਹੀਂ ਸੀ। ਓਹ ਇਹੋ ਗੱਲ ਆਖਦਾ ਰਿਹਾ: “ਯਾਰੋ ਆਹ ਕੀ ਹੋ ਗਿਆ!” ਲੋਕ ਕਹਿਣ: “ਏਹ ਸੁਦਾਈ ਹੋ ਗਿਆ ਹੈ।”
ਦੂਜੇ ਦਿਨ ਸਵੇਰੇ ਜ਼ੈਲਦਾਰ ਦਾ ਪੁਤਰ ਬਹਾਦਰ ਸਿੰਘ ਨੂੰ ਬੁਲਾਣ ਆਇਆ ਕਿ ਤੇਰਾ ਬੁਢਾ ਪਿਉ ਮਰਨ ਲਗਾ ਹੈ। ਜਦ ਇਹ ਮੁੰਡਾ ਬਹਾਦਰ ਸਿੰਘ ਨੂੰ ਬਾਂਹ ਤੋਂ ਧਰੂਹ ਕੇ ਆਪਣੇ ਘਰ ਲੈ ਗਿਆ, ਤਾਂ ਬਹਾਦਰ ਸਿੰਘ ਨੇ ਦੇਖਿਆ ਕਿ ਬੁਢਾ ਬਹੁਤ ਨਿਰਬੱਲ ਹੋ ਗਿਆ, ਬਸ ਹੁਣ ਨਦੀ ਕਿਨਾਰੇ ਰੁਖੜਾ ਹੈ ਤੇ ਦੋ ਚਾਰ ਸਵਾਸਾਂ ਦੀ ਉਡੀਕ ਵਿਚ ਹੈ। ਬੁਢੇ ਦੀ ਦ੍ਰਿਸ਼ਟੀ ਮੁਕ ਚੁਕੀ ਸੀ, ਤੇ ਸੁਣਨ ਸ਼ਕਤੀ ਵੀ ਹੌਲੇ ੨ ਜਵਾਬ ਦੇ ਰਹੀ ਸੀ। ਬਹਾਦਰ ਸਿੰਘ ਨੇ ਨੇੜੇ ਜਾਕੇ ਉੱਚੀ ਅਵਾਜ਼ ਨਾਲ ਕਿਹਾ, “ਬਾਪੂ ਮੈਂ ਆ ਗਿਆ ਹਾਂ।”
ਬੁਢੇ ਬਾਪੂ ਨੇ ਪਾਸਾ ਬਦਲਣ ਦੀ ਕੋਸ਼ਸ਼ ਕੀਤੀ ਪਰ ਵਿਅਰਥ। ਫਿਰ ਹੌਲੀ ੨ ਪੁਛਿਆ ਕਿ: “ਪੁੱਤਰ ਬਹਾਦਰ ਸਿੰਘਾ! ਪਿੰਡ ਨੂੰ ਅੱਗ ਕਿਸ ਨੇ ਲਾਈ ਸੀ?”
ਬਹਾਦਰ ਸਿੰਘ:— ਬਾਪੂ ਅੱਗ ਓਸਨੇ ਲਾਈ, ਮੈਂ ਓਹਨੂੰ ਅੱਗ ਲਾਂਦਿਆਂ ਫੜਿਆ, ਉਸਨੇ ਸੁਕੇ ਘਾਹ ਨਾਲ ਛੱਪਰ ਦੇ ਨੇੜੇ ਅੱਗ ਲਾਈ। ਜੇ ਮੈਂ ਉਸ ਨੂੰ ਫੜਨ ਦੀ ਥਾਂ ਘਾਹ ਵਾਲੀ ਅੱਗ ਬਝਾ ਦੇਂਦਾ ਤਾਂ ਪਿੰਡ ਨਾਂ ਸੜਦਾ।
ਬਾਪੂ:-ਬਹਾਦਰ ਸਿੰਘਾ, ਮੈਂ ਮੌਤ ਦੀ ਝੋਲੀ ਵਿਚ ਹਾਂ, ਕਦੇ ਤੂੰ ਵੀ ਏਸੇ ਤਰ੍ਹਾਂ ਲੇਟਣਾ ਹੈ। ਹੁਣ ਦੱਸ ਕਸੂਰ ਕਿਸਦਾ ਹੈ?
ਬਹਾਦਰ ਸਿੰਘ ਸ਼ਰਮਿੰਦਾ ਹੋਕੇ ਚੁਪ ਕਰ ਰਿਹਾ, ਓਹਦੇ ਮੂੰਹ ਵਿਚੋਂ ਗੱਲ ਨਾਂ ਨਿਕਲੇ।
ਬਾਪੂ:- ਹੁਣ ਗੁਰੂ ਨੂੰ ਹਾਜ਼ਰ ਨਾਜ਼ਰ ਰਖਕੇ ਦੱਸ, ਕਸੂਰ ਕਿਸਦਾ ਹੈ?
ਹੁਣ ਬਹਾਦਰ ਸਿੰਘ ਨੂੰ ਹੋਸ਼ ਆਈ ਤੇ ਉਹਦੀਆਂ ਅੱਖਾਂ ਖੁਲ੍ਹੀਆਂ, ਕਹਿਣ ਲਗਾ “ਕਸੂਰ ਮੇਰਾ ਹੈ।” ਹੱਥ ਜੋੜਕੇ ਬਾਪੂ ਦੇ ਕੋਲ ਬੈਠ ਗਿਆ: “ਬਾਪੂ ਮੈਨੂੰ ਖਿਮਾਂ ਕਰ, ਮੈਂ ਤੇਰਾ ਤੇ ਰੱਬ ਦਾ ਦੇਣਦਾਰ ਹਾਂ।”
ਬੁੱਢੇ ਨੇ ਸੱਜੀ ਬਾਂਹ ਹਿਲਾਣ ਦਾ ਯਤਨ ਕੀਤਾ, ਪਰ ਬਾਂਹ ਨਾਂ ਹਿੱਲੀ, ਉਸਦੇ ਮੂੰਹੋਂ ਦੋ ਚਾਰ ਵਾਰੀ ਵਾਹਿਗੁਰੂ, ਵਾਹਿਗੁਰੂ, ਨਿਕਲ ਗਿਆ, ਆਪਣੀਆਂ ਦ੍ਰਿਸ਼ਟ ਹੀਨ ਅੱਖਾਂ ਪੁਤਰ ਵੱਲ ਕਰਕੇ ਕਹਿਣ ਲੱਗਾ:
“ਬਹਾਦਰ ਸਿੰਘਾ, ਓਏ ਬਹਾਦਰ ਸਿੰਘਾ।”
“ਜੀ ਬਾਪੂ”
“ਹੁਣ ਤੂੰ ਕੀ ਕਰਨਾ ਹੈਂ?”
ਬਹਾਦਰ ਸਿੰਘ ਰੋ ਰਿਹਾ ਸੀ: “ਪਤਾ ਨਹੀਂ, ਬਾਪੂ, ਦੱਸ ਹੁਣ ਕਿਵੇਂ ਗੁਜ਼ਾਰਾ ਕਰੀਏ?”
ਬੁੱਢੇ ਦੀਆਂ ਹੁਣ ਸਾਰੀਆਂ ਦੁਨਿਆਵੀ ਸ਼ਕਤੀਆਂ ਖਤਮ ਹੋ ਚਲੀਆਂ ਸਨ, ਬੁਝਣ ਵਾਲੀ ਬੱਤੀ ਦੀ ਅਖ਼ੀਰੀ ਜੋਤ ਵਾਂਗ ਉਸਨੇ ਹੌਲੇ ਹੌਲੇ ਕਿਹਾ:
“ਆਪੇ ਗੁਜ਼ਾਰਾ ਕਰੇਂਗਾ, ਤੂੰ ਰੱਬ ਦਾ ਹੁਕਮ ਮੰਨ, ਗੁਰੂ ਤੇਰੀ ਪੈਜ ਰਖੇਗਾ, ਸੁਣ ਓਇ ਬਹਾਦਰ ਸਿੰਘਾ! ਅੱਗ ਲਾਣ ਵਾਲੇ ਦਾ ਨਾਮ ਨਾ ਦਸੀਂ। ਤੂੰ ਦੂਜੇ ਦਾ ਪਰਦਾ ਕੱਜ, ਰੱਬ ਤੇਰਾ ਪਰਦਾ ਕਜੇਗਾ। ਵਾਹਿਗੁਰੂ, ਵਾਹਿਗੁਰੂ ਵਾਹ:-।”ਇਉਂ ਕਹਿੰਦਿਆਂ ਬੁੱਢਾ ਇਸ ਅਸਾਰ ਸੰਸਾਰ ਤੋਂ ਕੂਚ ਕਰ ਗਿਆ। ਬੂੰਦ ਸਾਗਰ ਵਿਚ ਰਲ ਗਈ।
ਨਿਧਾਨ ਸਿੰਘ ਉਡੀਕਦਾ ਸੀ ਕਿ ਬਹਾਦਰ ਸਿੰਘ ਨੇ ਮੇਰਾ ਨਾਮ ਅੱਗ ਲਾਣ ਬਾਬਤ ਲੋਕਾਂ ਨੂੰ ਦਸ ਦੇਣਾ ਹੈ, ਪਰ ਇਕ ਦਿਨ ਬੀਤ ਗਿਆ, ਫਿਰ ਦੋ ਬੀਤ ਗਏ। ਬਹਾਦਰ ਸਿੰਘ ਤੇ ਨਿਧਾਨ ਸਿੰਘ ਦੋਹਾਂ ਦੇ ਮਨ ਇਕ ਦੂਜੇ ਦੇ ਨੇੜੇ ਹੋ ਗਏ। ਉਨ੍ਹਾਂ ਨੇ ਲੜਨਾਂ ਬੰਦ ਕਰ ਦਿਤਾ ਤੇ ਜ਼ਨਾਨੀਆਂ ਦੀ ਲੜਾਈ ਭੀ ਖ਼ਤਮ ਹੋ ਗਈ। ਜਦ ਅੱਗ ਬੁਝ ਜਾਣ ਪਿਛੋਂ ਨਵੇਂ ਕੋਠੇ ਪਾਣ ਲਗੇ, ਤਾਂ ਕੁਝ ਚਿਰ ਦੋਹਾਂ ਟਬਰਾਂ ਨੇ ਇਕੇ ਘਰ ਵਿਚ ਗੁਜ਼ਾਰਾ ਕੀਤਾ ਤੇ ਭਾਂਵੇਂ ਉਹ ਹੁਣ ਦੂਰ ੨ ਘਰ ਬਣਾ ਸਕਦੇ ਸਨ ਪਰ ਉਨ੍ਹਾਂ ਨੇ ਉਸੇ ਪੁਰਾਣੀ ਥਾਂ ਤੇ ਘਰ ਬਣਾਏ ਤੇ ਹੁਣ ਪੂਰੇ ਮਿਤਰ ਬਣਕੇ ਰੈਂਹਦੇ ਹਨ।
ਹੁਣ ਜਦ ਕੋਈ ਝਗੜੇ ਵਾਲਾ ਬਹਾਦਰ ਸਿੰਘ ਦੀ ਸਲਾਹ ਲੈਣ ਆਂਵਦਾ ਹੈ, ਤਾਂ ਬਹਾਦਰ ਸਿੰਘ ਉਸਨੂੰ ਬੜੀ ਦਰਦ ਭਰੀ ਆਵਾਜ਼ ਵਿਚ ਆਖਦਾ ਹੈ:-“ਮਿਤਰਾ, ਇਸ ਚਿੰਗਾਰੀ ਨੂੰ ਬੁਝਾ ਛੱਡ, ਨਹੀਂ ਤਾਂ ਭਾਂਬੜ ਭੜਕ ਪਏਗਾ।”
-ਅਨੁਵਾਦਕ: ਅਭੈ ਸਿੰਘ 

Comment here