ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਇਕੱਲੇ ਬਾਦਲ ਦੋਸ਼ੀ ਨੀਂ, ਪਿਛਲੱਗੂ ਅਕਾਲੀ ਲੀਡਰ ਤੇ ਜਥੇਦਾਰ ਵੀ ਭਾਈਵਾਲ!

ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਚਾਰ ਇਕ ਸ਼ਖ਼ਸ ਨੂੰ 100 ਸਾਲ ਵਾਸਤੇ ਦੇ ਕੇ ਬਾਦਲ ਪ੍ਰਵਾਰ ਦਾ ਏਕਾਧਿਕਾਰ ਬਣਾ ਦਿਤਾ ਗਿਆ ਹੈ ਤੇ ‘ਜਥੇਦਾਰ’ ਨੂੰ ਕੋਈ ਚਿੰਤਾ ਨਹੀਂ। ਅਕਾਲੀ ਦਲ ਦਾ ਪੰਜਾਬ ਵਿਚ ਤਿੰਨ ਸੀਟਾਂ ’ਤੇ ਸਿਮਟ ਕੇ ਰਹਿ ਜਾਣਾ ਕੀ ਅਸਲ ਵਿਚ ਚਿੰਤਾ ਦਾ ਵਿਸ਼ਾ ਹੈ ਜਾਂ ਜਸ਼ਨ ਮਨਾਉਣ ਦਾ? ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਪੰਜਾਬ ਲਈ ਮਾੜਾ ਹੈ ਤੇ ਇਸ ਨਾਲ ਸਿੱਖਾਂ ਨੂੰ ਨੁਕਸਾਨ ਹੋਵੇਗਾ ਪਰ ਆਮ ਸਿੱਖ ਅੱਜ ਜਸ਼ਨ ਮਨਾ ਰਿਹਾ ਹੈ। ਆਮ ਸਿੱਖ ਨੂੰ ਲਗਦਾ ਹੈ ਕਿ ਇਹ ਸਿੱਖਾਂ ਦੀ ਆਵਾਜ਼ ਦਾ ਨਹੀਂ ਬਲਕਿ ਬਾਦਲ ਪ੍ਰਵਾਰ ਦਾ ਖ਼ਾਤਮਾ ਹੋਇਆ ਹੈ। ਜੇ ਤਾਂ ਗਿਆਨੀ ਹਰਪ੍ਰੀਤ ਸਿੰਘ ਸਮਝਦੇ ਹਨ ਕਿ ਸਾਰੀ ਸਿੱਖੀ ਕੇਵਲ ਬਾਦਲਾਂ ਦੇ ਸਹਾਰੇ ਹੀ ਟਿਕੀ ਹੋਈ ਹੈ, ਫਿਰ ਤਾਂ ਉਨ੍ਹਾਂ ਦਾ ਡਰ ਸਹੀ ਹੈ ਪਰ ਜੇ ਉਹ ਸਿੱਖੀ ਨੂੰ ਇਕ ਅਜ਼ਲੀ ਤੇ ਅੱਵਲੀਨ ਫ਼ਲਸਫ਼ਾ ਸਮਝਦੇ ਹਨ ਤਾਂ ਖ਼ਤਰਾ ਬਹੁਤ ਦੇਰ ਤੋਂ ਉਸ ਦੇ ਸਿਰ ’ਤੇ ਮੰਡਰਾ ਰਿਹਾ ਸੀ ਤੇ ਅਕਾਲੀ ਲੀਡਰਾਂ ਦੇ ਸਿੱਖੀ, ਪੰਥ ਤੋਂ ਦੂਰ ਜਾਣ ਕਰ ਕੇ ਮੰਡਰਾ ਰਿਹਾ ਸੀ। ਅੱਜ ਤਾਂ ਪਹਿਲੀ ਵਾਰ ਸਿੱਖਾਂ ਨੇ ਅਪਣੇ ਆਪ ਨੂੰ ਆਜ਼ਾਦ ਕਰਨ ਤੇ ਸਿੱਖੀ ਨੂੰ ਅਜ਼ਲੀ ਫ਼ਲਸਫ਼ਾ ਘੋਸ਼ਿਤ ਕਰਨ ਹਿਤ ਇਕ ਕਦਮ ਚੁੁਕਿਆ ਹੈ। ਆਮ ਆਦਮੀ ਪਾਰਟੀ ਨੂੰ ਵੋਟ ਦੇਣਾ ਇਕ ਪੰਥਕ ਜਾਂ ਧਾਰਮਕ ਸਿਆਸੀ ਫ਼ੈਸਲਾ ਨਹੀਂ ਬਲਕਿ ਜ਼ਿੰਦਗੀ ਵਿਚ ਇਮਾਨਦਾਰ ਸਰਕਾਰ ਬਣਾਉਣ ਲਈ ਸਿਆਸੀ ਆਗੂਆਂ ਵਲੋਂ ਥਾਪੇ ‘ਧਾਰਮਕ’ ਆਗੂਆਂ ਦੇ ਦਬਾਅ ਤੋਂ ਆਜ਼ਾਦ ਹੋ ਕੇ ਲਿਆ ਚੰਗਾ ਫ਼ੈਸਲਾ ਹੈ। ਪਹਿਲਾਂ ਪੰਥ ਨੂੰ ਬਚਾਉਣ ਦੇ ਇਰਾਦੇ ਅਤੇ ਜਜ਼ਬੇ ਨਾਲ ਆਮ ਸਿੱਖ ਅਕਾਲੀ ਦਲ ਨਾਲ ਜੁੜਦਾ ਗਿਆ ਪਰ ਅਕਾਲੀ ਹਾਕਮ ਜਦ ਆਪ ਹੀ ਪੰਥ ਨੂੰ ਛੱਡ ਗਏ ਤੇ ਵਜ਼ੀਰੀਆਂ, ਦੌਲਤ ਦੇ ਅੰਬਾਰਾਂ ਹੇਠ ਦਬ ਕੇ ਸਿੱਖਾਂ ਦੇ ਘਰ ਨੂੰ ਹੀ ਤਬਾਹ ਕਰ ਗਏ ਤਾਂ ਸਿੱਖ ਕਦ ਤਕ ਉਨ੍ਹਾਂ ਦੀ ਕਦਮ-ਬੋਸੀ ਕਰਦੇ ਰਹਿੰਦੇ? ਸਿੱਖ ਪੰਥ ਨੂੰ ਖ਼ਤਰਾ ਇਸ ਫ਼ੈਸਲੇ ਨਾਲੋਂ ਕਿਤੇ ਪਹਿਲਾਂ ਸ਼ੁਰੂ ਹੋ ਗਿਆ ਸੀ ਤੇ ਸਾਰੀ ਗ਼ਲਤੀ ਬਾਦਲ ਪ੍ਰਵਾਰ ਤੇ ਮੜ੍ਹਨ ਤੋਂ ਪਹਿਲਾਂ ਇਹ ਯਾਦ ਰਖਣਾ ਚਾਹੀਦਾ ਹੈ ਕਿ ਜੋ ਲੋਕ ਚੁੱਪ ਚਾਪ ਜ਼ੁਲਮ ਵਰਤਦਾ ਵੇਖਣ ਦੇ ਆਦੀ ਬਣ ਜਾਂਦੇ ਹਨ, ਉਹ ਵੀ ਗੁਨਾਹਗਾਰ ਹੁੰਦੇ ਹਨ। ਜੇ ਬਾਦਲ ਪ੍ਰਵਾਰ ਨੇ ਗੁਰੂ ਘਰਾਂ ਦੀ ਦੁਰਵਰਤੋਂ ਕੀਤੀ ਤਾਂ ਬਾਕੀ ਅਕਾਲੀ ਆਗੂ ਵੀ ਪਿਛੇ ਨਹੀਂ ਸਨ। ਉੁਨ੍ਹਾਂ ਅਪਣੀਆਂ ਛੋਟੀਆਂ ਤਿਜੋਰੀਆਂ ਭਰਨ ਦੇ ਲਾਲਚ ਵਿਚ ਬਾਦਲ ਪ੍ਰਵਾਰ ਦੀ ਵੱਡੀ ਤਿਜੋਰੀ ਭਰਨ ਵਿਚ ਪੂਰੀ ਮਦਦ ਕੀਤੀ। ਭਾਜਪਾ ਨਾਲ ਅਕਾਲੀ ਦਲ ਦੀ ਨੇੜਤਾ ਬਣਾਉਣ ਲਈ, ਗੁਰੂਆਂ ਦੇ ਫ਼ਲਸਫ਼ੇ ਦੇ ਉਲਟ ਜਾਣ ਵਾਲੇ ਅਨੇਕਾਂ ਕਦਮ ਚੁਕੇ ਗਏ। ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਹਨ ਤੇ ਉਨ੍ਹਾਂ ਨੂੰ ਦਰਬਾਰ ਸਾਹਿਬ ਦੇ ਬਾਹਰ ਕੀਤੀ ਗਈ ਅਸ਼ਲੀਲ ਮੀਨਾਕਾਰੀ ਵੇਖ ਕੇ ਗੁੱਸਾ ਕਿਉਂ ਨਾ ਆਇਆ? ਉਨ੍ਹਾਂ ਨੇ ਚੁੱਪੀ ਧਾਰ ਲਈ ਕਿਉਂਕਿ ਉਨ੍ਹਾਂ ਦਾ ਕੰਮ ਸਿਰਫ਼ ਬਾਦਲ ਪ੍ਰਵਾਰ ਦੇ ਹੁਕਮਾਂ ਨੂੰ ਜੀਅ ਸਦਕੇ ਆਖਣਾ ਹੀ ਹੈ? ਉਨ੍ਹਾਂ ਨੂੰ ਜਦ ਪਤਾ ਲੱਗਾ ਕਿ 35 ਸਾਲਾਂ ਤੋਂ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਗੁਰੂ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਫ਼ੌਜ ਕੋਲ ਪਈਆਂ ਹਨ ਜਦ ਕਿ ਉਹ ਦਰਬਾਰ ਸਾਹਿਬ ਦੀ ਲਾਇਬ੍ਰੇਰੀ ਵਿਚ ਆ ਚੁਕੀਆਂ ਸਨ ਤੇ ਫਿਰ ਤੋਂ ਉਸ ਲਾਇਬ੍ਰੇਰੀ ਤੋਂ ਲਾਪਤਾ ਹਨ ਤਾਂ ਉਨ੍ਹਾਂ ਬਾਰੇ ਜਾਂਚ ਕਰਵਾਉਣ ਦੀ ਉਹਨਾਂ ਕੋਈ ਕੋਸ਼ਿਸ਼ ਕਿਉਂ ਨਾ ਕੀਤੀ? ਹਰ ਸਾਲ ਦਰਬਾਰ ਸਾਹਿਬ ਤੋਂ ਉਹ ਬਾਬੇ ਨਾਨਕ ਦੀ ਸੋਚ ਦੇ ਉਲਟ ਜਾਣ ਵਾਲਾ ਨਾਨਕਸ਼ਾਹੀ ਕੈਲੰਡਰ ਜਾਰੀ ਕਰਦੇ ਹਨ ਤਾਕਿ ਜਿਨ੍ਹਾਂ ਬਾਬਿਆਂ ਵਿਰੁਧ ਬਾਬੇ ਨਾਨਕ ਨੇ ਫ਼ਤਵਾ ਦਿਤਾ ਸੀ, ਉਨ੍ਹਾਂ ਦਾ ਵਪਾਰ ਹੋਰ ਵੱਧ ਸਕੇ ਤਾਂ ਉਨ੍ਹਾਂ ਨੇ ਅਪਣੀ ਜ਼ਿੰਮੇਵਾਰੀ ਕਦੋਂ ਨਿਭਾਈ? ਦਸਮ ਗ੍ਰੰਥ, ਸੂਰਜ ਪ੍ਰਕਾਸ਼ ਵਰਗੀਆਂ ਵਿਵਾਦਤ ਲਿਖਤਾਂ ਸਿੱਖੀ ਦੇ ਨਾਨਕੀ ਸੰਦੇਸ਼ ਨੂੰ ਤੇ ਸਾਡੇ ਇਤਿਹਾਸ ਨੂੰ ਚੈਲੰਜ ਕਰ ਰਹੀਆਂ ਹਨ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਈ ਚਿੰਤਾ ਨਹੀਂ। ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਸਿੱਖ ਹਿਸਟਰੀ ਦੀਆਂ ਪੰਜਾਬ ਬੋਰਡ ਦੀਆਂ ਕਿਤਾਬਾਂ ਵਿਚ ਸਿੱਖ ਫ਼ਲਸਫ਼ੇ ਤੇ ਇਤਿਹਾਸ ਵਿਰੁਧ ਪ੍ਰਚਾਰ ਚਲ ਰਿਹਾ ਹੈ ਤੇ ‘ਜਥੇਦਾਰ’ ਨੂੰ ਕੋਈ ਪ੍ਰਵਾਹ ਨਹੀਂ। ਜਿਨ੍ਹਾਂ ਨੇ ਸਹੀ ਸਮੇਂ ਤੇ ਇਨ੍ਹਾਂ ਮੁੱਦਿਆਂ ਤੇ ਆਵਾਜ਼ ਚੁਕ ਕੇ ਸੱਚ ਸਾਹਮਣੇ ਲਿਆਉਣ ਦਾ ਯਤਨ ਕੀਤਾ, ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦੇ ਕੇ ਉਨ੍ਹਾਂ ਨੂੰ ਮਾਰਨ ਦੇ ਯਤਨਾਂ ਤੇ ‘ਜਥੇਦਾਰ’ ਅੱਜ ਵੀ ਚੁੱਪ ਹਨ। ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਚਾਰ ਇਕ ਸ਼ਖ਼ਸ ਨੂੰ 100 ਸਾਲ ਵਾਸਤੇ ਦੇ ਕੇ ਬਾਦਲ ਪ੍ਰਵਾਰ ਦਾ ਏਕਾਧਿਕਾਰ ਬਣਾ ਦਿਤਾ ਗਿਆ ਹੈ ਤੇ ‘ਜਥੇਦਾਰ’ ਨੂੰ ਕੋਈ ਚਿੰਤਾ ਨਹੀਂ। ਪਾਠ ਦਾ ਆਨਲਾਈਨ ਵਪਾਰ, ਵੀ.ਆਈ.ਪੀ. ਕਤਾਰਾਂ ਵਿਚ ਉਸ ਪੰਥ ਦੇ ਗੁਰੂ ਘਰਾਂ ਅੰਦਰ ਹੁੰਦਾ ਹੈ ਜੋ ਬਰਾਬਰੀ ਦਾ ਪਾਠ ਸਿਖਾ ਕੇ ਗਏ ਸਨ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥ ਲਈ ਖ਼ਤਰਾ ਨਜ਼ਰ ਨਹੀਂ ਆਇਆ। ਜੇ ਅੱਜ ਪੰਥ ਨੂੰ ਹਾਕਮਾਂ ਦੇ ਹੱਕ ਵਿਚ ਭੁਗਤਣ ਦਾ ਫ਼ਤਵਾ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨਿਕਲੇ ਹਨ ਤਾਂ ਜ਼ਿਆਦਾ ਚੰਗਾ ਰਹੇਗਾ ਜੇ ਉਹ ਅਪਣੇ ਆਪ ਬਾਰੇ ਵੀ ਥੋੜ੍ਹਾ ਜਿਹਾ ਵਿਚਾਰ ਕਰ ਕੇ ਵੇਖਣ ਕਿ ਉਹ ਕਿਸ ਥਾਂ ’ਤੇ ਬੈਠ ਕੇ ਕਿਸ ਤਰ੍ਹਾਂ ਦੇ ਕੰਮ ਕਰ ਰਹੇ ਹਨ ਜਿਸ ਨਾਲ ਪੰਥ ’ਤੇ ਕਿੰਨਾ ਮਾੜਾ ਅਸਰ ਹੋਇਆ ਹੈ। ਜਿਸ ਦਿਨ ਉਨ੍ਹਾਂ ਵਰਗੇ, ਸਿੱਖ ਪੰਥ ਦੇ ਆਗੂ ਜਾਂ ਵਿਦਵਾਨ, ਅਪਣੇ ਕਿਰਦਾਰ ਵਲ ਝਾਤ ਮਾਰ ਕੇ ਸੱਚ ਬੋਲਣ ਦੀ ਹਿੰਮਤ ਕਰ ਲੈਣਗੇ, ਸਾਰੀਆਂ ਕਮਜ਼ੋਰੀਆਂ ਦੇ ਕਾਰਨ ਵੀ ਆਪੇ ਹੀ ਉਨ੍ਹਾਂ ਨੂੰ ਲੱਭ ਪੈਣਗੇ।

– ਨਿਮਰਤ ਕੌਰ

Comment here