ਵਿਸ਼ੇਸ਼ ਰਿਪੋਰਟ-ਅਨੁਜ ਕੁਮਾਰ
ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਰਾਸ਼ਟਰਪਤੀ ਵੱਲੋਂ ਮਨਜ਼ੂਰਸ਼ੁਦਾ ਸੂਚੀ ਮੁਤਾਬਕ 128 ਜਣਿਆਂ ਨੂੰ ਦੇਸ਼ ਦੇ ਵੱਡੇ ਸਨਮਾਨਾਂ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਕਿਰਾਨਾ ਘਰਾਣੇ ਦੀ ਮਸ਼ਹੂਰ ਕਲਾਸੀਕਲ ਗਾਇਕਾ ਡਾ. ਪ੍ਰਭਾ ਅੱਤਰੇ, ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਗੀਤਾਪ੍ਰੈੱਸ ਗੋਰਖਪੁਰ ਦੇ ਮੁਖੀ ਰਹੇ ਰਾਧੇਸ਼ਿਆਮ ਖੇਮਕਾ ਅਤੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਸਦਾਬਹਾਰ ਅਦਾਕਾਰ ਵਿਕਟਰ ਬੈਨਰਜੀ, ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਜੀ, ਮਾਈਕਰੋਸਾਫਟ ਦੇ ਸੀਈਓ ਸੱਤਿਆ ਨਾਡੇਲਾ ਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸਾਇਰਸ ਪੂਨਾਵਾਲਾ, ਭਾਰਤ ਬਾਇਓਟੈੱਕ ਦੇ ਕ੍ਰਿਸ਼ਨਾ ਇਲਾ ਤੇ ਸੁਚਿੱਤਰਾ ਇਲਾ ਨੂੰ ਪਦਮ ਭੂਸ਼ਣ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਕਲਾ ਦੇ ਖੇਤਰ ਵਿੱਚੋਂ ਜਿਨ੍ਹਾਂ ਕਲਾਕਾਰਾਂ ਦੀ ਚੋਣ ਪਦਮ ਭੂਸ਼ਣ ਐਵਾਰਡ ਲਈ ਕੀਤੀ ਗਈ ਹੈ, ਉਨ੍ਹਾਂ ਵਿੱਚ ਪੰਜਾਬ ਦੀ ਲੋਕ ਗਾਇਕਾ ਗੁਰਮੀਤ ਬਾਵਾ (ਮਰਨ ਉਪਰੰਤ) ਤੇ ਕਲਾਸੀਕਲ ਸੰਗੀਤਕਾਰ ਰਾਸ਼ਿਦ ਖਾਨ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਓਲੰਪਿਕ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ, ਓਲੰਪਿਕ ਤਗ਼ਮਾ ਜੇਤੂ ਸੁਮਿਤ ਆਂਤਿਲ, ਹਾਕੀ ਖਿਡਾਰੀ ਵੰਦਨਾ ਕਟਾਰੀਆ, ਪੈਰਾਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਅਵਨੀ ਲੇਖਾਰਾ, ਪਲੇਅਬੈਕ ਗਾਇਕ ਸੋਨੂ ਨਿਗਮ, ਲੱਦਾਖ ਦੇ ਸੰਸਦ ਮੈਂਬਰ ਜੇ. ਸ਼ੇਰਿੰਗ ਨਾਂਗਿਆਲ, ਨਿਰਦੇਸ਼ਕ ਚੰਦਰਪ੍ਰਕਾਸ਼ ਦਿਵੇਦੀ ਤੇ ਅਦਾਕਾਰ ਸੋਵਕਰ ਜਾਨਕੀ ਨੂੰ ਪਦਮਸ੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪਦਮਸ੍ਰੀ ਐਵਾਰਡ ਲਈ ਨਲਿਨੀ ਤੇ ਕਾਮਲਿਨੀ ਅਸਥਾਨਾ, ਮਾਧੁਰੀ ਬਰਥਵਾਲ, ਐੱਸ ਬੱਲੇਸ਼ ਭਜੰਤਰੀ, ਖਾਂਡੂ ਵਾਂਗਚੁੱਕ ਭੂਟੀਆ, ਸੁਲੋਚਨਾ ਚਵਾਨ, ਲੌਰਮਬੈਮ ਬਿਨੋ ਦੇਵੀ, ਸ਼ਿਆਮਾਮਨੀ ਦੇਵੀ, ਅਰਜੁਨ ਸਿੰਘ ਧੁਰਵੇ, ਗੋਸਾਵੀੜੂ ਸ਼ਾਇਕ, ਸਾਬਕਾ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮੇਹਰਿਸ਼ੀ, ਹਸਨ (ਮਰਨ ਉਪਰੰਤ) ਤੇ ਸ਼ਿਵਨਾਥ ਮਿਸ਼ਰਾ ਦੇ ਨਾਂ ਵੀ ਐਲਾਨੇ ਗਏ ਹਨ। ਗ੍ਰਹਿ ਮੰਤਰਾਲੇ ਮੁਤਾਬਕ ਰਾਸ਼ਟਰਪਤੀ ਨੇ 128 ਪਦਮ ਐਵਾਰਡਾਂ ਲਈ ਮਨਜ਼ੂਰੀ ਦਿੱਤੀ ਹੈ। ਸੂਚੀ ਵਿੱਚ 4 ਪਦਮ ਵਿਭੂਸ਼ਣ, 17 ਪਦਮ ਭੂਸ਼ਣ ਤੇ 107 ਪਦਮਸ੍ਰੀ ਐਵਾਰਡ ਸ਼ਾਮਲ ਹਨ। ਇਨ੍ਹਾਂ ’ਚੋਂ 34 ਐਵਾਰਡੀ ਮਹਿਲਾਵਾਂ ਹਨ ਤੇ ਸੂਚੀ ਵਿੱਚ ਵਿਦੇਸ਼ੀਆਂ / ਐੱਨਆਰਆਈ/ ਪੀਆਈਓ/ਓਸੀਆਈ ਤੋਂ 10 ਜਣੇ ਤੇ 13 ਜਣਿਆਂ ਨੂੰ ਮਰਨ ਉਪਰੰਤ ਦਿੱਤੇ ਜਾਣ ਵਾਲੇ ਸਨਮਾਨ ਸ਼ਾਮਲ ਹਨ।
ਏਡੀਜੀਪੀ ਨਰੇਸ਼ ਕੁਮਾਰ ਤੇ ਅਮਰਦੀਪ ਰਾਏ ਨੂੰ ਰਾਸ਼ਟਰਪਤੀ ਪੁਲੀਸ ਮੈਡਲ
ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਅਤੇ ਬੇਮਿਸਾਲ ਸੇਵਾਵਾਂ ਲਈ ਪੁਲੀਸ ਮੈਡਲ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲੀਸ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸੂਚੀ ਐਲਾਨੀ ਹੈ| ਗ੍ਰਹਿ ਮੰਤਰਾਲੇ ਵੱਲੋਂ ਏਡੀਜੀਪੀ ਕਾਨੂੰਨ ਅਤੇ ਵਿਵਸਥਾ ਨਰੇਸ਼ ਕੁਮਾਰ ਅਤੇ ਏਡੀਜੀਪੀ ਇੰਟੈਲੀਜੈਂਸ ਅਮਰਦੀਪ ਸਿੰਘ ਰਾਏ ਸਮੇਤ ਦੋ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਏਡੀਜੀਪੀ) ਰੈਂਕ ਦੇ ਅਧਿਕਾਰੀਆਂ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਲਈ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਪੁਲੀਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਸੁਖਚੈਨ ਸਿੰਘ ਗਿੱਲ, ਡੀਆਈਜੀ ਸਪੈਸ਼ਲ ਟਾਸਕ ਫੋਰਸ ਸੰਜੀਵ ਕੁਮਾਰ ਰਾਮਪਾਲ ਅਤੇ ਚਾਰ ਪੀਪੀਐੱਸ ਅਧਿਕਾਰੀ- ਕਮਾਂਡੈਂਟ ਪੀਆਰਟੀਸੀ ਜਹਾਨ ਖੇਲਾਂ ਹਰਪ੍ਰੀਤ ਸਿੰਘ ਮੰਡੇਰ, ਐੱਸਪੀ (ਇਨਵੈਸਟੀਗੇਸ਼ਨ) ਹੁਸ਼ਿਆਰਪੁਰ ਰਵਿੰਦਰ ਪਾਲ ਸਿੰਘ, ਏਸੀਪੀ ਹੈੱਡਕੁਆਰਟਰ ਜਲੰਧਰ ਸੁਭਾਸ਼ ਚੰਦਰ ਅਰੋੜਾ ਅਤੇ ਡਿਪਟੀ ਸੁਪਰਡੈਂਟ (ਸੁਰੱਖਿਆ) ਜ਼ਿਲ੍ਹਾ ਜੇਲ੍ਹ ਰੂਪਨਗਰ ਅਜਿਹੇ 15 ਪੁਲੀਸ ਅਧਿਕਾਰੀਆਂ/ਕਰਮਚਾਰੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਬੇਮਿਸਾਲ ਸੇਵਾਵਾਂ ਬਦਲੇ ਪੁਲੀਸ ਮੈਡਲ ਲਈ ਚੁਣਿਆ ਗਿਆ ਹੈ| ਬਾਕੀ ਅਧਿਕਾਰੀਆਂ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ, ਇੰਸਪੈਕਟਰ ਓਂਕਾਰ ਸਿੰਘ ਬਰਾੜ, ਇੰਸਪੈਕਟਰ ਜਗਪ੍ਰੀਤ ਸਿੰਘ, ਲੇਡੀ ਇੰਸਪੈਕਟਰ ਬਲਵਿੰਦਰ ਕੌਰ, ਐੱਸਆਈ ਅਰੁਣ ਕੁਮਾਰ, ਏਐੱਸਆਈ ਸੰਦੀਪ ਕੁਮਾਰ, ਏਐੱਸਆਈ ਗੁਰਮੁੱਖ ਸਿੰਘ ਅਤੇ ਏਐੱਸਆਈ ਅਮਰੀਕ ਚੰਦ ਸ਼ਾਮਲ ਹਨ।
ਬਹਾਦਰੀ ਸਨਮਾਨਾਂ ਦਾ ਇਤਿਹਾਸ..
ਦੇਸ਼ ਵਿੱਚ ਬਹਾਦਰੀ ਪੁਰਸਕਾਰਾਂ ਦਾ ਐਲਾਨ ਸਾਲ ਵਿਚ 2 ਵਾਰ ਕੀਤਾ ਜਾਂਦਾ ਹੈ। ਪਹਿਲਾ 26 ਜਨਵਰੀ ਮਤਲਬ ਗਣਤੰਤਰ ਦਿਵਸ ਨੂੰ ਤੇ ਦੂਸਰਾ 15 ਅਗਸਤ ਮਤਲਬ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਇਨ੍ਹਾਂ ਵਿਚੋਂ ਕੁਝ ਪੁਰਸਕਾਰ ਸਿਰਫ਼ ਸੈਨਿਕਾਂ ਲਈ ਹਨ, ਜਦੋਂ ਕਿ ਕੁਝ ਪੁਰਸਕਾਰ ਪੁਲਿਸ, ਜੇਲ੍ਹ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਲਈ ਵੀ ਹਨ। ਇਹਨਾਂ ਬਹਾਦਰੀ ਪੁਰਸਕਾਰਾਂ ਵਿਚੋਂ ਸਭ ਤੋਂ ਮਹੱਤਵਪੂਰਨ ਪਰਮਵੀਰ ਚੱਕਰ ਹੈ, ਜੋ ਕਿ ਸਭ ਤੋਂ ਉੱਚਾ ਫੌਜੀ ਪੁਰਸਕਾਰ ਹੈ। ਇਸ ਤੋਂ ਬਾਅਦ ਮਹਾਵੀਰ ਚੱਕਰ, ਕੀਰਤੀ ਚੱਕਰ, ਵੀਰ ਚੱਕਰ, ਅਸ਼ੋਕ ਚੱਕਰ ਅਤੇ ਸ਼ੌਰਿਆ ਚੱਕਰ ਆਉਂਦੇ ਹਨ।
ਜਦੋਂ ਤੋਂ ਦੇਸ਼ ਨੂੰ ਪੂਰਨ ਆਜ਼ਾਦੀ ਮਿਲੀ ਹੈ, ਭਾਰਤ ਸਰਕਾਰ ਵੱਲੋਂ ਹਰ ਸਾਲ ਸੈਨਿਕਾਂ ਅਤੇ ਅਫ਼ਸਰਾਂ ਨੂੰ ਗਲੈਂਟਰੀ ਐਵਾਰਡਜ਼ ਦਿੱਤੇ ਜਾਂਦੇ ਹਨ। ਦੇਸ਼ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਅਤੇ ਇਸ ਮਿਤੀ ਨੂੰ ਭਾਰਤ ਸਰਕਾਰ ਨੇ ਪਹਿਲੇ ਤਿੰਨ ਬਹਾਦਰੀ ਪੁਰਸਕਾਰਾਂ ‘ਪਰਮਵੀਰ ਚੱਕਰ’, ‘ਮਹਾਵੀਰ ਚੱਕਰ’ ਅਤੇ ‘ਵੀਰ ਚੱਕਰ’ ਦਾ ਐਲਾਨ ਕੀਤਾ। ਹਾਲਾਂਕਿ, ਇਸਨੂੰ 15 ਅਗਸਤ, 1947 ਤੋਂ ਪ੍ਰਭਾਵੀ ਮੰਨਿਆ ਗਿਆ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ 4 ਜਨਵਰੀ 1952 ਨੂੰ ਤਿੰਨ ਹੋਰ ਬਹਾਦਰੀ ਪੁਰਸਕਾਰ ਸ਼ੁਰੂ ਕੀਤੇ। ਹਰ ਸਾਲ ਇਹ ਸਨਮਾਨ ਦੇਸ਼ ਦੇ ਬਹਾਦਰਾਂ ਨੂੰ ਦਿੱਤੇ ਜਾਂਦੇ ਹਨ।
ਸਨਮਾਨ ਲਈ ਸ਼ੂਰਵੀਰਾਂ ਦੇ ਨਾਂ ਪਹਿਲਾਂ ਰੱਖਿਆ ਮੰਤਰਾਲੇ ਨੂੰ ਭੇਜੇ ਜਾਂਦੇ ਹਨ। ਇਸ ਦੇ ਲਈ ਰੱਖਿਆ ਮੰਤਰਾਲੇ ਵਿਚ ਇੱਕ ਮਾਹਰ ਕਮੇਟੀ ਹੈ – ਕੇਂਦਰੀ ਸਨਮਾਨ ਅਤੇ ਪੁਰਸਕਾਰ ਕਮੇਟੀ। ਇਹ ਕਮੇਟੀ ਮੰਤਰਾਲੇ ਵਿਚ ਆਉਣ ਵਾਲੇ ਸਾਰੇ ਨਾਵਾਂ ‘ਤੇ ਵਿਚਾਰ ਕਰਦੀ ਹੈ। ਫਿਰ ਮਾਪਦੰਡਾਂ ਦੇ ਆਧਾਰ ‘ਤੇ ਸਾਰੀ ਪ੍ਰਕਿਰਿਆ ਤੋਂ ਬਾਅਦ, ਇਹ ਕਮੇਟੀ ਇੱਕ ਸੂਚੀ ਤਿਆਰ ਕਰਦੀ ਹੈ ਜਿਸ ਵਿਚ ਬਹਾਦਰੀ ਪੁਰਸਕਾਰਾਂ ਲਈ ਨਿਸ਼ਚਿਤ ਨਾਮ ਹਨ। ਇਹ ਸੂਚੀ ਰਾਸ਼ਟਰਪਤੀ ਨੂੰ ਭੇਜੀ ਗਈ ਹੈ। ਇਨ੍ਹਾਂ ਪੁਰਸਕਾਰਾਂ ਦਾ ਐਲਾਨ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਕੀਤਾ ਜਾਂਦਾ ਹੈ।
ਛੇ ਬਹਾਦਰੀ ਪੁਰਸਕਾਰਾਂ ਬਾਰੇ ਜਾਣਦੇ ਹਾਂ-
ਪਰਮਵੀਰ ਚੱਕਰ: ਸਰਵਉੱਚ ਫੌਜੀ ਪੁਰਸਕਾਰ
ਪਰਮਵੀਰ ਚੱਕਰ ਭਾਰਤ ਦਾ ਸਰਵਉੱਚ ਬਹਾਦਰੀ ਫੌਜੀ ਪੁਰਸਕਾਰ ਹੈ। ਇਹ ਦੁਸ਼ਮਣ ਦੇ ਸਾਹਮਣੇ ਬੇਮਿਸਾਲ ਸਾਹਸ, ਬਹਾਦਰੀ ਅਤੇ ਕੁਰਬਾਨੀ ਦਿਖਾਉਣ ਲਈ ਦਿੱਤਾ ਜਾਂਦਾ ਹੈ। ਇਹ ਸਨਮਾਨ ਭਾਰਤੀ ਫੌਜ ਦੇ ਕਿਸੇ ਵੀ ਵਿੰਗ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਵੀ ਮਰਨ ਉਪਰੰਤ ਦਿੱਤਾ ਜਾਂਦਾ ਹੈ। ਯਾਨੀ ਦੁਸ਼ਮਣਾਂ ਨਾਲ ਲੜਦੇ ਹੋਏ ਸ਼ਹੀਦ ਹੋਣ ਵਾਲੇ ਸੈਨਿਕਾਂ ਨੂੰ ਇਹ ਬਹਾਦਰੀ ਪੁਰਸਕਾਰ ਬੜੇ ਸਤਿਕਾਰ ਨਾਲ ਦਿੱਤਾ ਜਾਂਦਾ ਹੈ। ਰਿਪੋਰਟਾਂ ਦੇ ਅਨੁਸਾਰ, ਸੂਬੇਦਾਰ ਮੇਜਰ ਵੀਰ ਬੰਨਾ ਸਿੰਘ ਇਕੱਲੇ ਅਜਿਹੇ ਵਿਅਕਤੀ ਸਨ ਜੋ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਬਹਾਦਰਾਂ ਵਿਚੋਂ ਕਾਰਗਿਲ ਯੁੱਧ ਵਿਚ ਬਚੇ ਸਨ।
ਮਹਾਵੀਰ ਚੱਕਰ: ਯੁੱਧ ਦੇ ਸਮੇਂ ‘ਚ ਬਹਾਦਰੀ ਦਾ ਮੈਡਲ
ਇਹ (ਮਹਾਵੀਰ ਚੱਕਰ) ਭਾਰਤ ਦਾ ਅਜਿਹਾ ਮੈਡਲ ਹੈ ਜੋ ਯੁੱਧ ਸਮੇਂ ਬਹਾਦਰੀ ਦਿਖਾਉਣ ਲਈ ਦਿੱਤਾ ਜਾਂਦਾ ਹੈ। ਇਹ ਮੈਡਲ ਫੌਜੀ ਅਤੇ ਨਾਗਰਿਕਾਂ ਨੂੰ ਬੇਮਿਸਾਲ ਬਹਾਦਰੀ ਜਾਂ ਕੁਰਬਾਨੀ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ। ਇਸ ਵਾਰ ਫੌਜ ‘ਚ ਕਮਾਂਡਿੰਗ ਅਫਸਰ ਰਹੇ ਕਰਨਲ ਸੰਤੋਸ਼ ਬਾਬੂ ਨੂੰ ਇਹ ‘ਮਹਾਵੀਰ ਚੱਕਰ’ ਦਿੱਤਾ ਜਾ ਰਿਹਾ ਹੈ।
ਵੀਰ ਚੱਕਰ: ਬੇਮਿਸਾਲ ਬਹਾਦਰੀ ਤੇ ਬਲੀਦਾਨ ਦਾ ਮੈਡਲ
ਵੀਰਤਾ ਦੇ ਕ੍ਰਮ ਦੇ ਅਨੁਸਾਰ, ਇਹ (ਵੀਰ ਚੱਕਰ) ਤੀਜਾ ਸਭ ਤੋਂ ਵੱਡਾ ਫੌਜੀ ਸਨਮਾਨ ਹੈ। ‘ਵੀਰ ਚੱਕਰ’ ਸਨਮਾਨ ਸੈਨਿਕਾਂ ਨੂੰ ਬੇਮਿਸਾਲ ਬਹਾਦਰੀ ਜਾਂ ਕੁਰਬਾਨੀ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਵੀ 26 ਜਨਵਰੀ 1950 ਨੂੰ ਪਰਮਵੀਰ ਚੱਕਰ ਅਤੇ ਮਹਾਵੀਰ ਚੱਕਰ ਨਾਲ ਸ਼ੁਰੂ ਕੀਤਾ ਗਿਆ ਸੀ। ਇਹ ਪੁਰਸਕਾਰ ਸੈਨਿਕਾਂ ਨੂੰ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ।
ਕੀਰਤੀ ਚੱਕਰ: ਆਮ ਨਾਗਰਿਕ ਵੀ ਯੋਗ ਹੋ ਸਕਦੇ ਹਨ
ਇਹ ਸਨਮਾਨ (ਕੀਰਤੀ ਚੱਕਰ) 4 ਜਨਵਰੀ 1952 ਨੂੰ ਸਥਾਪਿਤ ਕੀਤਾ ਗਿਆ ਸੀ। ਆਰਮੀ, ਏਅਰ ਫੋਰਸ ਅਤੇ ਨੇਵੀ ਦੇ ਸਿਪਾਹੀਆਂ ਤੇ ਅਫਸਰਾਂ ਤੋਂ ਇਲਾਵਾ, ਇਹ ਪੁਰਸਕਾਰ ਟੈਰੀਟੋਰੀਅਲ ਆਰਮੀ ਤੇ ਆਮ ਨਾਗਰਿਕਾਂ ਨੂੰ ਵੀ ਦਿੱਤਾ ਜਾਂਦਾ ਹੈ। ਹੁਣ ਤਕ 198 ਬਹਾਦਰਾਂ ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿੱਤਾ ਜਾ ਚੁੱਕਾ ਹੈ।
ਸ਼ੌਰਿਆ ਚੱਕਰ: ਸ਼ਾਂਤੀ ਲਈ ‘ਚ ਬਹਾਦਰੀ ਮੈਡਲ
ਸ਼ਾਂਤੀ ਦੇ ਸਮੇਂ ‘ਸ਼ੌਰਿਆ ਚੱਕਰ’ ਦਾ ਨਾਂ ਦੇਸ਼ ਦੇ ਸਰਵੋਤਮ ਬਹਾਦਰੀ ਮੈਡਲਾਂ ‘ਚ ਆਉਂਦਾ ਹੈ। ਵੀਰਤਾ ਵਿਚ ਇਹ ‘ਕੀਰਤੀ ਚੱਕਰ’ ਤੋਂ ਬਾਅਦ ਇਹ ਬਹਾਦਰੀ ਦਾ ਮੈਡਲ ਹੈ। ਇਹ ਪੁਰਸਕਾਰ ਸ਼ਾਂਤੀ ਦੇ ਸਮੇਂ ਦੌਰਾਨ ਸੈਨਿਕਾਂ ਅਤੇ ਨਾਗਰਿਕਾਂ ਨੂੰ ਬੇਮਿਸਾਲ ਬਹਾਦਰੀ, ਕੁਰਬਾਨੀ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ।
ਅਸ਼ੋਕ ਚੱਕਰ: ਬੇਮਿਸਾਲ ਬਹਾਦਰੀ ਤੇ ਬਲੀਦਾਨ ਦਾ ਮੈਡਲ
‘ਅਸ਼ੋਕ ਚੱਕਰ’ ਦਾ ਨਾਮ ਸ਼ਾਂਤੀ ਦੇ ਸਮੇਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਵਿਚ ਵੀ ਆਉਂਦਾ ਹੈ। ਇਹ ਸਨਮਾਨ ਸੈਨਿਕਾਂ ਅਤੇ ਨਾਗਰਿਕਾਂ ਨੂੰ ਬੇਮਿਸਾਲ ਬਹਾਦਰੀ, ਕੁਰਬਾਨੀ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ।
Comment here