ਮੋਟੀ ਪ੍ਰਾਪਰਟੀ ਦੇ ਕਾਗਜ਼ਾਤ ਜ਼ਬਤ
ਲੁਧਿਆਣਾ-ਆਮਦਨ ਕਰ ਵਿਭਾਗ ਨੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ਛਾਮੇ ਮਾਰੀ ਕੀਤੀ ਹੈ। ਛਾਪੇਮਾਰੀ ’ਚ ਹੁਣ ਤੱਕ 2.5 ਕਰੋੜ ਦੀ ਨਕਦੀ, ਭਾਰੀ ਮਾਤਰਾ ’ਚ ਪ੍ਰਾਪਰਟੀ ਦੇ ਪੇਪਰ ਅਤੇ ਡੀਡਸ ਨੂੰ ਜ਼ਬਤ ਅਤੇ 13 ਲਾਕਰਜ਼ ਨੂੰ ਸੀਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸਨ ਵਿਊ ਐਨਕਲੇਵ ਦੇ ਅਕਾਊਂਟੈਂਟ ਦੇ ਨਿਵਾਸ ਰਾਜਗੁਰੂ ਨਗਰ ਤੋਂ 1.20 ਕਰੋੜ ਦੇ ਲਗਭਗ ਕੈਸ਼ ਬਰਾਮਦ ਕੀਤਾ ਗਿਆ। ਉਕਤ ਵਿਅਕਤੀ ਸਨ ਵਿਊ ਲਈ ਮਲਟੀਪਰਪਜ਼ ਕੰਮ ਕਰਦਾ ਸੀ, ਜਿਸ ਵਿਚ ਡੀਡ ਲਿਖਣਾ, ਅਕਾਊਂਟਸ ਮੈਨੇਜ ਕਰਨਾ, ਨਾਲ ਹੀ ਮਨਪ੍ਰੀਤ ਸਿੰਘ ਇਆਲੀ ਦੇ ਨਿਵਾਸ ਸਥਾਨ ਤੋਂ ਕਰੀਬ 40-50 ਲੱਖ ਅਤੇ ਹੋਰਨਾਂ ਥਾਵਾਂ ਤੋਂ 20-30 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਛਾਪੇਮਾਰੀ ਖਤਮ ਹੋਣ ਤੋਂ ਬਾਅਦ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ਦੇ ਬਾਹਰ ਭਾਰੀ ਗਿਣਤੀ ’ਚ ਉਨ੍ਹਾਂ ਦੇ ਹਮਾਇਤੀ ਪੁੱਜ ਗਏ ਸਨ। ਜੇਕਰ ਵਿਭਾਗੀ ਅਧਿਕਾਰੀਆਂ ਨਾਲ ਪੈਰਾਮਿਲਟਰੀ ਫੋਰਸ ਨਾ ਹੁੰਦੀ ਤਾਂ ਕੋਈ ਅਣਹੋਣੀ ਘਟਨਾ ਵੀ ਵਾਪਰ ਸਕਦੀ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਚ ਦੌਰਾਨ ਅਧਿਕਾਰੀਆਂ ਨੂੰ ਭਾਰੀ ਮਾਤਰਾ ਵਿਚ ਇਕਰਾਰਨਾਮਾ ਸੌਦੇ ਮਿਲੇ, ਜਿਨ੍ਹਾਂ ਨੂੰ ਵਿਭਾਗ ਨੇ ਜਾਂਚ ਲਈ ਕਬਜ਼ੇ ਵਿਚ ਲੈ ਲਿਆ। ਪਤਾ ਇਹ ਵੀ ਲੱਗਾ ਹੈ ਕਿ ਵਿਭਾਗ ਨੂੰ ਉਕਤ ਵਿਧਾਇਕ ਅਤੇ ਸਨ ਵਿਊ ਦੇ ਪਾਰਟਨਰਜ਼ ’ਤੇ ਸ਼ੱਕ ਹੈ ਕਿ ਉਹ ਲੰਬੇ ਸਮੇਂ ਤੋਂ ਵੱਡੇ ਪੱਧਰ ’ਤੇ ਬੇਨਾਮੀ ਜਾਇਦਾਦ ਦੀ ਖਰੀਦ ਕਰ ਰਹੇ ਹਨ, ਜਿਸ ਦੀ ਜਾਂਚ ਲਈ ਵਿਭਾਗ ਨੇ ਉਨ੍ਹਾਂ ਨੂੰ ਘੇਰੇ ਵਿਚ ਲਿਆ। ਜਾਣਕਾਰੀ ਮੁਤਾਬਕ ਉਕਤ ਗਰੁੱਪਾਂ ਨੇ ਆਪਣੇ ਰਿਸ਼ਤੇਦਾਰਾਂ, ਮੁਲਾਜ਼ਮਾਂ ਅਤੇ ਹੋਰਨਾਂ ਲੋਕਾਂ ਦੇ ਨਾਂ ’ਤੇ ਕਈ ਨਾਜਾਇਜ਼ ਜਾਇਦਾਦਾਂ ਖਰੀਦੀਆਂ ਹਨ।
ਪ੍ਰਾਪਰਟੀ ਡੀਲਰਜ਼ ਹੋ ਸਕਦੇ ਹਨ ਅਗਲਾ ਟਾਰਗੈੱਟ
ਸੂਤਰਾਂ ਮੁਤਾਬਕ ਲੈਂਡ ਡੀਲਸ ਦੇ ਸਾਰੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜੀਆਂ ਪ੍ਰਾਪਰਟੀਆਂ ਦੀ ਡੀਲਰਾਂ ਨਾਲ ਡੀਲ ਕੀਤੀ ਗਈ ਹੈ, ਵਿਭਾਗ ਉਨ੍ਹਾਂ ਦਾ ਡਾਟਾ ਇਕੱਠਾ ਕਰ ਰਿਹਾ ਹੈ, ਜਿਸ ਤੋਂ ਅਜਿਹਾ ਲਗਦਾ ਹੈ ਕਿ ਆਮਦਨ ਕਰ ਵਿਭਾਗ ਦਾ ਅਗਲਾ ਨਿਸ਼ਾਨਾ ਪ੍ਰਾਪਰਟੀ ਡੀਲਰਜ਼ ਹੋਣਗੇ।
ਸਾਡਾ ਪੂਰਾ ਕਾਰੋਬਾਰ ਜਾਇਜ਼: ਇਆਲੀ
ਰੇਡ ਖਤਮ ਹੋਣ ’ਤੇ ਵਿਧਾਇਕ ਇਆਲੀ ਨੇ ਕਿਹਾ ਕਿ ਛਾਪੇ ਵਿਚ ਕੁਝ ਨਹੀਂ ਮਿਲਿਆ ਕਿਉਂਕਿ ਸਾਡਾ ਪੂਰਾ ਕਾਰੋਬਾਰ ਜਾਇਜ਼ ਹੈ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰ ਕੇ ਪਾਰਦਰਸ਼ੀ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। 1999 ਵਿਚ ਵੀ ਆਈ. ਟੀ. ਵਿਭਾਗ ਨੇ ਛਾਪਾ ਮਾਰਿਆ ਸੀ ਪਰ ਫਿਰ ਵੀ ਮੈਂ ਨਿਰਦੋਸ਼ ਸਾਬਿਤ ਹੋਇਆ ਸੀ। ਸਾਨੂੰ ਸਾਰੀਆਂ ਜਾਇਦਾਦਾਂ ਆਪਣੇ ਪੁਰਖਿਆਂ ਤੋਂ ਮਿਲੀਆਂ ਹਨ ਅਤੇ ਉਹ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਚਲੀਆਂ ਆ ਰਹੀਆਂ ਹਨ। ਕੁਝ ਦਸਤਾਵੇਜ਼ਾਂ ਤੋਂ ਇਲਾਵਾ, ਵਿਭਾਗ ਨੇ ਸੋਨਾ, ਨਕਦੀ ਜਾਂ ਕਿਸੇ ਬੈਂਕ ਲਾਕਰ ਜਾਂ ਖਾਤੇ ਨੂੰ ਸੀਲ ਜਾਂ ਜ਼ਬਤ ਨਹੀਂ ਕੀਤਾ।
Comment here