ਗੁਸਤਾਖੀਆਂ

ਆ ਗਿਆ ਸਾਡਾ ਸੰਤਰਾ ਦਲ…

ਆਗਾਮੀ ਚੋਣਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪਿੰਡ ਦੀ ਸੱਥ ‘ਚ ਦੋ ਵਿਅਕਤੀ ਬੈਠੇ ਅਖ਼ਬਾਰ ਪੜ੍ਹ ਰਹੇ ਸਨ। ਤਾਰਾ ਸਿੰਘ ਖ਼ਬਰ ਪੜ੍ਹਦਾ ਤੇ ਹਜ਼ਾਰਾ ਸਿੰਘ ਖ਼ਬਰ ਦੀ ਨਜ਼ਰਸਾਨੀ ਕਰਦਾ। ਜਦੋਂ ਖ਼ਬਰ ਦਲ ਬਦਲੂਆਂ ਦੀ ਆਈ ਤਾਂ ਉਹ ਸੋਚਣ ਲੱਗ ਪਏ। ਤਾਰਾ ਸਿੰਘ ਨੇ ਕਿਹਾ ਕਿ ਹੁਣ ਤਾਂ ਚੋਣਾਂ ਨੇੜੇ ਆਉਣ ਨਾਲ ਦਲਾਂ ਦਾ ਪਤਾ ਨਹੀਂ ਲਗਦਾ। ਹਜ਼ਾਰਾ ਸਿੰਘ ਕਹਿੰਦਾ, ‘ਆਪੋ ਆਪਣੀ ਡਫਲੀ ਵਜ੍ਹਾ ਰਹੇ ਹਨ।’ ਤਾਰਾ ਸਿੰਘ ਕਹਿਣ ਲੱਗਾ ਕਿ, ‘ਹਜ਼ਾਰਾ ਸਿੰਘ, ਜੇ ਦਲ ਆਪੋ ਆਪਣਾ ਝੰਡਾ ਚੁੱਕੀ ਫਿਰਦੇ ਰਹੇ ਤਾਂ ਇਨ੍ਹਾਂ ਦਾ ਕੁਝ ਨਹੀਂ ਬਣਨਾ… ਇਨ੍ਹਾਂ ਦਲਾਂ ਨੂੰ ਆਪਣੀ ਪਾਰਟੀ ਦਾ ਨਾਂਅ ਸੰਤਰਾ ਦਲ ਰੱਖ ਲੈਣਾ ਚਾਹੀਦਾ ਹੈ।’ ਹਜ਼ਾਰਾ ਸਿੰਘ ਨੇ ਕਿਹਾ ‘ਸੰਤਰਾ ਦਲ ਰੱਖਣ ਨਾਲ ਕੀ ਹੋਵੇਗਾ?’ਸੁਣ ਫਿਰ… ਇਨ੍ਹਾਂ ਦਲਾਂ ਨੂੰ ਸੰਤਰੇ ਦੀਆਂ ਫਾੜੀਆਂ ਵਾਂਗ ਇਕਮੁੱਠ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਇਹ ਫਾੜੀਆਂ ਇਕੱਠੀਆਂ ਨੇ ਤਾਂ ਮੁੱਕੇ ਵਾਂਗ ਲਗਦੀਆਂ ਨੇ ਤੇ ਇਹ ਏਕਤਾ ਦਾ ਸੰਦੇਸ਼ ਦਿੰਦੀਆਂ ਹਨ। ‘ਹਾਂ… ਤਾਰਾ ਸਿਆਂ ਜੇ ਤੇਰੀ ਗੱਲ ਮੰਨ ਲੈਣ ਤਾਂ ਜੀਹਨੂੰ ਲੋਕ ਤੀਸਰਾ ਬਦਲ ਕਹਿਦੇ ਨੇ, ਇਹ ਜ਼ਰੂਰ ਆਵੇਗਾ।’    – ਮਾਸਟਰ ਜਗੀਰ ਸਿੰਘ

Comment here