ਸਿਆਸਤਖਬਰਾਂਚਲੰਤ ਮਾਮਲੇ

ਆਸਿਮ ਮੁਨੀਰ ਪਾਕਿ ਦੇ ਨਵੇਂ ਫ਼ੌਜ ਮੁਖੀ ਨਿਯੁਕਤ

ਇਸਲਾਮਾਬਾਦ-ਪਾਕਿਸਤਾਨ ਦੇ ਨਵੇਂ ਫ਼ੌਜ ਮੁਖੀ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਈ ਖ਼ਦਸ਼ਿਆਂ ਅਤੇ ਅਫ਼ਵਾਹਾਂ ਵਿਚਕਾਰ ਲੈਫਟੀਨੈਂਟ ਜਨਰਲ ਆਸਿਮ ਮੁਨੀਰ ਨੂੰ ਦੇਸ਼ ਦਾ ਅਗਲਾ ਫ਼ੌਜ ਮੁਖੀ ਚੁਣਿਆ ਹੈ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਦੀ ਤਰਫੋਂ ਇਹ ਐਲਾਨ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਕੋਲ ਮੌਜੂਦ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਨਰਲ ਮੁਨੀਰ ਨੂੰ ਫ਼ੌਜ ਦਾ ਮੁਖੀ ਚੁਣਿਆ ਹੈ। ਮੁਨੀਰ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ, ਜੋ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਲੈਫਟੀਨੈਂਟ ਜਨਰਲ ਮੁਨੀਰ ਸਤੰਬਰ 2022 ਵਿੱਚ ਸੇਵਾਮੁਕਤ ਹੋਣ ਵਾਲੇ ਸਨ ਪਰ ਉਨ੍ਹਾਂ ਦਾ ਕਾਰਜਕਾਲ ਨਵੰਬਰ ਤੱਕ ਵਧਾ ਦਿੱਤਾ ਗਿਆ ਸੀ। ਹੁਣ ਇਹ ਤੈਅ ਹੋ ਗਿਆ ਹੈ ਕਿ ਉਹ ਅਗਲੇ ਤਿੰਨ ਸਾਲਾਂ ਲਈ ਫ਼ੌਜ ਮੁਖੀ ਦਾ ਅਹੁਦਾ ਸੰਭਾਲਣਗੇ। ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ।
ਬਾਜਵਾ ਦਾ ਪਸੰਦੀਦਾ
ਜਨਰਲ ਮੁਨੀਰ ਜਨਰਲ ਬਾਜਵਾ ਦੇ ਚਹੇਤੇ ਰਹੇ ਹਨ ਅਤੇ ਉਹ ਚਾਹੁੰਦੇ ਸਨ ਕਿ ਮੁਨੀਰ ਫ਼ੌਜ ਮੁਖੀ ਬਣੇ। ਅਕਤੂਬਰ 2018 ਵਿੱਚ ਮੁਨੀਰ ਨੂੰ ਬਾਜਵਾ ਦੀ ਸਿਫਾਰਿਸ਼ ’ਤੇ ਹੀ ਖੁਫੀਆ ਏਜੰਸੀ 9S9 ਦਾ ਮੁਖੀ ਬਣਾਇਆ ਗਿਆ ਸੀ। ਪਰ ਅੱਠ ਮਹੀਨੇ ਬਾਅਦ ਯਾਨੀ ਮਈ 2019 ਵਿੱਚ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਜਨਰਲ ਮੁਨੀਰ ਹੀ ਸਨ ਜਿਨ੍ਹਾਂ ਨੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨਾਲ ਜੁੜੇ ਭ੍ਰਿਸ਼ਟਾਚਾਰ ਬਾਰੇ ਦੱਸਿਆ ਸੀ। ਇਨ੍ਹਾਂ ਦੋਸ਼ਾਂ ਤੋਂ ਬਾਅਦ ਹੀ ਇਮਰਾਨ ਨੇ ਜਨਰਲ ਮੁਨੀਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ।
ਸਭ ਤੋਂ ਸੀਨੀਅਰ ਹਨ ਜਨਰਲ ਮੁਨੀਰ
ਜਨਰਲ ਬਾਜਵਾ ਤੋਂ ਇਲਾਵਾ ਲੈਫ. ਜਨਰਲ ਮੁਨੀਰ ਦਾ ਨਾਂ ਸਾਰਿਆਂ ਦਾ ਚਹੇਤਾ ਸੀ। ਮੁਨੀਰ ਇਸ ਸਮੇਂ ਸਭ ਤੋਂ ਸੀਨੀਅਰ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਭੇਜੀ ਜਾਣ ਵਾਲੀ ਸੂਚੀ ’ਚ ਉਨ੍ਹਾਂ ਦਾ ਨਾਂ ਸਭ ਤੋਂ ਉੱਪਰ ਸੀ। ਥਲ ਸੈਨਾ ਦੇ ਮੁਖੀ ਵਜੋਂ ਆਪਣੇ ਨਾਂ ਦੇ ਐਲਾਨ ਤੋਂ ਪਹਿਲਾਂ ਉਹ ਜਨਰਲ ਹੈੱਡਕੁਆਰਟਰ, ਰਾਵਲਪਿੰਡੀ ਵਿਖੇ ਕੁਆਰਟਰ ਮਾਸਟਰ ਜਨਰਲ ਦੇ ਅਹੁਦੇ ’ਤੇ ਸਨ। ਲੈਫਟੀਨੈਂਟ ਜਨਰਲ ਅਸੀਮ ਮੁਨੀਰ ਪਾਕਿਸਤਾਨ ਦੀ ਓਪਨ ਟਰੇਨਿੰਗ ਸਰਵਿਸ (ਓ.ਟੀ.ਐੱਸ.) ਰਾਹੀਂ ਫ਼ੌਜ ’ਚ ਭਰਤੀ ਹੋਏ ਹਨ।

Comment here