ਅਪਰਾਧਸਿਆਸਤਖਬਰਾਂ

ਆਸਾਮ ‘ਚ ਬਾਲ ਵਿਆਹ ਨਾਲ ਜੁੜੇ 2211 ਲੋਕ ਗ੍ਰਿਫਤਾਰ

ਗੁਹਾਟੀ-ਬੀਤੇ ਦਿਨੀਂ ਆਸਾਮ ਵਿਚ ਬਾਲ ਵਿਆਹ ਨਾਲ ਸੰਬੰਧਤ ਮਾਮਲਿਆਂ ਵਿਚ ਪੁਲਸ ਨੇ ਵੱਡੀ ਕਾਰਵਾਈ ਕੀਤੀ ਸੀ। ਪੁਲਸ ਨੇ ਬੀਤੇ ਦਿਨੀਂ ਬਾਲ ਵਿਆਹ ਨਾਲ ਜੁੜੇ ਮਾਮਲਿਆਂ ਵਿਚ ਸ਼ਾਮਲ 2300 ਲੋਕਾਂ ਨੂੰ ਗਿ੍ਰਫਤਾਰ ਕੀਤਾ ਸੀ। ਆਈ ਜੀ ਪੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਭੂਈਆ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਹੋਰ ਵਧੇਗੀ। 23 ਜਨਵਰੀ ਨੂੰ ਰਾਜ ਮੰਤਰੀ ਮੰਡਲ ਨੇ ਬਾਲ ਵਿਆਹ ਨਾਲ ਸੰਬੰਧਤ ਮਾਮਲਿਆਂ ਵਿਚ ਕਾਰਵਾਈ ਕਰਨ ਦਾ ਫੈਸਲਾ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪਿਛਲੇ 10 ਦਿਨਾਂ ਵਿਚ ਪੁਲਸ ਨੇ ਬਾਲ ਵਿਆਹ ਦੀਆਂ 4004 ਘਟਨਾਵਾਂ ਦਰਜ ਕੀਤੀਆਂ ਸਨ। ਇਸ ਸੰਬੰਧ ਵਿਚ ਕਈ ਲੋਕਾਂ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਸੀ।
ਇਹ ਕੇਸ ਬਾਲ ਵਿਆਹ ਮਨਾਹੀ ਕਾਨੂੰਨ (Child Marriage Prohibition Act) 2006 ਤਹਿਤ ਦਰਜ ਕੀਤੇ ਗਏ ਹਨ ਪਰ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਪੁਲੀਸ ਨੂੰ ਹਦਾਇਤ ਦਿੱਤੀ ਹੈ ਕਿ ਜੇ ਵਿਆਹੁਤਾ ਕੁੜੀ ਦੀ ਉਮਰ 14 ਸਾਲ ਤੋਂ ਘੱਟ ਹੋਵੇ ਤਾਂ ਉਸ ਦੇ ਪਤੀ ਵਿਰੁੱਧ ਜਿਨਸੀ ਸ਼ੋਸ਼ਣ ਤੋਂ ਬੱਚਿਆਂ ਦੀ ਸੁਰੱਖਿਆ ਸਬੰਧੀ ਕਾਨੂੰਨ ਤਹਿਤ ਵੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਇਨ੍ਹਾਂ ਗ੍ਰਿਫ਼ਤਾਰੀਆਂ ਦਾ ਵਿਰੋਧ ਹੋਇਆ ਹੈ ਅਤੇ ਪੀੜਤ ਪਤਨੀਆਂ ਨੇ ਥਾਣਿਆਂ ਦਾ ਘਿਰਾਉ ਕੀਤਾ ਸੀ। ਵਿਆਹ ਕਰਵਾਉਣ ਵਾਲੇ ਕਈ ਮੌਲਵੀ ਅਤੇ ਪੁਜਾਰੀ ਵੀ ਗ੍ਰਿਫ਼ਤਾਰ ਕੀਤੇ ਗਏ ਸਨ। ਅਸਾਮ ਵਿਚ ਬਾਲ ਵਿਆਹ ਪ੍ਰਥਾ ਮੁਸਲਿਮ ਭਾਈਚਾਰੇ ਵਿਚ ਜ਼ਿਆਦਾ ਪ੍ਰਚਲਿਤ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਦੇ 2022 ਦੇ ਸਰਵੇਖਣ ਅਨੁਸਾਰ ਸਭ ਤੋਂ ਜ਼ਿਆਦਾ ਬਾਲ ਵਿਆਹ ਝਾਰਖੰਡ ਵਿਚ ਹੁੰਦੇ ਹਨ। ਰਾਜਸਥਾਨ ਵਿਚ ਵੀ ਇਹ ਗੰਭੀਰ ਸਮੱਸਿਆ ਹੈ। ਸਾਮਾਜ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਵਿੱਦਿਆ ਤੇ ਪਸਾਰ ਅਤੇ ਆਰਥਿਕ ਤਰੱਕੀ ਨਾਲ ਬਾਲ ਵਿਆਹਾਂ ਦੀ ਗਿਣਤੀ ਘਟਦੀ ਹੈ। ਗ੍ਰਹਿ ਮੰਤਰਾਲੇ ਦੇ ਉਪਰੋਕਤ ਸਰਵੇਖਣ ਅਨੁਸਾਰ ਕੇਰਲ ਵਿਚ ਕੋਈ ਵੀ ਬਾਲ ਵਿਆਹ ਨਹੀਂ ਹੁੰਦਾ।

Comment here