ਖਬਰਾਂਚਲੰਤ ਮਾਮਲੇਦੁਨੀਆ

ਆਸਟ੍ਰੇਲੀਆ ਪੁਲਸ ਨੂੰ ਪੀਐਮ ਮੋਦੀ ਬਾਰੇ ਟਿੱਪਣੀਆਂ ਲਈ ਹਿੰਦੂ ਸੰਗਠਨਾਂ ‘ਤੇ ਸ਼ੱਕ

ਸਿਡਨੀ-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਲਿਖੀਆਂ ਇਤਰਾਜ਼ਯੋਗ ਟਿੱਪਣੀਆਂ ਨੂੰ ਲੈਕੇ ਵਿਸ਼ੇਸ਼ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਪੁਲਸ ਨੇ ਇਸ ਸਾਲ 3 ਮਾਰਚ ਨੂੰ ਬ੍ਰਿਸਬੇਨ ਸ਼ਹਿਰ ਦੇ ਇਕ ਹਿੰਦੂ ਮੰਦਰ ਦੀਆਂ ਕੰਧਾਂ ‘ਤੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਅਤੇ 1984 ਦੇ ਦੰਗਿਆਂ ਬਾਰੇ ਲਿਖੀਆਂ ਗਈਆਂ ਇਤਰਾਜ਼ਯੋਗ ਗੱਲਾਂ ਲਈ ਖ਼ੁਦ ਹਿੰਦੂ ਭਾਈਚਾਰੇ ਦੀ ਸ਼ਮੂਲੀਅਤ ਬਾਰੇ ਸ਼ੱਕ ਪ੍ਰਗਟਾਇਆ ਹੈ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਦੋਸ਼ ਲਾਇਆ ਸੀ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਕੁਝ ਅਣਪਛਾਤੇ ਖ਼ਾਲਿਸਤਾਨੀ ਸਮਰਥਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਤੋਂ ਹੁਣ ਤੱਕ ਦੇਸ਼ ਵਿੱਚ ਕੁੱਲ 4 ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਇੱਕ ਬਿਆਨ ਜਾਰੀ ਕਰਦੇ ਹੋਏ ਪੁਲਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਵਿੱਚ ਪਾਇਆ ਗਿਆ ਕਿ ਘਟਨਾ ਦੇ ਸਮੇਂ ਸੀ.ਸੀ.ਟੀ.ਵੀ ਕੈਮਰੇ ਬੰਦ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘਟਨਾ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਮਿਲਿਆ ਅਤੇ ਸ਼ਿਕਾਇਤ ਕਰਨ ਵਾਲੇ ਹਿੰਦੂ ਭਾਈਚਾਰੇ ਦੇ ਲੋਕ ਵੀ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਜੋ ਇਹਨਾਂ ਲੋਕਾਂ ਵਿੱਚ ਕੁੱਝ ਸ਼ਰਾਰਤੀ ਅਨਸਾਰਾਂ ਦੀ ਸ਼ਮੂਲੀਅਤ ਦਾ ਸੰਕੇਤ ਦਿੰਦਾ ਹੈ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਅਜਿਹੀ ਕਾਰਵਾਈ ਹਿੰਦੂ-ਸਿੱਖ ਭਾਈਚਾਰਕ ਸਾਂਝ ਵਿੱਚ ਦਰਾੜ ਪੈਦਾ ਕਰਨ ਅਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤੀ ਹੋ ਸਕਦੀ ਹੈ। ਇਸ ਲਈ ਇਸ ਕੇਸ ਦੀ ਫਾਈਲ ਇਸ ਜਾਂਚ ਤੋਂ ਬਾਅਦ ਬੰਦ ਕਰ ਦਿੱਤੀ ਗਈ ਹੈ।

Comment here