ਕੈਨਬਰਾ : ਆਸਟਰੇਲੀਆ ਤੋਂ ਨਵੀਂ ਅਪਡੇਟ ਸਾਹਮਣੇ ਆਈ ਹੈ, 21 ਫਰਵਰੀ ਨੂੰ ਸੈਲਾਨੀਆਂ ਲਈ ਆਪਣੀ ਅੰਤਰਰਾਸ਼ਟਰੀ ਸਰਹੱਦ ਖੋਲ੍ਹ ਦਿੱਤੀਆਂ ਜਾਣਗੀਆਂ , ਜਿਨ੍ਹਾਂ ਲੋਕਾਂ ਨੇ ਕਰੋਨਾ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹੋਣਗੀਆਂ ਸਿਰਫ ਉਹਨਾਂ ਨੂੰ ਹੀ ਦੇਸ਼ ਵਿਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਨਾਲ ਬੈਠਕ ਤੋਂ ਬਾਅਦ ਕਿਹਾ, ‘ਮੈਨੂੰ ਪਤਾ ਹੈ ਕਿ ਸੈਰ-ਸਪਾਟਾ ਉਦਯੋਗ ਇਸ ਦਾ ਇੰਤਜ਼ਾਰ ਕਰ ਰਿਹਾ ਹੋਵੇਗਾ। ਅਗਲੇ 2 ਹਫ਼ਤਿਆਂ ਵਿਚ ਉਨ੍ਹਾਂ (ਸੈਰ-ਸਪਾਟਾ ਉਦਯੋਗ) ਨੂੰ ਆਸਟਰੇਲੀਆ ਵਿਚ ਅੰਤਰਰਾਸ਼ਟਰੀ ਸੈਲਾਨੀਆਂ ਦਾ ਸਵਾਗਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ 21 ਫਰਵਰੀ ਤੋਂ ਆਸਟਰੇਲੀਆ ਆਉਣ ਵਾਲੇ ਲੋਕਾਂ ਲਈ ਕੋਰੋਨਾ ਵੈਕਸੀਨ ਦੀਆਂ 2 ਖ਼ੁਰਾਕਾਂ ਲੈਣਾ ਲਾਜ਼ਮੀ ਹੋਵੇਗਾ। ਦੱਸਣਯੋਗ ਹੈ ਕਿ ਮੌਰੀਸਨ ਨੇ ਪਿਛਲੇ ਸਾਲ ਅਕਤੂਬਰ ਵਿਚ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਲਈ ਆਸਟਰੇਲੀਆ ਦੀਆਂ ਸਰਹੱਦਾਂ 2022 ਵਿਚ ਖੋਲ੍ਹ ਦਿੱਤੀਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨੂੰ ਲਗਭਗ 2 ਸਾਲਾਂ ਬਾਅਦ ਆਸਟਰੇਲੀਆ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਮਾਰਚ 2020 ਤੋਂ ਆਸਟਰੇਲੀਆ ਦੀਆਂ ਸਰਹੱਦਾਂ ਜ਼ਿਆਦਾਤਰ ਵਿਦੇਸ਼ੀ ਲੋਕਾਂ ਲਈ ਬੰਦ ਹਨ।
Comment here