ਚੰਡੀਗੜ੍ਹ-ਆਸਟ੍ਰੇਲੀਆ ‘ਚ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਲਈ ਬੁਰੀ ਖ਼ਬਰ ਹੈ। ਦਰਅਸਲ ਪਿਛਲੇ ਦਿਨੀਂ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੇ ਜਾਅਲੀ ਵੀਜ਼ਾ ਅਰਜ਼ੀਆਂ ਵਿਚ ਤੇਜ਼ੀ ਦੇ ਮੱਦੇਨਜ਼ਰ ਕੁਝ ਭਾਰਤੀ ਵਿਦਿਆਰਥੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਸੀ। ਵਿਕਟੋਰੀਆ ਵਿੱਚ ਫੈਡਰੇਸ਼ਨ ਯੂਨੀਵਰਸਿਟੀ ਅਤੇ ਨਿਊ ਸਾਊਥ ਵੇਲਜ਼ ਵਿੱਚ ਪੱਛਮੀ ਸਿਡਨੀ ਯੂਨੀਵਰਸਿਟੀ ਨੇ ਪਿਛਲੇ ਹਫ਼ਤੇ ਸਿੱਖਿਆ ਏਜੰਟਾਂ ਨੂੰ ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਨਾ ਦੇਣ ਲਈ ਕਿਹਾ ਸੀ। ਹੁਣ ਆਸਟ੍ਰੇਲੀਆ ਦੀਆਂ ਦੋ ਹੋਰ ਯੂਨੀਵਰਸਿਟੀਆਂ ਨੇ ਵੀ ਇਹ ਬੈਨ ਲਾਇਆ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਭਾਰਤ ਦੇ 8 ਸੂਬਿਆਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਅਤੇ ਆਸਟ੍ਰੇਲੀਆ ਆਉਣ ਲਈ ਪੜ੍ਹਾਈ ਦੀ ਬਜਾਏ ਵਿਦਿਆਰਥੀ ਵੀਜ਼ੇ ਦੀ ਵਰਤੋਂ ਵਰਗੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਲਗਾਈ ਗਈ ਸੀ। ਹੁਣ ਇਸੇ ਤਰਜ਼ ਉਤੇ ਦੋ ਹੋਰ ਯੂਨੀਵਰਸਿਟੀਆਂ ਨੇ ਸਖਤ ਫੈਸਲਾ ਲੈਂਦਿਆਂ ਇਹ ਪਾਬੰਦੀ ਲਾ ਦਿੱਤੀ ਹੈ।
ਆਸਟ੍ਰੇਲੀਅਨ ਅਖਬਾਰ ਅਨੁਸਾਰ ਘੱਟੋ-ਘੱਟ ਪੰਜ ਯੂਨੀਵਰਸਿਟੀਆਂ ਨੇ ਇਹ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਵਿੱਚ ਵਿਕਟੋਰੀਆ ਯੂਨੀਵਰਸਿਟੀ, ਐਡਿਥ ਕੋਵਿਨ ਯੂਨੀਵਰਸਿਟੀ, ਵੋਲੋਂਗੌਂਗ ਯੂਨੀਵਰਸਿਟੀ, ਟੋਰੇਸ ਯੂਨੀਵਰਸਿਟੀ ਅਤੇ ਦੱਖਣੀ ਕਰਾਸ ਯੂਨੀਵਰਸਿਟੀ ਸ਼ਾਮਲ ਹਨ। ਇਸੇ ਤਰਜ਼ ਉਤੇ ਹੁਣ ਫੈਡਰੇਸ਼ਨ ਯੂਨੀਵਰਸਿਟੀ ਤੇ ਵੈਸਟਰਨ ਸਿਡਨੀ ਯੂਨੀਵਰਸਿਟੀ ਨੇ ਵੀ ਸਖ਼ਤ ਫੈਸਲਾ ਲੈ ਕੇ ਪਾਬੰਦੀ ਲਾਈ ਹੈ। ਗਲੋਬਲ ਐਜੂਕੇਸ਼ਨ ਫਰਮ ਨਵਿਤਾਸ ਦੇ ਜੌਹਨ ਚਿਊ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਉਮੀਦ ਤੋਂ ਕਿਤੇ ਜ਼ਿਆਦਾ ਹੈ। ਸਾਨੂੰ ਪਤਾ ਸੀ ਕਿ ਗਿਣਤੀ ਕਾਫੀ ਵਧੇਗੀ ਪਰ ਇਸ ਦੇ ਨਾਲ ਹੀ ਫਰਜ਼ੀ ਵਿਦਿਆਰਥੀਆਂ ਦੀ ਗਿਣਤੀ ਵੀ ਵਧੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਕਈ ਯੂਨੀਵਰਸਿਟੀਆਂ ਹੁਣ ਪਾਬੰਦੀਆਂ ਲਗਾ ਰਹੀਆਂ ਹਨ।
ਐਡੀਥ ਕੋਵਿਨ ਯੂਨੀਵਰਸਿਟੀ ਦੇ ਉਪ-ਕੁਲਪਤੀ ਨੇ ਡੀਡਬਲਯੂ ਨੂੰ ਦਿੱਤੇ ਇੱਕ ਬਿਆਨ ਵਿੱਚ ਅਜਿਹੀਆਂ ਪਾਬੰਦੀਆਂ ਦੀ ਪੁਸ਼ਟੀ ਕੀਤੀ। ਡਿਪਟੀ ਵੀਸੀ ਜੇਕ ਜਰਮਨ ਦਾ ਕਹਿਣਾ ਹੈ ਕਿ ਐਡੀਥ ਕੋਵੇਨ ਯੂਨੀਵਰਸਿਟੀ ਇੱਕ ਗੁਣਵੱਤਾ ਅਧਾਰਤ ਸੰਸਥਾ ਹੈ, ਜਿੱਥੇ ਦਾਖਲਾ ਪ੍ਰਕਿਰਿਆ ਅਤੇ ਅਧਿਐਨ ਦੇ ਮਾਹੌਲ ਰਾਹੀਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸਾਡੇ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਕਰੀਅਰ ਵਿੱਚ ਸਫਲਤਾਪੂਰਵਕ ਵਿਕਾਸ ਕਰਦੇ ਹਨ ਅਤੇ ਅੱਗੇ ਵਧਦੇ ਹਨ। ਜਨਵਰੀ 2023 ਵਿੱਚ, ਈ ਸੀ ਯੂ ਨੇ ਪੰਜਾਬ ਅਤੇ ਹਰਿਆਣਾ ਦੇ ਅੰਡਰ ਗਰੈਜੂਏਟ ਕੋਰਸਾਂ ਵਿੱਚ ਦਾਖਲੇ ਦੀ ਪ੍ਰਕਿਰਿਆ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਸੀ ਤਾਂ ਜੋ ਇਹਨਾਂ ਖੇਤਰਾਂ ਤੋਂ ਦਾਖਲਾ ਪ੍ਰਕਿਰਿਆ ਦੀ ਸਮੀਖਿਆ ਕੀਤੀ ਜਾ ਸਕੇ।
ਆਸਟ੍ਰੇਲੀਆ ਯੂਨੀਵਰਸਿਟੀਆਂ ਵੱਲੋਂ ਭਾਰਤੀ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀ

Comment here