ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਆਸਟ੍ਰੇਲੀਆ ਤੋਂ ਪਤਨੀ ਨੂੰ ਲੈਣ ਆਏ ਨੌਜਵਾਨ ਦੀ ਹਾਦਸੇ ‘ਚ ਮੌਤ

ਹਰਿਆਣਾ-ਇੱਥੇ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਵੋਗੇ ਕਿ ਸਾਡੇ ਸਮਾਜ ‘ਚ ਅਜਿਹੇ ਲੋਕ ਵੀ ਹਨ ਜੋ ਸਮਾਜ ਨੂੰ ਗੰਦਾ ਕਰ ਰਹੇ ਹਨ। ਇਹ ਖਬਰ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀ ਹੈ। ਕਰਨਾਲ ਦੇ ਨੀਲੋਖੇੜੀ ਵਿਚ ਇਕ ਹਾਦਸਾ ਹੋਇਆ ਅਤੇ ਚਾਰ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਆਏ ਅੰਕਿਤ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜੋ ਹੋਇਆ, ਉਹ ਬਹੁਤ ਸ਼ਰਮਨਾਕ ਹੈ।
ਹਾਦਸੇ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਗਲੇ ‘ਚੋਂ ਸੋਨੇ ਦੀ ਚੇਨ, ਸੋਨੇ ਕੜਾ ਅਤੇ ਪਰਸ ਗਾਇਬ ਸੀ। ਹਾਦਸੇ ਸਮੇਂ ਮੌਜੂਦ ਕੋਈ ਸ਼ਖਸ ਮ੍ਰਿਤਕ ਲੜਕੇ ਦੀ ਲਾਸ਼ ਤੋਂ ਸੋਨੇ ਦੀ ਚੇਨ, ਡਾਲਰਾਂ ਵਾਲਾ ਪਰਸ ਅਤੇ ਹੋਰ ਗਹਿਣੇ ਲੈ ਕੇ ਫਰਾਰ ਹੋ ਗਿਆ। ਇਹ ਦੋਸ਼ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਲਾਏ ਹਨ।
ਅੰਕਿਤ ਆਪਣੀ ਪਤਨੀ ਨੂੰ ਲੈਣ ਭਾਰਤ ਆਇਆ ਸੀ। ਉਨ੍ਹਾਂ ਦਾ ਵਿਆਹ ਇਕ ਸਾਲ ਪਹਿਲਾਂ ਹੀ ਹੋਇਆ ਸੀ। ਤਿੰਨ ਦੋਸਤ ਕਰਨਾਲ ਤੋਂ ਕੁਰੂਕਸ਼ੇਤਰ ਜਾ ਰਹੇ ਸਨ। ਇਹ ਹਾਦਸਾ ਨੀਲੋਖੇੜੀ ਨੇੜੇ ਵਾਪਰਿਆ ਜਦੋਂ ਟਰੱਕ ਚਾਲਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ।
ਆਸਟ੍ਰੇਲੀਆ ਤੋਂ ਚਾਰ ਦਿਨ ਪਹਿਲਾਂ ਆਪਣੀ ਪਤਨੀ ਨੂੰ ਲੈਣ ਆਏ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਤੇਜ਼ ਰਫਤਾਰ ਟਰੱਕ ਚਾਲਕ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਕਾਰਨ ਕਾਰ ਹਾਈਵੇਅ ਉਤੇ ਪਲਟ ਗਈ। ਇਸ ਵਿਚ ਅੰਕਿਤ ਰਾਣਾ ਵਾਸੀ ਬੜਾਗਾਵਾਂ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਦੋਸਤ ਕੁਲਦੀਪ ਸਿੰਘ ਅਤੇ ਰਾਹੁਲ ਰਾਣਾ ਜ਼ਖ਼ਮੀ ਹੋ ਗਏ। ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਅੰਕਿਤ ਰਾਣਾ 8 ਸਾਲਾਂ ਤੋਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਰਹਿੰਦਾ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੂੰ ਉਥੋਂ ਪੀਸੀਆਰ ਕਾਲ ਆਈ। ਅੰਕਿਤ ਦਾ ਜਨਵਰੀ 2022 ਵਿਚ ਵਿਆਹ ਹੋਇਆ ਸੀ। ਹੁਣ ਉਹ ਚਾਰ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਆਇਆ ਸੀ ਅਤੇ ਆਪਣੀ ਪਤਨੀ ਨੂੰ ਵੀ ਨਾਲ ਲੈ ਕੇ ਜਾਣ ਦੀ ਤਿਆਰੀ ਕਰ ਰਿਹਾ ਸੀ।
ਇਸ ਤੋਂ ਪਹਿਲਾਂ ਹੀ ਉਹ ਇਸ ਸੰਸਾਰ ਨੂੰ ਛੱਡ ਗਿਆ। ਅੰਕਿਤ ਦੀ ਮੌਤ ਕਾਰਨ ਪੂਰੇ ਪਿੰਡ ‘ਚ ਸੋਗ ਹੈ। ਵਿਆਹ ਤੋਂ ਬਾਅਦ ਪਤਨੀ ਨੂੰ ਆਸਟ੍ਰੇਲੀਆ ਲੈ ਕੇ ਜਾਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਸਵੇਰੇ ਜਦੋਂ ਅੰਕਿਤ ਦੀ ਮੌਤ ਦੀ ਖਬਰ ਮਿਲੀ ਤਾਂ ਖੁਸ਼ੀ ਮਾਤਮ ‘ਚ ਬਦਲ ਗਈ।
ਅੰਕਿਤ ਦੇ ਭਰਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਦੱਸਿਆ ਕਿ ਇਨਸਾਨੀਅਤ ਪੂਰੀ ਤਰ੍ਹਾਂ ਮਰ ਚੁੱਕੀ ਹੈ। ਉਸ ਦੇ ਭਰਾ ਦੇ ਗਲੇ ਵਿਚ ਪੰਜ ਤੋਲੇ ਸੋਨੇ ਦੀ ਚੇਨ, ਪਰਸ ਅਤੇ ਹੱਥ ਵਿਚ ਸੋਨਾ ਦਾ ਕੜਾ ਸੀ, ਜੋ ਹਾਦਸੇ ਤੋਂ ਬਾਅਦ ਗਾਇਬ ਹੈ। ਸੰਭਵ ਹੈ ਕਿ ਹਾਦਸੇ ਦੌਰਾਨ ਕਿਸੇ ਨੇ ਇਹ ਚੋਰੀ ਕਰ ਲਈ ਹੋਵੇ। ਪੁਲਿਸ ਕੋਲ ਅੰਕਿਤ ਦਾ ਸਮਾਨ ਵੀ ਨਹੀਂ ਹੈ। ਰਿਸ਼ਤੇਦਾਰਾਂ ਨੇ ਅਪੀਲ ਕੀਤੀ ਕਿ ਰੱਬ ਅਜਿਹੇ ਲੋਕਾਂ ਨੂੰ ਬੁੱਧੀ ਬਖਸ਼ੇ, ਜੋ ਮਰੇ ਹੋਏ ਲੋਕਾਂ ਦਾ ਸਮਾਨ ਲੁੱਟਦੇ ਹਨ।

Comment here