ਖਬਰਾਂਦੁਨੀਆਪ੍ਰਵਾਸੀ ਮਸਲੇ

ਆਸਟਰੇਲੀਆ ‘ਚ ਪੰਜਾਬੀ ਗੱਬਰੂ ਦੀ ਹੋਈ ਮੌਤ

ਗੁਰਦਾਸਪੁਰ-ਆਸਟਰੇਲੀਆ ਦੇ ਸ਼ਹਿਰ ਪਰਥ ‘ਚ ਗੁਰਦਾਸਪੁਰ ਦੇ ਪਿੰਡ ਨਾਨੋਵਾਲ ਖੁਰਦ ਤੋਂ ਪੜ੍ਹਾਈ ਕਰਨ ਗਿਆ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਹੈ। 24 ਸਾਲ ਦੇ ਅੰਮ੍ਰਿਤਪਾਲ ਸਿੰਘ 2017 ‘ਚ ਉੱਚ ਸਿੱਖਿਆ ਲਈ ਆਸਟਰੇਲੀਆ ਦੇ ਸ਼ਹਿਰ ਪਰਥ ‘ਚ ਗਿਆ ਸੀ। ਜਿੱਥੇ ਹੁਣ ਉਹ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਟ ‘ਤੇ ਕੰਮ ਕਰ ਰਿਹਾ ਸੀ। ਇਹ ਸੂਚਨਾ ਮਿਲਣ ‘ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਅਤੇ ਤਾਏ ਰਵਿੰਦਰ ਸਿੰਘ ਨੇ ਦੱਸਿਆ ਕਿ 18 ਫਰਵਰੀ ਨੂੰ ਜਦੋਂ ਅੰਮ੍ਰਿਤਪਾਲ ਸਿੰਘ ਕੰਮ ਤੋਂ ਘਰ ਆਇਆ ਤਾਂ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਦੇ ਆਸਟਰੇਲੀਆ ਰਹਿੰਦੇ ਸਪੁੱਤਰ ਮਨਪ੍ਰੀਤ ਸਿੰਘ ਨੇ ਇਸ ਮੰਦਭਾਗੀ ਖ਼ਬਰ ਤੋਂ ਉਨ੍ਹਾਂ ਨੂੰ ਜਾਣੂ ਕਰਾਇਆ। ਇਸ ਮੌਕੇ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ, ਮਾਂ ਜਸਵੀਰ ਕੌਰ, ਚਾਚਾ ਸਾਬਕਾ ਸਰਪੰਚ ਹਰਵਿੰਦਰ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ।ਇਸ ਲਈ ਮਾਪਿਆਂ ਨੇ ਆਸਟਰੇਲੀਆ ਪੜ੍ਹਨ ਵਾਸਤੇ ਭੇਜਿਆ ਸੀ।
ਪਰਿਵਾਰ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਆਸਟਰੇਲੀਆ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦੀ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਕੁਦਰਤ ਦੇ ਕਹਿਰ ਵੇਖੋ ਕਿ ਅੰਮ੍ਰਿਤਪਾਲ ਦੀ ਮੌਤ ਤੋਂ ਇਕ ਦਿਨ ਬਾਅਦ ਉਸ ਦੀ ਨਿੱਕੀ ਭੈਣ ਦੀ ਕੁੜਮਾਈ ਦੀਆਂ ਰਸਮਾਂ ਹੋਣ ਵਾਲੀਆਂ ਸਨ, ਪਰ ਅੰਮ੍ਰਿਤਪਾਲ ਦੀ ਮੌਤ ਕਾਰਨ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਵੀ ਦੁੱਖ ‘ਚ ਬਦਲ ਗਈਆਂ। ਅੰਮ੍ਰਿਤਪਾਲ ਦੀ ਮੌਤ ਨਾਲ ਜਿੱਥੇ ਪਿੰਡ ਨਾਨੋਵਾਲ ਖੁਰਦ ਦੇ ਸੋਗ ਦਾ ਮਾਹੌਲ ਹੈ, ਉਸ ਦੇ ਨਾਲ ਇਲਾਕੇ ਦੇ ਪਿੰਡਾਂ ‘ਚ ਵੀ ਇਸ ਅਣਹੋਣੀ ਖ਼ਬਰ ਨੂੰ ਲੈ ਕੇ ਸੋਗ ਬਣਿਆ ਹੋਇਆ ਹੈ।

Comment here