ਪੈਰਿਸ-ਈਰਾਨ ਇਸ ਸਮੇਂ ਪ੍ਰਦਰਸ਼ਨਾਂ ਵਿਚ ਘਿਰਿਆ ਹੋਇਆ ਹੈ। ਫਰਾਂਸ ਦੀ ਆਸਕਰ ਪੁਰਸਕਾਰ ਨਾਲ ਸਨਮਾਨਿਤ ਅਭਿਨੇਤਰੀਆਂ ਮੈਰੀਆਨ ਕੋਟੀਲਾਰਡ ਅਤੇ ਜੂਲੀਐਟ ਬਿਨੋਸ਼ੇ ਸਮੇਤ ਹੋਰ ਹਸਤੀਆਂ ਨੇ ਈਰਾਨ ਵਿਚ ਜਾਰੀ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਆਪਣੇ ਵਾਲ ਕੱਟ ਲਏ। ਉਨ੍ਹਾਂ ਨੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਵੀਡੀਓ ਵਿਚ ਅਦਾਕਾਰਾ ਬਿਨੋਸ਼ੇ ਕੈਂਚੀ ਨਾਲ ਆਪਣੇ ਵਾਲਾਂ ਦਾ ਵੱਡਾ ਗੁੱਛਾ ਕੱਟਦੇ ਹੋਏ ‘ਆਜ਼ਾਦੀ ਲਈ’ ਬੋਲ ਰਹੀ ਹੈ ਅਤੇ ਫਿਰ ਉਹ ਕੱਟੇ ਹੋਏ ਵਾਲ ਕੈਮਰੇ ਦੇ ਸਾਹਮਣੇ ਦਿਖਾ ਰਹੀ ਹੈ। ਇਨ੍ਹਾਂ ਵੀਡੀਓਜ਼ ਨੂੰ ਹੈਸ਼ਟੈਗ ‘ਹੇਅਰ ਫਾਰ ਫਰੀਡਮ’ ਨਾਲ ਪੋਸਟ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਖ਼ਤ ਇਸਲਾਮੀ ਡਰੈੱਸ ਕੋਡ ਦੀ ਕਥਿਤ ਤੌਰ ’ਤੇ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ 22 ਸਾਲਾ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਸਰਕਾਰ ਵਿਰੋਧੀ ਭਿਆਨਕ ਪ੍ਰਦਰਸ਼ਨ ਹੋ ਰਹੇ ਹਨ। ਕੋਟੀਲਾਰਡ, ਬਿਨੋਸ਼ੇ ਅਤੇ ਦਰਜਨ ਭਰ ਹੋਰ ਔਰਤਾਂ ਦੀ ਵਾਲ ਕੱਟਦੇ ਹੋਏ ਇਹ ਵੀਡੀਓ ਇੰਸਟਾਗ੍ਰਾਮ ’ਤੇ ਜਾਰੀ ਕੀਤੀ ਗਈ ਹੈ। ਵੀਡੀਓ ਨਾਲ ਲਿਖੀ ਪੋਸਟ ਵਿਚ ਕਿਹਾ ਗਿਆ ਹੈ ਕਿ ਇਹ ਔਰਤਾਂ, ਇਹ ਮਰਦ ਤੁਹਾਡੇ ਕੋਲੋਂ ਸਮਰਥਨ ਮੰਗ ਰਹੇ ਹਨ।
Comment here