ਸਿਆਸਤਖਬਰਾਂਦੁਨੀਆ

ਆਸਕਰ ਜੇਤੂ ਐਲਨ ਆਰਕਿਨ ਦਾ ਹੋਇਆ ਦਿਹਾਂਤ

ਲਾਸ ਏਂਜਲਸ-ਮਸ਼ਹੂਰ ਅਦਾਕਾਰ ਐਲਨ ਆਰਕਿਨ ਬਾਰੇ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਐਲਨ ਆਰਕਿਨ (89) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪੁੱਤਰਾਂ ਐਡਮ, ਮੈਥਿਊ ਤੇ ਐਂਥਨੀ ਨੇ ਆਪਣੇ ਪਿਤਾ ਦੇ ਦਿਹਾਂਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਕ ਸਾਂਝੇ ਬਿਆਨ ਵਿੱਚ ਕਿਹਾ, “ਸਾਡੇ ਪਿਤਾ ਇਕ ਕਲਾਕਾਰ ਅਤੇ ਇਕ ਵਿਅਕਤੀ ਦੇ ਰੂਪ ਵਿੱਚ ਇਕ ਵਿਲੱਖਣ ਪ੍ਰਤਿਭਾਵਾਨ ਇਨਸਾਨ ਸਨ।” ਆਪਣੇ ਮਜ਼ਾਕੀਆ ਅੰਦਾਜ਼ ਲਈ ਮਸ਼ਹੂਰ ਅਤੇ ਬਹੁਪੱਖੀ ਪ੍ਰਤਿਭਾ ਲਈ ਜਾਣੇ ਜਾਂਦੇ ਆਰਕਿਨ ਨੂੰ 2007 ਵਿੱਚ “ਲਿਟਲ ਮਿਸ ਸਨਸ਼ਾਈਨ” ਲਈ ਆਸਕਰ ਪੁਰਸਕਾਰ ਮਿਲਿਆ ਸੀ।
ਐਲਨ ਆਰਕਿਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ 4 ਵਾਰ ਅਕੈਡਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਕਾਰਲ ਰੇਨਰ ਦੀ ਐਂਟਰ ਲਾਫਿੰਗ ਵਿੱਚ ਉਨ੍ਹਾਂ ਆਪਣੀ ਪਹਿਲੀ ਮੁੱਖ ਭੂਮਿਕਾ ਲਈ 1963 ‘ਚ ਬ੍ਰੌਡਵੇ ਦਾ ਚੋਟੀ ਦਾ ਸਨਮਾਨ ਟੋਨੀ ਐਵਾਰਡ ਜਿੱਤਿਆ ਸੀ। ਉਨ੍ਹਾਂ 1966 ਦੀ ਕੋਲਡ ਵਾਰ ਕਾਮੇਡੀ ਦਿ ਰਸ਼ੀਅਨਜ਼ ਆਰ ਕਮਿੰਗ ਵਿੱਚ ਇਕ ਸੋਵੀਅਤ ਮਲਾਹ ਦੀ ਭੂਮਿਕਾ ਲਈ ਸਰਵੋਤਮ ਅਭਿਨੇਤਾ ਐਵਾਰਡ ਵੀ ਜਿੱਤਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਹਾਲੀਵੁੱਡ ਜਗਤ ‘ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੀ ਮੌਤ ‘ਤੇ ਕਈ ਹਾਲੀਵੁੱਡ ਹਸਤੀਆਂ ਨੇ ਸੋਗ ਜਤਾਇਆ ਹੈ।

Comment here