ਆਸ਼ੂ ਮਾਮਲਾ : ਕਾਂਗਰਸ ਪਾਰਟੀ ਕੇਡਰ ਦੀ ਐਨਰਜੀ ਵੇਸਟ ਨਾ ਕਰੇ-ਖਹਿਰਾ
ਜਲੰਧਰ-ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਧੜਾਧੜ ਮੰਤਰੀ ਫੜੇ ਜਾ ਰਹੇ ਹਨ। ਹੁਣ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਰਵੱਈਏ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ਨਸੀਹਤ ਦਿੱਤੀ ਕਿ ਕਿਸੇ ਇਕ ਵਿਅਕਤੀ ਲਈ ਕੈਡਰ ਦੀ ਐਨਰਜੀ ਬਰਬਾਦ ਨਾ ਕਰੋ। ਉਨ੍ਹਾਂ ਦਾ ਇਸ਼ਾਰਾ ਲੁਧਿਆਣਾ ’ਚ ਫੜੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲ ਸੀ। ਇਥੇ ਦੱਸ ਦਈਏ ਕਿ ਆਸ਼ੂ ਦੀ ਗ੍ਰਿਫ਼ਤਾਰੀ ਹੋਣ ਮਗਰੋਂ ਕਾਂਗਰਸ ਨੇ ਲੁਧਿਆਣਾ ’ਚ ਧਰਨਾ ਲਗਾਇਆ ਹੈ।
ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ਜ਼ਰੀਏ ਕਿਹਾ ਕਿ ਸਾਡੇ ਅੱਗੇ ਪੰਜਾਬ ’ਚ ਬੇਅਦਬੀ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਲੰਪੀ ਸਕਿਨ ਵਰਗੇ ਕਈ ਵੱਡੇ ਮੁੱਦੇ ਹਨ। ਕਿਸੇ ਇਕ ਵਿਅਕਤੀ ਨੂੰ ਡਿਫੈਂਡ ਕਰਨ ਲਈ ਸਾਨੂੰ ਪਾਰਟੀ ਕੈਡਰ ਦੀ ਐਨਰਜੀ ਨਹੀਂ ਲਗਾਉਣੀ ਚਾਹੀਦੀ। ਅੱਗੇ ਬੋਲਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਇਨਫੋਰਮੈਂਟ ਡਾਇਰੈਕਟੋਰੇਟ ਦਾ ਸਾਹਮਣਾ ਕੀਤਾ ਕਿਉਂਕਿ ਮੈਂ ਸੱਚਾ ਸੀ। ਇਸ ਦੇ ਬਾਅਦ ਮੈਨੂੰ ਭੁਲੱਥ ਨੇ ਵੋਟਾਂ ਦੇ ਕੇ ਵਿਧਾਨ ਸਭਾ ਭੇਜਿਆ। ਜੇਕਰ ਸਾਡੇ ਈਮਾਨਦਾਰ ਹਨ ਤਾਂ ਫਿਰ ਚਿੰਤਾ ਕਿਉਂ?
ਰਾਜਾ ਵੜਿੰਗ ਨੇ ਭਾਰਤ ਭੂਸ਼ਣ ਆਸ਼ੂ ਨੂੰ ਬਚਾਉਣ ਲਈ ਮੋਰਚਾ ਖੋਲ੍ਹ ਰੱਖਿਆ ਹੈ। ਆਸ਼ੂ ਪਾਰਟੀ ਦੇ ਵਰਕਿੰਗ ਪ੍ਰਧਾਨ ਵੀ ਹਨ। ਆਸ਼ੂ ਨੂੰ ਬਚਾਉਣ ਲਈ ਪਹਿਲਾਂ ਚੰਡੀਗੜ੍ਹ ’ਚ ਵਿਜੀਲੈਂਸ ਦਫ਼ਤਰ ਦਾ ਘਿਰਾਓ ਕੀਤਾ ਗਿਆ। ਉਦੋਂ ਤੋਂ ਲੈ ਕੇ ਪੰਜਾਬ ਕਾਂਗਰਸ ਨੇ ਲੁਧਿਆਣਾ ’ਚ ਧਰਨਾ ਲਗਾਇਆ ਹੋਇਆ ਹੈ। ਇਸ ਦੇ ਬਾਅਦ ਜਦੋਂ ਆਸ਼ੂ ਨੂੰ ਵਿਜੀਲੈਂਸ ਨੇ ਲੁਧਿਆਣਾ ਤੋਂ ਫੜ ਲਿਆ ਤਾਂ ਵੜਿੰਗ ਅੱਧੀ ਰਾਤ ਨੂੰ ਹੀ ਲੁਧਿਆਣਾ ਪਹੁੰਚ ਗਏ।
ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ-ਵੜਿੰਗ
ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਤੀ ਨਸੀਹਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਕ ਗਾਣੇ ’ਚ ਲਿਖਿਆ ਹੈ ਕਿ ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ, ਕਦਰ ਏਦਾਂ ਘਟ ਜਾਂਦੀ ਹੈ। ਇਸ ਲਈ ਕੋਈ ਗੱਲ ਨਹੀਂ, ਇਹ ਉਨ੍ਹਾਂ ਦੀ ਗੱਲ ਹੈ।
Comment here