ਸਾਹਿਤਕ ਸੱਥ

ਆਲ੍ਹਣੇ ਵਾਲਾ ਸੱਪ

-ਗੁਰਮੇਲ ਬੀਰੋਕੇ

ਉਹ ਦੋ ਜਣੀਆਂ ਕਿਰਾਏ ਦੀ ਬੇਸਮੈਂਟ ਵਿਚ ਕਾਲਜ ਦੇ ਨੇੜੇ ਰਹਿੰਦੀਆਂ ਸਨ ਤੇ ਪੈਦਲ ਹੀ ਕਲਾਸ ਲਾਉਣ ਚਲੀਆਂ ਜਾਂਦੀਆਂ ਸਨ। ਸੁਨਹਿਰੀ ਭਵਿੱਖ ਦੀ ਆਸ ਵਿਚ, ਵੈਨਕੂਵਰ ਇਲਾਕੇ ਵਿਚ ਭਾਰਤ ਤੋਂ ਆਏ ਹੋਰਨਾਂ ਵਿਦਿਆਰਥੀਆਂ ਵਾਂਗ ਉਹ ਵੀ ਪੜ੍ਹਾਈ ਦੇ ਨਾਲ-ਨਾਲ ਕੰਮ ਕਰਦੀਆਂ ਸਨ। ਕੰਮ ਕਰਨ ਉਹ ਬੱਸ ‘ਤੇ ਜਾਂਦੀਆਂ ਸਨ।

ਉਹ ਇੱਕ ਵੱਡੇ ਵੇਅਰ ਹਾਊਸ ਵਿਚ ਸਿਕਿਉਰਿਟੀ-ਗਾਰਡ ਦੀ ਜੌਬ ਕਰਦੀਆਂ ਸਨ। ਲਵਦੀਪ ਮੂਹਰਲੇ ਗੇਟ ‘ਤੇ ਹੁੰਦੀ ਸੀ ਤੇ ਰਾਜਨ ਅੰਦਰ। ਮੂਹਰਲੇ ਗੇਟ ‘ਤੇ ਟਰੱਕਾਂ ਦਾ ਆਉਣ-ਜਾਣ ਲੱਗਿਆ ਰਹਿੰਦਾ ਸੀ।
ਇੱਕ ਪੰਜਾਬੀ ਟਰੱਕ ਡਰਾਈਵਰ ਹਰੇਕ ਹਫਤੇ ਆਉਂਦਾ ਹੁੰਦਾ। ਬਹੁਤ ਹੀ ਸਾਊ ਤੇ ਸ਼ਰਮਾਕਲ ਜਿਹਾ। ਹੋਰਨਾਂ ਡਰਾਈਵਰਾਂ ਵਾਂਗ ਉਹ ਕਾਹਲ ਨਹੀਂ ਕਰਦਾ ਸੀ। ਜਦ ਵੀ ਆਉਂਦਾ ਤਾਂ ਸਹਿਜ ਮਤੇ ਹੀ ਸਭ ਕੁਝ ਕਰਦਾ। ਜੇ ਟਰੱਕਾਂ ਦੀ ਲਾਈਨ ਲੱਗੀ ਹੁੰਦੀ ਤਾਂ ਵਾਰੀ ਦੀ ਉਡੀਕ ਕਰਦਾ ਰਹਿੰਦਾ। ਵਾਰ-ਵਾਰ ਪੁੱਛਦਾ ਨਹੀਂ ਸੀ ਕਿ ਕਦ ਤੁਸੀਂ ਮੈਨੂੰ ਅੱਗੇ ਤੋਰੋਂਗੇ?
“ਥੋਡਾ ਨਾਂ ਲਵਦੀਪ ਐ?” ਇੱਕ ਦਿਨ ਉਹ ਕੁੜੀ ਨੂੰ ਪੁੱਛਣ ਲੱਗਾ।
“ਹਾਂ…। ਥੋਨੂੰ ਕਿਵੇਂ ਪਤੈ?” ਉਹ ਹੈਰਾਨ ਹੋਈ।
“ਥੋਡੀ ਸ਼ਰਟ ਦੇ ਕਾਲਰ ‘ਤੇ ਲਮਕਦੇ ਆਈ. ਡੀ. ਕਾਰਡ ‘ਤੇ ਪੜ੍ਹਿਐ ਮੈਂ…।” ਉਸ ਨੇ ਟਰੱਕ ਤੋਰਦਿਆਂ ਦੱਸਿਆ।
…ਹੁਣ ਜਦ ਵੀ ਉਹ ਆਉਂਦਾ ਤਾਂ ਉਸ ਦਾ ਨਾਂ ਲੈ ਕੇ ਬੁਲਾਉਂਦਾ। ਉਹ ਵੀ ਹਰਚਰਨ ਦਾ ਨਾਂ ਜਾਣ ਗਈ ਸੀ ਤੇ ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਰ ਲੈਂਦੇ ਸਨ।
ਦੋਹਾਂ ਨੇ ਕੁਝ ਮਹੀਨਿਆਂ ‘ਚ ਇੱਕ ਦੂਜੇ ਬਾਰੇ ਬਹੁਤ ਕੁਝ ਜਾਣ ਲਿਆ। ਹੁਣ ਜਦ ਵੀ ਉਹ ਆਉਂਦਾ ਤਾਂ ਲਵਦੀਪ ਵਾਸਤੇ ਕੁਝ ਨਾ ਕੁਝ ਖਾਣ ਪੀਣ ਲਈ ਲੈ ਆਉਂਦਾ।
…ਲਵਦੀਪ ਦੀ ਪੜ੍ਹਾਈ ਮੁੱਕਣ ਵਾਲੀ ਸੀ। ਉਸ ਨੇ ਓਪਨ ਵਰਕ-ਪਰਮਿਟ ਲੈ ਲੈਣਾ ਸੀ ਤੇ ਆਪਣੀ ਨੌਕਰੀ ਬਦਲ ਲੈਣੀ ਸੀ। ਉਸ ਨੇ ਇਹ ਗੱਲ ਹਰਚਰਨ ਨਾਲ ਸਾਂਝੀ ਕੀਤੀ। ਉਹ ਕਹਿਣ ਲੱਗਾ, “ਵਧੀਆ ਗੱਲ ਐ। ਪੱਕੇ ਹੋਣ ਦਾ ਸਮਾਂ ਆ ਗਿਆ। …ਹੁਣ ਤਾਂ ਆਵਦਾ ਫੋਨ ਨੰਬਰ ਮੈਨੂੰ ਦੇ ਦਿਓਂਗੇ?” ਉਹ ਫੋਨ ਨੰਬਰ ਪਹਿਲਾਂ ਦਾ ਮੰਗਦਾ ਸੀ, ਪਰ ਉਹ ਦੇ ਨਹੀਂ ਰਹੀ ਸੀ। ਉਂਜ ਉਸ ਨੇ ਹਰਚਰਨ ਦਾ ਫੋਨ ਨੰਬਰ ਲੈ ਰੱਖਿਆ ਸੀ।
ਹੁਣ ਵੀ ਉਹ ਫੋਨ ਨੰਬਰ ਮੰਗਣ ਦੀ ਗੱਲ ਸੁਣ ਕੇ ਪਰ੍ਹਾਂ ਤੁਰ ਗਈ।
ਕੁਝ ਦਿਨਾਂ ਮਗਰੋਂ ਲਵਦੀਪ ਨੇ ਨਵੀਂ ਜੌਬ ਲੱਭ ਲਈ ਤੇ ਸਿਕਿਉਰਿਟੀ ਵਾਲਾ ਕੰਮ ਛੱਡ ਦਿੱਤਾ। ਨਵੀਂ ਥਾਂ, ਨਵੇਂ ਲੋਕ ਤੇ ਨਵਾਂ ਕੰਮ ਉਸ ਨੂੰ ਔਖਾ ਲਗਦਾ ਸੀ। ਕੰਮ ਦਫਤਰ ਵਾਲਾ ਸੀ। ਬੌਸ ਹਰ ਵਕਤ ਸਾਹਮਣੇ ਹੁੰਦਾ ਸੀ। ਉਹ ਇੱਕ ਪੰਜਾਬੀ ਬੰਦੇ ਦੀ ਅਕਾਊਂਟਿੰਗ ਫਰਮ ਨਾਲ ਕੰਮ ਕਰਦੀ ਸੀ। ਇਸੇ ਹੀ ਕੰਪਨੀ ਤੋਂ ਜੌਬ ਲੈਟਰ ਲੈ ਕੇ ਉਸ ਨੇ ਪੱਕੀ ਹੋਣ ਲਈ ਕਾਗਜ਼ ਭਰਨੇ ਸਨ।
ਸਾਲ ਭਰ ਕੰਮ ਕਰਨ ਤੋਂ ਮਗਰੋਂ ਲਵਦੀਪ ਨੇ ਪੱਕੇ ਹੋਣ ਵਾਸਤੇ ਆਪਣੇ ਬੌਸ ਤੋਂ ਜੌਬ ਲੈਟਰ ਮੰਗ ਲਿਆ। ਉਹ ਟਾਲਮਟੋਲ ਕਰਨ ਲੱਗਾ। ਉਹ ਵਾਰ-ਵਾਰ ਪੁੱਛਦੀ ਰਹੀ।
ਇੱਕ ਦਿਨ ਬੌਸ ਕਹਿਣ ਲੱਗਾ, “ਲਵਦੀਪ, ਜਿੱਦਾਂ, ਜੋਬ ਲੇਟਰ ਦਾ ਖਰਚਾ ਦੇਨਾ ਪੈਨਾ ਏ। ਜਿੱਦਾਂ, ਸਾਡਾ ਵੀ ਕਾਫੀ ਖਰਚ ਹੋਨਾ ਏ…।”
ਬੌਸ ਦੀ ਗੱਲ ਸੁਣ ਕੇ ਉਹ ਦੰਗ ਰਹਿ ਗਈ। ਜਿਹੜੀ ਉਹ ਨੌਕਰੀ ਕਰਦੀ ਸੀ, ਉਸੇ ਦਾ ਜੌਬ ਲੈਟਰ ਮੰਗਦੀ ਸੀ, ਪਰ ਲਾਲਚੀ ਬੌਸ ਹੱਥ ਆਈ ਅਸਾਮੀ ਨੂੰ ਸੁੱਕਾ ਨਹੀਂ ਲੰਘਣ ਦੇਣਾ ਚਾਹੁੰਦਾ ਸੀ। “ਸਰ, ਜਦ ਮੈਂ ਇੱਥੇ ਕੰਮ ਸ਼ੁਰੂ ਕੀਤਾ ਸੀ, ਉਦੋਂ ਤਾਂ ਤੁਸੀਂ ਕਹਿੰਦੇ ਸੀ ਕਿ ਜੌਬ ਲੈਟਰ ਅਸੀਂ ਦੇਵਾਂਗੇ…।”
“ਲਵਦੀਪ, ਜਿੱਦਾਂ ਉਸ ਵੇਲੇ ਕੋਈ ਖਰਚਾ ਨ੍ਹੀਂ ਹੁੰਦਾ ਸੀ। ਜਿੱਦਾਂ, ਹੁਨ ਤਾਂ ਸਰਕਾਰ ਵੀ ਜੋਬ ਲੇਟਰ ਦੀ ਫੀਸ ਮੰਗਦੀ ਏ। ਜਿੱਦਾਂ, ਮੈਂ ਮੁਫਤ ਕਿੱਦਾਂ ਦੇਆਂ?” ਬੌਸ ਗੰਜਾ ਸਿਰ ਖੁਰਕਦਾ ਬੋਲਿਆ।
ਕੁੜੀ ਅੱਖਾਂ ਭਰ ਕੇ ਦਫਤਰ ਤੋਂ ਬਾਹਰ ਆ ਗਈ।
ਉਹ ਬੇਸਮੈਂਟ ‘ਚ ਆ ਕੇ ਰਾਜਨ ਨੂੰ ਦੱਸਣ ਲੱਗੀ ਕਿ ਉਸ ਦਾ ਬੌਸ ਜੌਬ ਲੈਟਰ ਦੇ ਪੈਸੇ ਮੰਗਦਾ ਹੈ। ਰਾਜਨ ਵੀ ਸੁਣ ਕੇ ਹੈਰਾਨ ਹੋਈ। ਉਹ ਤਾਂ ਆਪ ਪੜ੍ਹਾਈ ਮੁਕਾ ਕੇ ਲਵਦੀਪ ਦੇ ਨਾਲ ਹੀ ਕੰਮ ਕਰਨਾ ਚਾਹੁੰਦੀ ਸੀ।
ਦੂਜੇ ਦਿਨ ਲਵਦੀਪ ਕੰਮ ‘ਤੇ ਨਾ ਗਈ। ਬੇਸਮੈਂਟ ਵਿਚ ਹੀ ਪਈ ਰਹੀ। ਨੌਂ ਕੁ ਵਜੇ ਬੌਸ ਦਾ ਫੋਨ ਆ ਗਿਆ। ਉਹ ਪੁੱਛਣ ਲੱਗਾ, “ਲਵਦੀਪ, ਜਿੱਦਾਂ, ਤੂੰ ਅੱਜ ਕੰਮ ‘ਤੇ ਕਿਉਂ ਨ੍ਹੀਂ ਆਈ? ਇੱਦਾਂ ਤਾਂ ਠੀਕ ਨ੍ਹੀਂ ਹੈਗਾ…।”
“ਸਰ, ਮੈਂ ਬਿਮਾਰ ਆਂ।” ਕੁੜੀ ਨੇ ਬਹਾਨਾ ਲਾ ਦਿੱਤਾ।
“ਜਿੱਦਾਂ, ਤੂੰ ਫੋਨ ਵੀ ਨ੍ਹੀਂ ਕੀਤਾ। ਜਿੱਦਾਂ, ਕੀ ਗੱਲ ਹੋਗੀ?”
“ਸਰ, ਸਿਰ ਦਰਦ ਬਹੁਤ ਸੀ। ਮੇਰੀ ਉੱਠਣ ਦੀ ਹਿੰਮਤ ਈ ਨ੍ਹੀਂ ਪਈ।”
“ਜਿੱਦਾਂ, ਤੂੰ ਡਾਕਟਰ ਦੇ ਜਾਹ ਤੇ ਦਵਾਈ ਲੈ, ਜਿੱਦਾਂ…।” ਕਹਿ ਕੇ ਉਹ ਫੋਨ ਕੱਟ ਗਿਆ।
ਕੁਝ ਦਿਨਾਂ ਮਗਰੋਂ ਫਿਰ ਲਵਦੀਪ ਨੇ ਆਪਣੇ ਬੌਸ ਕੋਲ ਜੌਬ ਲੈਟਰ ਦੀ ਗੱਲ ਕਰ ਲਈ। ਉਹ ਕਹਿਣ ਲੱਗਾ, “ਲਵਦੀਪ, ਜਿੱਦਾਂ, ਮੇਰੇ ਕੋਲ ਤੇਰੇ ਵਾਸਤੇ ਇੱਕ ਸਕੀਮ ਹੈਗੀ ਆ।”
“ਸਰ, ਕਿਹੜੀ ਸਕੀਮ?”
“ਲਵਦੀਪ, ਜਿੱਦਾਂ, ਤੂੰ ਮੇਰੇ ਨਾਲ ਘੁੰਮਣ ਚੱਲ…। ਜਿੱਦਾਂ, ਕੁਝ ਦਿਨ ਆਪਾਂ…। …ਤੇ ਫਿਰ ਜਿੱਦਾਂ, ਜੌਬ ਲੈਟਰ ਲੈ ਲਵੀਂ…।” ਬੋਲਦਿਆਂ ਹੋਇਆਂ ਉਸ ਨੇ ਲਵਦੀਪ ਦਾ ਹੱਥ ਫੜ ਲਿਆ। ਕੁੜੀ ਨੂੰ ਕਰੰਟ ਲੱਗਣ ਵਰਗਾ ਝਟਕਾ ਲੱਗਾ। ਉਹ ਹੱਥ ਛੁਡਾ ਕੇ ਤੁਰ ਆਈ।
ਲਵਦੀਪ ਨੇ ਸਾਰੀ ਗੱਲ ਰਾਜਨ ਨਾਲ ਫਿਰ ਸਾਂਝੀ ਕੀਤੀ। ਰਾਜਨ ਕਹਿਣ ਲੱਗੀ, “ਕੁੱਤੇ ‘ਜਿੱਦਾਂ-ਜਿੱਦਾਂ’ ਨੂੰ ਮਾਰ ਗੋਲੀ…! ਤੂੰ ਹੋਰ ਕੋਈ ਕੰਮ ਭਾਲ।”
ਕੁਝ ਦਿਨ ਉਹ ਹੋਰ ਕੰਮ ਲੱਭਦੀਆਂ ਰਹੀਆਂ। ਕੰਮ ਤਾਂ ਬਹੁਤ ਮਿਲਦੇ ਸਨ, ਪਰ ਜੌਬ ਲੈਟਰ ਦੇਣ ਵਾਸਤੇ ਕੋਈ ਤਿਆਰ ਨਹੀਂ ਸੀ।
ਸਾਰੇ ਰਾਹ ਬੰਦ ਹੋਏ ਦੇਖ ਕੇ ਲਵਦੀਪ ਦੇ ਮਨ ‘ਚ ਹਰਚਰਨ ਦਾ ਖਿਆਲ ਆਇਆ। ਆਪਣੇ ਮਨ ਨਾਲ ਕੁਝ ਸੋਚ ਵਿਚਾਰ ਕਰਨ ਮਗਰੋਂ, ਉਸ ਨੇ ਫੋਨ ਮਿਲਾ ਲਿਆ।
ਹਰਚਰਨ ਕਹਿਣ ਲੱਗਾ, “ਧੰਨਭਾਗ! ਧੰਨਭਾਗ! ਤੁਸੀਂ ਯਾਦ ਕੀਤਾ।”
“ਮੈਂ ਥੋਡੇ ਕੋਲੋਂ ਮਦਦ ਲੈਣੀ ਐ।”
“ਦੱਸੋ?”
“ਮੈਨੂੰ ਜੌਬ ਲੈਟਰ ਦਿਵਾ ਦਿਓ, ਕਿਸੇ ਕੋਲੋਂ, ਪਲੀਜ਼!” ਕੁੜੀ ਦੇ ਬੋਲ ਬੇਨਤੀ ਭਰੇ ਸਨ।
“ਆਏਂ ਕਰੋ। ਤੁਸੀਂ ਕੱਲ੍ਹ ਨੂੰ ਮੈਨੂੰ ਮਿਲੋ।” ਹਰਚਰਨ ਕਹਿਣ ਲੱਗਾ।
ਹਰਚਰਨ ਦਾ ਤਲਾਕ ਹੋਇਆ ਹੋਇਆ ਸੀ। ਉਹ ਇਕੱਲਾ ਰਹਿੰਦਾ ਸੀ। ਕਈ ਸਾਲ ਪਹਿਲਾਂ ਉਹ ਇੱਕ ਰਾਗੀ ਜਥੇ ਨਾਲ ਕੈਨੇਡਾ ਆਇਆ ਸੀ ਤੇ ਇੱਥੇ ਹੀ ਲੁਕ ਗਿਆ ਸੀ। ਫਿਰ ਨਾਂ ਬਦਲ ਕੇ ਰਫਿਊਜੀ ਦੇ ਕਾਗਜ਼ ਭਰ ਦਿੱਤੇ ਸਨ ਤੇ ਕਾਫੀ ਖੱਜਲ-ਖੁਆਰੀ ਬਾਅਦ ਉਹ ਪੱਕਾ ਹੋਇਆ ਸੀ। ਫਿਰ ਉਸ ਨੇ ਪੰਜਾਬ ਤੋਂ ਪੜ੍ਹੀ-ਲਿਖੀ ਕੁੜੀ ਵਿਆਹ ਲਿਆਂਦੀ ਸੀ। ਕੈਨੇਡਾ ਪਹੁੰਚਣ ਸਾਰ, ਉਸ ਦੀ ਪੜ੍ਹੀ-ਲਿਖੀ ਪਤਨੀ ਹਵਾਈ ਅੱਡੇ ਤੋਂ ਭੱਜ ਗਈ ਸੀ ਤੇ ਦੁਬਾਰਾ ਉਹ ਵਿਆਹ ਕਰਾਉਣ ਗਿਆ ਹੀ ਨਹੀਂ ਸੀ। ਇਹ ਗੱਲਾਂ ਲਵਦੀਪ ਨੂੰ ਪਹਿਲਾਂ ਹੀ ਪਤਾ ਸਨ।
ਉਸੇ ਰਾਤ ਰਾਜਨ ਨੇ ਸਾਰਾ ਕੁਝ ਨਾਪਣ ਤੋਲਣ ਤੋਂ ਬਾਅਦ ਲਵਦੀਪ ਨੂੰ ਪੁੱਛਿਆ, “ਜੇ ਇੱਕ ਗੱਲ ਕਹਾਂ ਤਾਂ ਬੁਰਾ ਤਾਂ ਨ੍ਹੀਂ ਮੰਨੇਗੀ?”
“ਕਹਿ ਲੈ ਜੋ ਕਹਿਣੈ। ਮੈਨੂੰ ਪਤੈ, ਤੂੰ ‘ਜਿੱਦਾਂ-ਜਿੱਦਾਂ’ ਤੋਂ ਮਾੜੀ ਗੱਲ ਨ੍ਹੀਂ ਕਹੇਂਗੀ।” ਉਹ ਹੱਸਣ ਲੱਗੀ।
“ਜੇ ‘ਜਿੱਦਾਂ-ਜਿੱਦਾਂ’ ਤੋਂ ਵੀ ਮਾੜੀ ਹੋਈ, ਫਿਰ?”
“ਤੇਰੀ ਤਾਂ ਮੈਂ ਉਹ ਵੀ ਜਰ ਲਊਂ। ਤੂੰ ਕਹਿ ਲੈ।”
“ਜੇ ਮੈਂ ਤੇਰੇ ਵਾਸਤੇ ਹਰਚਰਨ ਨਾਲ ਗੱਲ ਕਰਾਂ?” ਰਾਜਨ ਲਵਦੀਪ ਦੀਆਂ ਅੱਖਾਂ ‘ਚ ਤੱਕਦੀ ਪੁੱਛਣ ਲੱਗੀ।
“ਕਿਹੜੀ ਗੱਲ?” ਉਹ ਹੈਰਾਨ ਹੋਈ।
“ਦੇਖ, ਭੈਣ ਮੇਰੀਏ! ਹਰਚਰਨ ਹੈਗਾ ਤਾਂ ਆਪਾਂ ਤੋਂ ਸੱਤ ਅੱਠ ਸਾਲ ਵੱਡਾ, ਪਰ ਹੁਣ ਫਸਿਆਂ ਨੂੰ ਕੁਝ ਤਾਂ ਕਰਨਾ ਈ ਪਊ।”
“ਕੀ ਕਰਨਾ ਪਊ?” ਲਵਦੀਪ ਹਾਲੇ ਵੀ ਹੈਰਾਨ ਹੋਈ ਉਸ ਦੇ ਮੂੰਹ ਵੱਲ ਦੇਖ ਰਹੀ ਸੀ।
“ਪੱਕੇ ਹੋਣ ਦਾ ਜੁਗਾੜ…।” ਕਹਿ ਕੇ ਰਾਜਨ ਹੱਸ ਪਈ ਤੇ ਹੱਸਦੀ-ਹੱਸਦੀ ਗਾਉਣ ਲੱਗੀ,
“ਮੈਕਸੀਕਨ ਆਈਆਂ ਕਣਕਾਂ
ਨਰਮਾ ਖਿੜਿਆ ਭਾਰੀ
ਗੱਡਾ ਛੱਡ ਟਰੈਕਟਰ ਲੈ ਲਿਆ
ਕੀਤੀ ਖੂਬ ਸਰਦਾਰੀ
ਟਿੱਬਿਆਂ ਉੱਤੇ ਝੋਨਾ ਲਾਇਆ
ਬੋਤੇ ਦੀ ਭੁੱਲ`ਗੇ ਸਵਾਰੀ
ਲੀਡਰ ਜਿੱਥੇ ਡਾਕੂ ਬਣ`ਗੇ
ਅਫਸਰ ਕੁੱਤੇ ਸਰਕਾਰੀ
ਹੰਢਾਉਣ ਕੰਪਨੀਆਂ ਜਿੱਥੇ
ਨਾਲ ਸਰਕਾਰਾਂ ਦੇ ਯਾਰੀ
ਵੰਡਦਿਆਂ ਜ਼ਮੀਨ ਘਟ`ਗੀ ਲੋਕੋ
ਰਹਿ`ਗੀ ਕਿੱਲੇ ਦੋ ਸਾਰੀ
ਪੁੱਠੇ ਰਾਹ ਮੁੰਡੇ ਪੈ`ਗੇ
ਮੱਤ ਨਸਿ਼ਆਂ ਨੇ ਮਾਰੀ
ਬਾਪੂ ਗਲ ਫਾਹਾ ਲੈ ਲਿਆ
ਫਿਕਰਾਂ ਨੇ ਮਾਂ ਮਾਰੀ
ਆਈਲੈਟਸ ਕਰਾ ਕੈਨੇਡਾ ਤੋਰ‘ਤੀ
‘ਕੱਲੀ ਧੀ ਕੁਆਰੀ
ਨਿੰਮ ਦੇ ਪੱਤੇ ਦੀ
ਮੈਪਲ ਤੱਕ ਉਡਾਰੀ…।”
ਰਾਜਨ ਦੀਆਂ ਗੱਲਾਂ ਨੇ ਲਵਦੀਪ ਨੂੰ ਸੋਚੀਂ ਪਾ ਦਿੱਤਾ।
…ਤੇ ਦੂਜੇ ਦਿਨ ਰਾਜਨ ਨੇ ਹਰਚਰਨ ਨਾਲ ਗੱਲ ਤੋਰ ਲਈ। ਉਹ ਕਹਿਣ ਲੱਗਾ, “ਇਸ ਵਾਸਤੇ ਮੈਂ ਆਪਣੀ ਮਾਂ ਨਾਲ ਗੱਲ ਕਰ`ਲਾਂ। ਮੇਰੇ ਬਾਪੂ ਦੀ ਬਹੁਤ ਪਹਿਲਾਂ ਮੌਤ ਹੋ`ਗੀ ਸੀ। ਮੇਰੀ ਮਾਂ ਨੇ ਬਹੁਤ ਦੁੱਖਾਂ ਨਾਲ ਮੈਨੂੰ ਪਾਲਿਆ ਤੇ ਐਥੇ ਤੱਕ ਭੇਜਿਆ ਸੀ।…ਨਾਲੇ ਥੋਨੂੰ ਪਤੈ, ਮੇਰੀ ਪਹਿਲੀ ਸ਼ਾਦੀ ਟੁੱਟ`ਗੀ ਸੀ। ਹੁਣ ਮੈਂ ਬਹੁਤ ਸੋਚ ਸਮਝ ਕੇ ਫੈਸਲਾ ਕਰੂੰਗਾ।”
“ਤੁਸੀਂ ਸੋਚ ਲਓ।…ਤੇ ਜਦ ਵਿਚਾਰ ਬਣੇ ਤਾਂ ਮੈਨੂੰ ਫੋਨ ਕਰ ਦਿਓ।” ਰਾਜਨ ਕਹਿ ਕੇ ਮੁੜ ਆਈ।
ਕੁਝ ਦਿਨਾਂ ਮਗਰੋਂ ਮੁੰਡੇ ਨੇ ‘ਹਾਂ’ ਵਾਲਾ ਫੋਨ ਕਰ ਦਿੱਤਾ। ਕੁੜੀਆਂ ਨੇ ਰਲ ਕੇ, ਬੜੀ ਮੁਸ਼ਕਿਲ ਨਾਲ ਲਵਦੀਪ ਦੇ ਮਾਪੇ ਮਨਾਏ ਤੇ ਫਿਰ ਕੁਝ ਹੀ ਦਿਨਾਂ ਵਿਚ ਸਭ ਕੁਝ ਨੇਪਰੇ ਚੜ੍ਹ ਗਿਆ।
ਵਿਆਹ ਮਗਰੋਂ ਲਵਦੀਪ ਤੇ ਹਰਚਰਨ ‘ਕੱਠੇ ਰਹਿਣ ਲੱਗ ਪਏ।
ਜਿਸ ਇਨਸਾਨ ਨੇ ਸੋਨੇ ਦੇ ਸੁਪਨੇ ਬੁਣੇ ਹੋਣ, ਤੇ ਪਰ ਨਿਕਲ ਪਿੱਤਲ ਦੇ ਜਾਣ, ਉਸ ਦਾ ਜਿਊਣਾ ਸੁਖਾਲਾ ਨਹੀਂ ਹੁੰਦਾ।
ਕਈ ਵਾਰ ਇਨਸਾਨ ਦੀ ਜਿ਼ੰਦਗੀ ਅਰਾਮ ਆ ਰਹੇ ਫੋੜੇ ‘ਤੇ ਖੁਰਕ ਲੜਨ ਵਾਂਗ ਹੋ ਜਾਂਦੀ ਹੈ। ਜੇ ਖੁਰਕ ਕਰਦਾ ਹੈ ਤਾਂ ਖਰੀਂਢ ਉੱਚੜਦਾ ਹੈ ਤੇ ਜੇ ਨਹੀਂ ਕਰਦਾ ਤਾਂ ਖੁਰਕ ਦੀ ਜਲੂਣ ਨਹੀਂ ਟਿਕਣ ਦਿੰਦੀ।
ਸਭ ਕੁਝ ਕਰ ਲੈਣ ਤੋਂ ਬਾਅਦ ਵੀ ਲਵਦੀਪ ਦਾ ਮਨ ਹਰਚਰਨ ਨੂੰ ਪਤੀ ਨਹੀਂ ਮੰਨ ਰਿਹਾ ਸੀ। ਮਨ ਸੋਚਦਾ ਰਹਿੰਦਾ, ਇਹਦਾ ਮੇਰੇ ਨਾਲ ਕੀ ਮੇਲ? ਇਹ ਮਧਰੂ ਜਿਹਾ। ਮੇਰਾ ਕੱਦ ਸਰੂ ਵਰਗਾ। ਇਹ ਦਸਵੀਂ ਪਾਸ, ਮੈਂ ਕੈਨੇਡਾ ‘ਚ ਚਾਰਟਰਡ ਅਕਾਊਂਟੈਂਟ ਬਣਨ ਵਾਲੀ ਹਾਂ।…ਸ਼ਕਲ ਵੀ ਇਹਦੀ ਸੋਹਣੀ ਨਹੀਂ…। ਕੀ ਕਰਾਂ…?
ਦੂਜੇ ਪਲ ਉਸ ਦਾ ਮਨ ਫਿਰ ਸੋਚ ਦਾ ਪਾਸਾ ਬਦਲ ਲੈਂਦਾ, ਤੂੰ ਪੱਕੀ ਹੋਣ ਬਾਰੇ ਸੋਚ। ਜਦ ਪੀ. ਆਰ. ਹੱਥ ਲੱਗ ਗਈ ਤਾਂ ਛੱਡ ਦੇਈਂ। ਇਹਦੇ ਨਾਲੋਂ ਚੰਗੇ ਸੌ ਮੁੰਡੇ ਲੱਭ ਜਾਣਗੇ…।
ਉਹ ਬਹੁਤ ਹੀ ਸੋਚ-ਸੋਚ ਕੇ ਤੁਰਦੀ ਰਹੀ। ਹਰਚਰਨ ਨੇ ਉਸ ਦੇ ਪੱਕੀ ਹੋਣ ਵਾਸਤੇ ਕਾਗਜ਼ ਭਰ ਦਿੱਤੇ ਤੇ ਚੰਗੀ ਆਸ ਦੀ ਕਿਰਨ ਚਮਕਣ ਦੀ ਉਡੀਕ ਸ਼ੁਰੂ ਹੋ ਗਈ।
…ਲਵਦੀਪ ਨੂੰ ਮਾਹਵਾਰੀ ਰੁਕ ਗਈ। ਉਹ ਪ੍ਰੇਸ਼ਾਨ ਹੋ ਗਈ। ਉਸ ਨੇ ਫਾਰਮੇਸੀ ਤੋਂ ਪ੍ਰੈਗਨੈਂਸੀ ਟੈਸਟ ਕਿੱਟ ਖਰੀਦ ਲਈ ਤੇ ਘਰ ਆ ਕੇ ਟੈਸਟ ਕੀਤਾ ਤਾਂ ਉਸ ਦੇ ਗਸ਼ੀ ਪੈਣ ਵਾਲੀ ਹੋ ਗਈ। ਉਸ ਦੇ ਬਚਾਅ ਕਰਦਿਆਂ-ਕਰਦਿਆਂ ਵੀ ਇਹ ਹੋ ਗਿਆ।
ਲਵਦੀਪ ਨੇ ਸਫਾਈ ਕਰਾਉਣ ਵਾਸਤੇ ਡਾਕਟਰ ਨਾਲ ਗੱਲ ਕੀਤੀ। ਡਾਕਟਰ ਕਹਿਣ ਲੱਗਾ ਕਿ ਇਸ ਵਾਸਤੇ ਥੋਨੂੰ ਦੋਹਾਂ ਜੀਆਂ ਨੂੰ ‘ਕੱਠੇ ਫੈਸਲਾ ਲੈਣਾ ਪਵੇਗਾ। ਕਿਸੇ ਦਿਨ ਦੋਹੇਂ ‘ਕੱਠੇ ਆਇਓ।
ਲਵਦੀਪ ਨੇ ਹਰਚਰਨ ਕੋਲ ਗੱਲ ਤੋਰੀ ਤੇ ਬਹਾਨਾ ਬਣਾਉਂਦਿਆਂ ਕਿਹਾ, ਮੈਂ ਹਾਲੇ ਹੋਰ ਪੜ੍ਹਨਾ ਹੈ। ਪਰ ਹਰਚਰਨ ਕਹਿਣ ਲੱਗਾ ਕਿ ਤੂੰ ਪੜ੍ਹਦੀ ਰਹਿ, ਬੱਚਾ ਤੇਰੀ ਪੜ੍ਹਾਈ ‘ਚ ਰੁਕਾਵਟ ਨਹੀਂ ਬਣੇਗਾ। ਆਪਾਂ ਬੇਬੇ ਨੂੰ ਇੱਥੇ ਸੱਦ ਲਵਾਂਗੇ।
ਲਵਦੀਪ ਨੂੰ ਇਹ ਕੌੜਾ ਘੁੱਟ ਵੀ ਭਰਨਾ ਪਿਆ ਤੇ ਬਰਫ ਦੀ ਡਲੀ ਵਰਗਾ ਮੁੰਡਾ ਜੰਮ ਪਿਆ।
…ਕਨੇਡਾ ਵਿਚ ਵੀ ਪੱਕੇ ਹੋਣ ਵਾਲਿਆਂ ਲਈ ਲੰਬੀ ਇੰਤਜ਼ਾਰ ਸੀ। ਲੰਬੀ ਉਡੀਕ ਮਗਰੋਂ ਉਹ ਪੱਕੀ ਹੋਈ।
ਉਸ ਨੇ ਸੋਸ਼ਲ ਮੀਡੀਆ ਉੱਤੇ ਪੰਜਾਬ ਤੋਂ ਇੱਕ ਨੌਜਵਾਨ ਮੁੰਡਾ ਮਿੱਤਰ ਬਣਾ ਲਿਆ। ਉਸ ਨਾਲ ਗੱਲਾਂ ਕਰਦੀ ਰਹਿੰਦੀ। ਉਹ ਇੱਕ ਬੇਰੁਜ਼ਗਾਰ ਪੜ੍ਹਿਆ-ਲਿਖਿਆ ਮੁੰਡਾ ਸੀ। ਕੁਝ ਸਮੇਂ ਮਗਰੋਂ ਉਹ ਉਸ ਕੋਲੋਂ ਪੈਸੇ ਮੰਗਣ ਲੱਗ ਪਿਆ। ਲਵਦੀਪ ਨੇ ਕਈ ਦਿਨ ਸੋਚਿਆ ਤੇ ਉਸ ਲਾਲਚੀ ਨਾਲੋਂ ਆੜੀ ਤੋੜ ਲਈ।
ਸੋਸ਼ਲ ਮੀਡੀਆ ਬਹੁਤ ਵੱਡਾ ਸਮੁੰਦਰ ਹੈ। ਕੁੰਡੀ ਸੁੱਟਿਆਂ ਮੱਛੀ ਫਸ ਹੀ ਜਾਂਦੀ ਹੈ। ਇੱਕ ਵੱਡੀ ਗੱਲ ਇਹ ਹੈ ਕਿ ਔਰਤ ਨਾਲ ਜੁੜਨ ਵਾਲੇ ਲੱਖਾਂ ਆਦਮੀ ਤਿਆਰ ਰਹਿੰਦੇ ਹਨ। ਲਵਦੀਪ ਨੇ ਇੱਕ ਸਰਕਾਰੀ ਸਾਇੰਸ ਅਧਿਆਪਕ ਲੱਭ ਲਿਆ। ਉਹ ਹਾਲੇ ਕੁਆਰਾ ਸੀ।
ਹੌਲੀ-ਹੌਲੀ ਦੋਨੇਂ ਇੱਕ ਦੂਜੇ ਨਾਲ ਹਰ ਗੱਲ ਸਾਂਝੀ ਕਰਨ ਲੱਗ ਪਏ। ਲਵਦੀਪ ਨੇ ਮਾਸਟਰ ਨੂੰ ਆਪਣਾ ਦੁੱਖ ਦੱਸਿਆ। ਕਹਿਣ ਲੱਗੀ, “ਤਨਵੀਰ, ਮੇਰੀ ਜਿ਼ੰਦਗੀ ਬਰਬਾਦ ਹੋ ਗਈ ਐ। ਮੈਨੂੰ ਆਪਣਾ ਹਸਬੈਂਡ ਬਿਲਕੁਲ ਪਸੰਦ ਨ੍ਹੀਂ। ਹਾੜੇ! ਕੋਈ ਇਹਦਾ ਹੱਲ ਦੱਸ?”
“ਤੂੰ ਤਲਾਕ ਲੈ ਲੈ।” ਤਨਵੀਰ ਨੇ ਸੌਖਾ ਤੇ ਸਿੱਧਾ ਰਸਤਾ ਦੱਸਿਆ।
“ਆਏਂ ਕਰਨ ਨਾਲ ਤਾਂ ਬੱਚੇ ਵਾਸਤੇ ਵੀ ਕਈ ਤਰ੍ਹਾਂ ਦੀ ਕਾਨੂੰਨੀ ਲੜਾਈ ਲੜਨੀ ਪਊ।…ਕੁਛ ਹੋਰ ਸੋਚ।” ਲਵਦੀਪ ਦੀ ਅੱਖ ਹਰਚਰਨ ਦੀ ਜਾਇਦਾਦ ਉੱਤੇ ਵੀ ਸੀ।
…ਸਿਆਲ ਦੀ ਰੁੱਤੇ ਲਵਦੀਪ ‘ਕੱਲੀ ਭਾਰਤ ਚਲੀ ਗਈ। ਕਈ ਮਹੀਨੇ ਰਹੀ ਤੇ ਮੁੜ ਆਈ।
ਕੈਨੇਡਾ ਵਿਚ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਸਨ ਤੇ ਬੇਸਮੈਂਟਾਂ ਦਾ ਕਿਰਾਇਆ ਵੀ ਛਾਲਾਂ ਮਾਰ-ਮਾਰ ਕੇ ਵੱਧ ਰਿਹਾ ਸੀ। ਲਵਦੀਪ ਨੇ ਹਰਚਰਨ ਨੂੰ ਕਿਹਾ ਕਿ ਆਪਾਂ ਵੀ ਘਰ ਖਰੀਦ ਲਈਏ। ਗੱਲ ਹਰਚਰਨ ਦੇ ਮਨ ਨੂੰ ਲੱਗੀ।
ਕੁਝ ਜੋੜੇ ਹੋਏ ਡਾਲਰ ਉਨ੍ਹਾਂ ਨੇ ‘ਕੱਠੇ ਕੀਤੇ ਤੇ ਕੁਝ ਰੁਪਈਏ ਆਪਣੀ ਸ਼ਹਿਰ ਨਾਲ ਲੱਗਦੀ ਜ਼ਮੀਨ ਵੇਚ ਕੇ ਲਿਆਉਣ ਦੀ ਵਿਉਂਤ ਬਣਾਈ।
ਹਰਚਰਨ ਟਿਕਟ ਲੈ ਕੇ ਜਹਾਜ਼ ਚੜ੍ਹ ਗਿਆ।
ਉਹ ਜ਼ਮੀਨ ਦੇ ਗਾਹਕ ਲੱਭ ਰਿਹਾ ਸੀ। ਇੱਕ ਦਿਨ ਉਸ ਨੂੰ ਇੱਕ ਫੋਨ ਆਇਆ। ਫੋਨ ਕਰਨ ਵਾਲਾ ਜ਼ਮੀਨ ਦੇਖਣਾ ਚਾਹੁੰਦਾ ਸੀ। ਹਰਚਰਨ ਚਲਾ ਗਿਆ…ਤੇ ਮੁੜ ਕੇ ਘਰ ਨਾ ਪਰਤਿਆ।
ਹਰਚਰਨ ਦੀ ਮਾਂ ਨੇ ਬਹੁਤ ਭਾਲ ਕੀਤੀ। ਲਵਦੀਪ ਨੂੰ ਵੀ ਉਸ ਨੇ ਦੱਸਿਆ। ਦੋ ਕੁ ਦਿਨਾਂ ਦੀ ਭਾਲ ਮਗਰੋਂ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ।
ਪੁਲਿਸ ਨੇ ਆਪਣਾ ਨੈੱਟ-ਵਰਕ ਚਾਲੂ ਕਰ ਦਿੱਤਾ। ਹਰਚਰਨ ਦੀ ਗਲੀ ਸੜੀ ਦੇਹ ਕੁਝ ਦਿਨਾਂ ਮਗਰੋਂ ਖੇਤਾਂ ਵਿਚੋਂ ਲੱਭ ਗਈ।
ਜਵਾਨ ਪੁੱਤ ਦੀ ਮੌਤ ਬਾਰੇ ਸੁਣ ਕੇ ਮਾਂ ਕਈ ਦਿਨ ਬੇਹੋਸ਼ ਰਹੀ। ਲਵਦੀਪ ਨੂੰ ਕੈਨੇਡਾ ਵਿਚ ਸੁਨੇਹਾ ਭੇਜਿਆ ਗਿਆ। ਉਹ ਰੋਂਦੀ ਹੋਈ ਆਪਣੇ ਮੁੰਡੇ ਨੂੰ ਲੈ ਕੇ ਆ ਗਈ।
…ਹਰਚਰਨ ਦੀਆਂ ਆਖਰੀ ਰਸਮਾਂ ਪੂਰੀਆਂ ਹੋਣ ਮਗਰੋਂ ਛੇਤੀ ਹੀ ਲਵਦੀਪ ਵਾਪਸ ਕੈਨੇਡਾ ਨੂੰ ਮੁੜ ਪਈ।
ਹਰਚਰਨ ਦੀ ਮਾਂ ‘ਕੱਲੀ ਰਹਿ ਗਈ। ਉਹ ਆਪਣੇ ਪੁੱਤ ਦੇ ਹਤਿਆਰਿਆਂ ਨੂੰ ਲੱਭਣ ਵਾਸਤੇ ਪੁਲਿਸ ਨੂੰ ਕਹਿੰਦੀ ਰਹੀ। ਪੁਲਿਸ ਨੇ ਕੋਈ ਲੜ ਸਿਰਾ ਨਾ ਫੜਾਇਆ।
…ਹਰਚਰਨ ਦੇ ਪਿੰਡ ਵਾਲੇ ਤੇ ਰਿਸ਼ਤੇਦਾਰ ਆਪਣੇ ਕਾਰ-ਵਿਹਾਰਾਂ ਵਿਚ ਲੱਗ ਗਏ। ਕਈ ਸੋਚਦੇ ਸਨ ਕਿ ਹੁਣ ਸ਼ਾਇਦ ਹੀ ਕੋਈ ਫੜਿਆ ਜਾਵੇ। ਮਾਰਨ ਵਾਲਾ ਆਪਣੇ ਸਾਰੇ ਸਬੂਤ ਮਿਟਾ ਕੇ ਗਿਆ ਹੈ।
ਇੱਕ ਦਿਨ ਪੁਲਿਸ ਨੇ ਹਰਚਰਨ ਦੀ ਮਾਂ ਨੂੰ ਥਾਣੇ ਸੱਦਿਆ। ਪੁਲਿਸ ਨੇ ਜੋ ਗੱਲਾਂ ਉਸ ਨੂੰ ਦੱਸੀਆਂ, ਸੁਣ ਕੇ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ।
ਪੁਲਿਸ ਨੇ ਦੋ ਜਣੇ ਫੜੇ ਸਨ। ਉਨ੍ਹਾਂ ਵਿਚੋਂ ਇੱਕ ਸਾਇੰਸ ਮਾਸਟਰ ਸੀ। ਪੁਲਿਸ ਕਹਿ ਰਹੀ ਸੀ ਕਿ ਇੱਕ ਜਣਾ ਹਾਲੇ ਫਰਾਰ ਹੈ। ਪੁਲਿਸ ਕੋਲ ਪੁਖਤਾ ਸਬੂਤ ਸਨ।
ਲਵਦੀਪ ਜਦ ‘ਕੱਲੀ ਭਾਰਤ ਆਈ ਸੀ, ਉਹ ਮਾਸਟਰ ਤਨਵੀਰ ਨਾਲ ਸਿ਼ਮਲੇ ਦੇ ਇੱਕ ਹੋਟਲ ਵਿਚ ਕਈ ਦਿਨ ਰਹੀ ਸੀ। ਉਸ ਨੇ ਤਨਵੀਰ ਦੀ ਹਿੱਕ ‘ਤੇ ਸਿਰ ਰੱਖ ਕੇ ਰੋਂਦਿਆਂ ਕਿਹਾ ਸੀ, “ਤਨਵੀਰ, ਤੂੰ ਮੇਰੀ ਜਿ਼ੰਦਗੀ ਐਂ। ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ। ਤੂੰ ਹਰਚਰਨ ਦਾ ਕੋਈ ਹੀਲਾ ਕਰ। ਮੈਂ ਉਹਨੂੰ ਐਥੇ ਭੇਜਦੂੰ…ਤੇ ਫਿਰ ਉਹ ਐਥੋਂ ਮੁੜ ਕੇ ਕੈਨੇਡਾ ਨਾ ਜਾਵੇ…।”
ਤਨਵੀਰ ਨੇ ਇਹ ਕਾਰਾ ਕਰਵਾਇਆ ਸੀ। ਤਿੰਨ ਲੱਖ ਰੁਪਈਆ ਲਵਦੀਪ ਨੇ ਉਸ ਵਾਸਤੇ ਕੈਨੇਡਾ ਤੋਂ ਭੇਜਿਆ ਸੀ। ਤਨਵੀਰ ਨੇ ਹਰਚਰਨ ਨੂੰ ਮਾਰਨ ਵਾਸਤੇ ਦੋ ਭਾੜੇ ਦੇ ਹਤਿਆਰੇ ਖਰੀਦੇ ਸਨ।
ਇੱਕ ਦਿਨ ਸਵੇਰ ਨੂੰ ਫੋਨ ਕਰਕੇ ਉਨ੍ਹਾਂ ਭਾੜੇ ਦੇ ਕਾਤਲਾਂ ਨੇ ਹਰਚਰਨ ਨੂੰ ਜ਼ਮੀਨ ਦਿਖਾਉਣ ਵਾਸਤੇ ਬੁਲਾਇਆ। ਜਦ ਉਹ ਖੇਤ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਨੂੰ ਵੱਢ ਸੁੱਟਿਆ ਸੀ।
ਪੁਲਿਸ ਨੂੰ ਸ਼ੱਕ ਲਵਦੀਪ ‘ਤੇ ਉਸ ਵੇਲੇ ਹੋ ਗਿਆ ਸੀ, ਜਦ ਉਹ ਬਹੁਤ ਜਲਦੀ ਹੀ ਹਰਚਰਨ ਦੇ ਕਿਰਿਆ-ਕਰਮ ਮਗਰੋਂ ਕੈਨੇਡਾ ਨੂੰ ਉਡਾਰੀ ਮਾਰ ਗਈ ਸੀ। ਉਸ ਮਗਰੋਂ ਪੁਲਿਸ ਨੇ ਉਸ ਦੇ ਸੋਸ਼ਲ ਮੀਡੀਆ ਵਾਲੇ ਖਾਤੇ ਫਰੋਲੇ। ਉਸ ਦੀ ਲਿਸਟ ਵਾਲੇ ਹਰੇਕ ਮਿੱਤਰ ਦਾ ਪਤਾ ਲਾਇਆ ਤੇ ਭਾਰਤ ਵਿਚ ਵਸਣ ਵਾਲੇ ਹਰ ਇੱਕ ਦੇ ਫੋਨ ਰਿਕਾਰਡ ਕਢਵਾ ਕੇ ਘੋਖੇ। ਫੋਨ ਕਾਲਾਂ ਦੇ ਵੇਰਵੇ ਤੋਂ ਪਤਾ ਲੱਗਾ ਕਿ ਮਾਸਟਰ ਤਨਵੀਰ ਦੇ ਨਾਲ ਲਵਦੀਪ ਘੰਟਿਆਂ-ਬੱਧੀ ਗੱਲਾਂ ਕਰਦੀ ਹੈ। ਪੁਲਿਸ ਨੇ ਮਾਸਟਰ ਦਾ ਬੈਂਕ ਖਾਤਾ ਦੇਖਿਆ ਤਾਂ ਉੱਥੇ ਵੀ ਸਭ ਕੁਝ ਸ਼ੱਕੀ ਸੀ। ਅਖੀਰ ਨੂੰ ਪੁਲਿਸ ਨੇ ਮਾਸਟਰ ਚੁੱਕ ਲਿਆ।
ਥੋੜ੍ਹੀ ਜਿਹੀ ਸਖਤੀ ਤੋਂ ਮਗਰੋਂ ਹੀ ਉਸ ਨੇ ਸਭ ਕੁਝ ਉਗਲ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ ਉਹ ਆਪ ਲਵਦੀਪ ਨਾਲ ਵਿਆਹ ਕਰਾ ਕੇ ਕੈਨੇਡਾ ਸੈਟਲ ਹੋਣਾ ਚਾਹੁੰਦਾ ਸੀ।
ਪੁਲਿਸ ਨੇ ਸਿ਼ਮਲੇ ਦੇ ਹੋਟਲ ਵਿਚੋਂ ਉਨ੍ਹਾਂ ਦੀ ਵੀਡੀਓ ਰਿਕਾਰਡਿੰਗ ਵੀ ਲੈ ਲਈ ਸੀ। ਕੈਨੇਡਾ ਤੋਂ ਆਏ ਡਾਲਰਾਂ ਦਾ ਪੂਰਾ ਪਤਾ ਲਾ ਲਿਆ ਸੀ।
ਅਖਬਾਰਾਂ ਦੀਆਂ ਖਬਰਾਂ ਪੜ੍ਹ ਕੇ ਲਵਦੀਪ ਦੀ ਸਹੇਲੀ ਰਾਜਨ ਹੈਰਾਨ ਤੇ ਪ੍ਰੇਸ਼ਾਨ ਸੀ।
…ਤੇ ਹੁਣ ਪੰਜਾਬ ਦੀ ਪੁਲਿਸ ਕੈਨੇਡਾ ਦੀ ਸਰਕਾਰ ਕੋਲੋਂ ਲਵਦੀਪ ਨੂੰ ਵਾਪਸ ਭਾਰਤ ਲਿਆਉਣ ਵਾਸਤੇ ਕੰਮ ਕਰ ਰਹੀ ਸੀ।

Comment here