ਨਵੀਂ ਦਿੱਲੀ- ਬੇਸ਼ੱਕ ਅੱਜ ਭਾਰਤ ਕਈ ਪੱਖਾਂ ਤੋਂ ਵਿਕਾਸ ਦੇ ਖੇਤਰ ਚ ਲਗਾਤਾਰ ਅੱਗੇ ਵਧ ਰਿਹਾ ਹੈ ਪਰ ਆਲਮੀ ਭੁੱਖਮਰੀ ਸੂਚਕ ਅੰਕ ‘ਚ ਭਾਰਤ ਸੱਤ ਨੰਬਰ ਹੋਰ ਤਿਲਕ ਗਿਆ ਹੈ। 116 ਦੇਸ਼ਾਂ ਨੂੰ ਲੈ ਕੇ ਜਾਰੀ ਕੀਤੇ ਗਏ 2021 ਦੇ ਸੂਚਕ ਅੰਕ ‘ਚ ਭਾਰਤ 101ਵੇਂ ਨੰਬਰ ‘ਤੇ ਰਿਹਾ ਹੈ। ਪਿਛਲੇ ਸਾਲ 107 ਦੇਸ਼ਾਂ ‘ਚੋਂ ਭਾਰਤ 94ਵੇਂ ਨੰਬਰ ‘ਤੇ ਰਿਹਾ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਲਗਾਏ ਗਏ ਲਾਕਡਾਊਨ ਨਾਲ ਭਾਰਤ ‘ਚ ਵੱਡੀ ਆਬਾਦੀ ਪ੍ਰਭਾਵਿਤ ਹੋਈ। ਚੀਨ, ਬ੍ਰਾਜ਼ੀਲ ਤੇ ਕੁਵੈਤ ਸਮੇਤ 18 ਦੇਸ਼ ਟਾਪ ਰੈਂਕ ‘ਤੇ ਰਹੇ ਹਨ। ਇਸ ਰਿਪੋਰਟ ‘ਚ ਪੋਸ਼ਣ ਦੀ ਘਾਟ, ਲੰਬਾਈ ਦੇ ਹਿਸਾਬ ਨਾਲ ਬੱਚਿਆਂ ਦਾ ਘੱਟ ਵਜ਼ਨ, ਉਮਰ ਦੇ ਹਿਸਾਬ ਨਾਲ ਬੱਚਿਆਂ ਦੀ ਘੱਟ ਲੰਬਾਈ ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਰਗੇ ਚਾਰ ਮਾਪਦੰਡਾਂ ‘ਤੇ ਦੇਸ਼ਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਗਿਆ। ਲੰਬਾਈ ਦੇ ਹਿਸਾਬ ਨਾਲ ਘੱਟ ਵਜ਼ਨ ਵਾਲੇ ਬੱਚਿਆਂ ਦੇ ਮਾਮਲੇ ‘ਚ ਭਾਰਤ ਦਾ ਪ੍ਰਦਰਸ਼ਨ ਸਭ ਤੋਂ ਖਰਾਬ ਰਿਹਾ ਹੈ। ਹੋਰ ਤਿੰਨਾਂ ਮਾਪਦੰਡਾਂ ‘ਤੇ ਭਾਰਤ ਦੇ ਪ੍ਰਦਰਸ਼ਨ ‘ਚ ਸੁਧਾਰ ਦੇਖਿਆ ਗਿਆ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭੁੱਖਮਰੀ ਖਿਲਾਫ਼ ਲੜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਅਨੁਮਾਨ ਮੁਤਾਬਕ 47 ਦੇਸ਼ 2030 ਤਕ ਭੁੱਖਮਰੀ ਤੋਂ ਮੁਕਤੀ ਦੇ ਟੀਚੇ ਤੋਂ ਪੱਛੜ ਜਾਣਗੇ। 2021 ‘ਚ ਇਸ ਸੂਚਕ ਅੰਕ ‘ਚ ਨੇਪਾਲ (76), ਬੰਗਲਾਦੇਸ਼ (76), ਮਿਆਂਮਾਰ (71) ਤੇ ਪਾਕਿਸਤਾਨ (92) ਦੀ ਸਥਿਤੀ ਭਾਰਤ ਤੋਂ ਬਿਹਤਰ ਰਹੀ ਹੈ।
Comment here