ਸਿਆਸਤਖਬਰਾਂਚਲੰਤ ਮਾਮਲੇ

ਆਰ ਐੱਸ ਐੱਸ ਤੇ ਭਾਜਪਾ ਜ਼ਹਿਰੀ ਨਾਗ, ਮੈਂ ਨਿਓਲਾ-ਸਵਾਮੀ ਮੌਰਿਆ

ਯੂ ਪੀ ਭਾਜਪਾ ਚ ਖਿਲਾਰਾ

ਲਖਨਊ- ਨਾਗ ਰੂਪੀ ਆਰ ਐੱਸ ਐੱਸ ਏਵਮ ਸਾਂਪ ਰੂਪੀ ਭਾਜਪਾ ਕੋ ਸਵਾਮੀ ਰੂਪੀ ਨੇਵਲਾ ਯੂ ਪੀ ਸੇ ਖਤਮ ਕਰਕੇ ਹੀ ਦਮ ਲੇਗਾ… ਇਹ ਵਿਗੜੇ ਬੋਲ ਕਈ ਸਾਲ ਸੱਤਾ ਦਾ ਸੁੱਖ ਭੋਗਣ ਵਾਲੇ ਤੇ ਹਾਲ ਹੀ ਵਿੱਚ ਭਾਜਪਾ ਤੇ ਯੋਗੀ ਸਰਕਾਰ ਦੀ ਕੈਬਨਿਟ ਛੱਡ ਕੇ ਸਮਾਜਵਾਦੀ ਪਾਰਟੀ ਚ ਗਏ ਸਵਾਮੀ ਪ੍ਰਸਾਦ ਮੌਰਿਆ ਦੇ ਹਨ।  ਯੂ ਪੀ ਵਿਚ ਸਭ ਤੋਂ ਪਹਿਲਾਂ ਯੋਗੀ ਸਰਕਾਰ ਤੇ ਭਾਜਪਾ ਤੋਂ ਅੱਡ ਹੋਣ ਵਾਲੇ ਸਵਾਮੀ ਪ੍ਰਸਾਦ ਮੌਰੀਆ ਨੇ ਟਵੀਟ ਕਰਕੇ ਕਿਹਾ ਹੈ—ਨਾਗ ਰੂਪੀ ਆਰ ਐੱਸ ਐੱਸ ਏਵਮ ਸਾਂਪ ਰੂਪੀ ਭਾਜਪਾ ਕੋ ਸਵਾਮੀ ਰੂਪੀ ਨੇਵਲਾ ਯੂ ਪੀ ਸੇ ਖਤਮ ਕਰਕੇ ਹੀ ਦਮ ਲੇਗਾ | ਮੌਰੀਆ ਨੇ ਦੋਸ਼ ਲਾਇਆ—ਭਾਜਪਾ ਪੱਛੜੇ ਵਰਗਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਬੋਲ਼ੀ ਹੈ | ਉਸ ਨੇ ਕਿਹਾ ਹੈ ਕਿ ਪਾਰਟੀ ਨੇ ਮੈਨੂੰ ਮੰਤਰੀ ਬਣਾ ਕੇ ਕੋਈ ਉਪਕਾਰ ਨਹੀਂ ਕੀਤਾ | ਸਗੋਂ ਭਾਜਪਾ ਨੂੰ 2017 ਵਿਚ ਜਿੱਤ ਦੇ ਨਾਲ ਆਪਣੇ ਬਨਵਾਸ ਦੇ 14 ਸਾਲ ਖਤਮ ਹੋਣ ਲਈ ਮੇਰਾ ਅਹਿਸਾਨਮੰਦ ਹੋਣਾ ਚਾਹੀਦਾ |

ਮੌਰਿਆ ਤੋਂ ਸ਼ੁਰੂ ਹੋਇਆ ਯੂ ਪੀ ਭਾਜਪਾ ਚ ਅਸਤੀਫਿਆਂ ਦਾ ਦੌਰ ਰੁਕਮ ਦਾ ਨਾਮ ਨਹੀਂ ਲੈ ਰਿਹਾ, ਆਏ ਦਿਨ ਪਾਰਟੀ ਨੂੰ ਵੱਡੇ ਝਟਕੇ ਲੱਗ ਰਹੇ ਹਨ। ਸਵਾਮੀ ਪ੍ਰਸਾਦ ਮੌਰਿਆ ਤੇ ਦਾਰਾ ਸਿੰਘ ਸਮੇਤ ਕਈ ਅਸਤੀਫ਼ਿਆਂ ਤੋਂ ਬਾਅਦ ਹੁਣ ਫਿਰੋਜ਼ਾਬਾਦ ਦੀ ਸ਼ਿਕੋਹਾਬਾਦ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਮੁਕੇਸ਼ ਵਰਮਾ ਨੇ ਬਗਾਵਤ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਵਿੱਚ ਉਹ ਸੱਤਵੇਂ ਵਿਧਾਇਕ ਹਨ ਜਿਨ੍ਹਾਂ ਨੇ ਭਾਜਪਾ ਤੋਂ ਮੂੰਹ ਮੋੜਿਆ ਹੈ। ਵਰਮਾ ਨੇ ਭਾਰੀ ਸਮਰਥਨ ਦਾ ਦਾਅਵਾ ਕਰਦੇ ਹੋਏ ਕਿਹਾ, ‘ਸਾਡੇ ਨਾਲ 100 ਵਿਧਾਇਕ ਹਨ ਤੇ ਭਾਜਪਾ ਨੂੰ ਰੋਜ਼ਾਨਾ ਟੀਕੇ ਲੱਗਦੇ ਰਹਿਣਗੇ।’ ਉਨ੍ਹਾਂ ਕਿਹਾ ਕਿ ਭਾਜਪਾ ਅਮੀਰਾਂ ਦੀ ਪਾਰਟੀ ਹੈ ਤੇ ਇਸ ਵਿੱਚ ਦਲਿਤਾਂ ਤੇ ਪਿਛੜਿਆਂ ਦਾ ਕੋਈ ਸਨਮਾਨ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਪਿਛੜੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਨੌਕਰੀਆਂ ਨਹੀਂ ਦੇਣ ਦਿੱਤੀਆਂ ਗਈਆਂ। ਵਰਮਾ ਨੇ ਕਿਹਾ ਕਿ ਭਾਜਪਾ ਦਲਿਤ, ਘੱਟ ਗਿਣਤੀ ਤੇ ਪਛੜਾ ਵਰਗ ਵਿਰੋਧੀ ਹੈ। ਵਰਮਾ ਨੇ ਬੀਤੇ ਦਿਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਕਿਹਾ, ”ਸਵਾਮੀ ਪ੍ਰਸਾਦ ਮੌਰਿਆ ਸਾਡੇ ਨੇਤਾ ਹਨ ਤੇ ਉਹ ਜੋ ਵੀ ਫੈਸਲਾ ਕਰਨਗੇ, ਅਸੀਂ ਉਨ੍ਹਾਂ ਦਾ ਸਮਰਥਨ ਕਰਾਂਗੇ।”  ਸੂਤਰਾਂ ਮੁਤਾਬਕ ਭਾਜਪਾ ਵਿੱਚ ਇੱਥੇ ਟੁੱਟ ਭੱਜ ਹਾਲੇ ਜਾਰੀ ਰਹਿਣ ਦੀ ਸੰਭਾਵਨਾ ਹੈ।

Comment here