ਕੇਨਵਰਲ-ਬੀਤੇ ਦਿਨੀਂ ਸਪੇਸਐਕਸ ਦੇ ਇਕ ਨਿੱਜੀ ਜਹਾਜ਼ ਤੋਂ ਆਰਬਿਟ ਦੇ 3 ਦਿਨ ਤੱਕ ਚੱਕਰ ਲਗਾਉਣ ਦੇ ਬਾਅਦ ਪੁਲਾੜ ਯਾਤਰੀ ਆਪਣੀ ਯਾਤਰਾ ਸਫਲਤਾਪੂਰਵਕ ਪੂਰੀ ਕਰਕੇ ਫਲੋਰੀਡਾ ਤੱਟ ’ਤੇ ਅਟਲਾਂਟਿਕ ਮਹਾਸਾਗਰ ਵਿਚ ਉਤਰੇ। ਉਹਨਾਂ ਦਾ ਸਪੇਸ ਐਕਸ ਪੁਲਾੜ ਗੱਡੀ (ਕੈਪਸੂਲ) ਸੂਰਜ ਡੁੱਬਣ ਤੋਂ ਕੁਝ ਦੇਰ ਪਹਿਲਾਂ ਮਹਾਸਾਗਰ ਵਿਚ ਉਤਰੀ। ਇਸ ਜਗ੍ਹਾ ਦੇ ਨੇੜੇ ਹੀ ਤਿੰਨ ਦਿਨ ਪਹਿਲਾਂ ਉਹ ਆਰਬਿਟ ਦੀ ਸੈਰ ’ਤੇ ਰਵਾਨਾ ਹੋਏ ਸਨ। ਅਜਿਹਾ ਪਹਿਲੀ ਵਾਰ ਹੈ ਜਦੋਂ ਆਰਬਿਟ ਦਾ ਚੱਕਰ ਲਗਾਉਣ ਵਾਲੀ ਪੁਲਾੜ ਗੱਡੀ ਵਿਚ ਮੌਜੂਦ ਕੋਈ ਵੀ ਵਿਅਕਤੀ ਪੇਸ਼ੇਵਰ ਪੁਲਾੜ ਯਾਤਰੀ ਨਹੀਂ ਸੀ। ਇਹ ਪੁਲਾੜ ਯਾਤਰੀ ਇਹ ਦਿਖਾਉਣਾ ਚਾਹੁੰਦੇ ਸਨ ਕਿ ਆਮ ਲੋਕ ਵੀ ਪੁਲਾੜ ਵਿਚ ਜਾ ਸਕਦੇ ਹਨ ਅਤੇ ਸਪੇਸ ਐਕਸ ਦੇ ਸੰਸਥਾਪਕ ਐਲਨ ਮਸਕ ਨੇ ਉਹਨਾਂ ਨੂੰ ਪੁਲਾੜ ਵਿਚ ਭੇਜਿਆ। ਸਪੇਸਐਕਸ ਕੰਟਰੋਲ ਮਿਸ਼ਨ ਨੇ ਕਿਹਾ, ‘‘ਤੁਹਾਡੀ ਮੁਹਿੰਮ ਨੇ ਦੁਨੀਆ ਨੂੰ ਇਹ ਦਿਖਾਇਆ ਕਿ ਪੁਲਾੜ ਸਾਡੇ ਸਾਰਿਆਂ ਲਈ ਹੈ। ਇਸ ’ਤੇ ਯਾਤਰਾ ਦੇ ਪ੍ਰਾਯੋਜਕ ਜਾਰੇਡ ਇਸਾਕਮੈਨ ਨੇ ਕਿਹਾ,’’ਇਹ ਸਾਡੇ ਲਈ ਬਹੁਤ ਰੋਮਾਂਚਕ ਸੀ, ਹਾਲੇ ਇਹ ਸਿਰਫ ਸ਼ੁਰੂਆਤ ਹੈ।’’ ਇਕ ਜਾਣਕਾਰੀ ਮੁਤਾਬਕ ਇਸ ਮੁਹਿੰਮ ਵਿਚ 200 ਮਿਲੀਅਨ ਡਾਲਰ ਦਾ ਖਰਚ ਆਇਆ ਹੈ।
ਸਪੇਸਐਕਸ ਦਾ ਪੂਰੀ ਤਰ੍ਹਾਂ ਆਟੋਮੈਟਿਕ ਡ੍ਰੈਗਨ ਕੈਪਸੂਲ ਨੂੰ ਰਵਾਨਾ ਹੋਣ ਦੇ ਬਾਅਦ 585 ਕਿਲੋਮੀਟਰ ਦੀ ਉੱਚਾਈ ’ਤੇ ਪਹੁੰਚ ਗਿਆ। 160 ਕਿਲੋਮੀਟਰ ਬਾਅਦ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ ਅੱਗੇ ਨਿਕਲਣ ਬਾਅਦ ਯਾਤਰੀਆਂ ਨੇ ਕੈਪਸੂਲ ਦੇ ਸਭ ਤੋਂ ਉੱਪਰ ਲੱਗੀ ਖਿੜਕੀ ਤੋਂ ਧਰਤੀ ਦਾ ਨਜ਼ਾਰਾ ਦੇਖਿਆ। ਧਰਤੀ ’ਤੇ ਪਰਰਤਣ ਦੇ ਬਾਅਦ ਸਾਰੇ ਯਾਤਰੀ ਸਿਹਤਮੰਦ ਅਤੇ ਖੁਸ਼ ਦਿਸੇ। ਇਸ ਉਡਾਣ ਦੀ ਅਗਵਾਈ 38 ਸਾਲਾ ਅਰਬਪਤੀ ਜਾਰੇਡ ਇਸਾਕਮੈਨ ਨੇ ਕੀਤੀ। ਉਹ ‘ਸ਼ਿਫਟ4 ਪੇਮੇਂਟਸ ਇੰਕ’ ਦੇ ਕਾਰਜਕਾਰੀ ਪ੍ਰਬੰਧਕ ਹਨ। ਉਹਨਾਂ ਦੇ ਇਲਾਵਾ ਕੈਂਸਰ ਤੋਂ ਉਭਰੀ ਹੇਲੇ ਆਰਸੀਨੌਕਸ (29), ਸਵੀਪਸਟੇਕ ਜੇਤੂ ਕ੍ਰਿਸ ਸੇਮਬ੍ਰੋਸਕੀ (42) ਅਤੇ ਅਰੀਜ਼ੋਨਾ ਵਿਚ ਇਕ ਭਾਈਚਾਰਕ ਕਾਲਜ ਦੇ ਪ੍ਰੋਫੈਸਰ ਸਿਯਾਨ ਪ੍ਰੌਕਟਰ ਇਸ ਮਿਸ਼ਨ ਵਿਚ ਸ਼ਾਮਲ ਸਨ। ਆਰਸੀਨੌਕਸ ਪੁਲਾੜ ਵਿਚ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਅਮਰੀਕੀ ਹੈ। ਉਹ ਕਿਸੇ ਬਣਾਉਟੀ ਅੰਗ ਨਾਲ ਪੁਲਾੜ ਵਿਚ ਜਾਣ ਵਾਲੀ ਪਹਿਲੀ ਸ਼ਖਸ ਵੀ ਹਨ। ਉਹਨਾਂ ਦੇ ਖੱਬੇ ਪੈਰ ਵਿਚ ਟਾਈਟੇਨੀਅਮ ਦੀ ਰਾਡ ਲੱਗੀ ਹੋਈ ਹੈ।
Comment here