ਚੰਡੀਗੜ੍ਹ-ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਆਰਪੀਜੀ ਹਮਲੇ ਦਾ ਮਾਮਲਾ ਸੁਲਝਾ ਲਿਆ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਗੈਂਗਸਟਰ ਲੰਡਾ ਦੇ ਯੂਰਪ ਬੈਠੇ 2 ਸਾਥੀਆਂ ਸਤਵੀਰ ਸਿੰਘ ਸੱਤਾ ਅਤੇ ਗੁਰਦੇਵ ਸਿੰਘ ਜੱਸਲ ਨੇ ਇਸ ਸਾਰੀ ਵਾਰਦਾਤ ਦੀ ਸਾਜਿਸ਼ ਰਚੀ ਸੀ। ਡੀ.ਜੀ.ਪੀ. ਯਾਦਵ ਨੇ ਦੱਸਿਆ ਕਿ ਇਸ ਮਾਮਲੇ ‘ਚ ਪੁਲਿਸ ਵੱਲੋਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ , ਗੁਰਲਾਲ ਸਿੰਘ ਜੈਲਾ, ਗੁਰਲਾਲ ਸਿੰਘ ਲਾਲੀ ਅਤੇ ਜੋਬਨਪ੍ਰੀਤ ਸਿੰਘ ਜੋਬਨ ਤੋਂ ਇਲਾਵਾ ਅਸ਼ਮੀਤ ਸਿੰਘ , ਜਿਸ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਅਕਤੂਬਰ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਤੋਂ ਲਿਆਂਦਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਸ਼ਮੀਤ ਸਿੰਘ ਜੇਲ੍ਹ ਅੰਦਰੋਂ ਇਸ ਵਾਰਦਾਤ ਨੂੰ ਅੰਜਾਮ ਦੇਣ ‘ਚ ਮਦਦ ਕਰ ਰਿਹਾ ਸੀ। ਇਸ ਤੋਂ ਇਲਾਵਾ 2 ਹੋਰ ਮੁਲਜ਼ਮਾਂ ਨੂੰ ਵੀ ਪੁਲਿਸ ਨੇ ਰਾਊਂਡਅੱਪ ਕੀਤਾ ਹੈ ਜੋ ਕਿ ਫਰਾਰ ਹਨ,ਹਾਲਾਂਕਿ ਜਿਨ੍ਹਾਂ ਦਾ ਨਾਮ ਦੱਸਣ ਤੋਂ ਡੀ. ਜੀ. ਪੀ. ਨੇ ਇਨਕਾਰ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸ ਅੱਤਵਾਦੀ ਮਾਡਿਊਲ ਦਾ ਕੋਈ ਵੀ ਵਿਅਕਤੀ ਇੱਕ-ਦੂਜੇ ਨੂੰ ਨਹੀਂ ਜਾਣਦਾ ਸੀ। ਉਨ੍ਹਾਂ ਨੂੰ ਬਸ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਅਤੇ ਉਹ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ। ਡੀ.ਜੀ.ਪੀ. ਨੇ ਦੱਸਿਆ ਕਿ 1 ਦਸੰਬਰ ਨੂੰ ਤਰਨ ਤਾਰਨ ਦੇ ਬਰਹਾਲਾ ਪਿੰਡ ‘ਚ ਆਰਪੀਜੀ ਦੀ ਸਪਲਾਈ ਕੀਤੀ ਗਈ ਸੀ ਅਤੇ 8 ਦਿਨ ਮੁਲਜ਼ਮਾਂ ਨੇ ਆਪਣੇ ਕੋਲ ਆਰਪੀਜੀ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਮਲਾਵਰਾਂ ਨੂੰ ਵੀਡੀਓਸ ਵੀ ਦਿਖਾਈਆਂ ਗਈਆਂ ਸਨ ਅਤੇ ਕੈਨੇਡਾ ਬੈਠੇ ਗੈਂਗਸਟਰ ਲੰਡਾ ਨਾਲ ਵੀਡੀਓ ਕਾਲ ‘ਤੇ ਗੱਲ ਵੀ ਕਰਵਾਈ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਹਾਲਾਂਕਿ ਪੁਲਿਸ ਨੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
Comment here