ਕੁਲੰਬੋ-ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਤੋਂ ਇਲਾਵਾ ਸਾਰੇ ਕੈਬਨਿਟ ਮੰਤਰੀਆਂ ਨੇ ਦੇਸ਼ ਵਿੱਚ ਆਰਥਿਕ ਸੰਕਟ ਨੂੰ ਲੈ ਕੇ ਸਰਕਾਰ ਦੇ ਖਿਲਾਫ ਵੱਧ ਰਹੇ ਲੋਕਾਂ ਦੇ ਗੁੱਸੇ ਦੇ ਵਿਚਕਾਰ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸਰਕਾਰ ਵਿਰੁੱਧ ਵਧਦੇ ਗੁੱਸੇ ਦਰਮਿਆਨ ਨਵੀਂ ਕੈਬਨਿਟ ਦੇ ਗਠਨ ਦਾ ਰਸਤਾ ਸਾਫ਼ ਕੀਤਾ ਹੈ। ਸ਼੍ਰੀਲੰਕਾ ਦੇ ਮੰਤਰੀ ਮੰਡਲ ਨੇ ਬੀਤੀ ਦੇਰ ਰਾਤ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਦਿੱਤਾ, ਕਿਉਂਕਿ ਦੇਸ਼ ਆਪਣੇ ਹੁਣ ਤੱਕ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਅਨੁਭਵ ਕਰ ਰਿਹਾ ਹੈ। ਵਿਦੇਸ਼ੀ ਮੁਦਰਾ ਭੰਡਾਰ ਵਿੱਚ ਕਮੀ ਦੇ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਸਰਕਾਰ ਦੇ ਕਥਿਤ “ਗਲਤ ਪ੍ਰਬੰਧਨ” ਨੂੰ ਲੈ ਕੇ ਮੰਤਰੀ ਜਨਤਾ ਦੇ ਤਿੱਖੇ ਦਬਾਅ ਵਿੱਚ ਆ ਗਏ। ਇਹ ਪੱਤਰ ਪੀ.ਐੱਮ. ਕੋਲ ਹੈ, ਜਿਸ ਨੂੰ ਉਹ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੂੰ ਸੌਂਪਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਦੇ ਬੇਟੇ ਨਮਲ ਰਾਜਪਕਸ਼ੇ ਨੇ ਵੀ ਆਪਣੇ ਸਾਰੇ ਵਿਭਾਗਾਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਸ਼੍ਰੀਲੰਕਾ ਇਸ ਸਮੇਂ ਇਤਿਹਾਸ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਬਾਲਣ, ਰਸੋਈ ਗੈਸ, ਜ਼ਰੂਰੀ ਵਸਤਾਂ ਦੀ ਸਪਲਾਈ ਘੱਟ ਹੋਣ ਅਤੇ ਬਿਜਲੀ ਦੇ ਲੰਬੇ ਸਮੇਂ ਦੇ ਕੱਟਾਂ ਲਈ ਲੰਮੀਆਂ ਲਾਈਨਾਂ ਨਾਲ ਜਨਤਾ ਹਫ਼ਤਿਆਂ ਤੋਂ ਪ੍ਰੇਸ਼ਾਨ ਹੈ। ਡੀਜ਼ਲ ਦੀ ਕਮੀ ਨੇ ਹਾਲ ਹੀ ਦੇ ਦਿਨਾਂ ਵਿੱਚ ਸ਼੍ਰੀਲੰਕਾ ਵਿੱਚ ਗੁੱਸੇ ਨੂੰ ਭੜਕਾਇਆ ਹੈ, ਜਿਸ ਕਾਰਨ ਖਾਲੀ ਪੰਪਾਂ ‘ਤੇ ਵਿਰੋਧ ਪ੍ਰਦਰਸ਼ਨ ਹੋਏ ਹਨ। ਸ਼੍ਰੀਲੰਕਾ ‘ਚ 36 ਘੰਟਿਆਂ ਦੇ ਰਾਸ਼ਟਰ ਵਿਆਪੀ ਕਰਫ਼ਿਊ ਦੀ ਉਲੰਘਣਾ ਕਰਨ ਅਤੇ ਗੰਭੀਰ ਆਰਥਿਕ ਸੰਕਟ ਦੇ ਮੱਦੇਨਜ਼ਰ ਸਰਕਾਰ-ਵਿਰੋਧੀ ਰੈਲੀ ਆਯੋਜਿਤ ਕਰਨ ਦੀ ਕੋਸ਼ਿਸ਼ ਕਰਨ ‘ਤੇ ਕੱਲ੍ਹ ਦੇਸ਼ ਦੇ ਪੱਛਮੀ ਸੂਬੇ ‘ਚ 600 ਤੋਂ ਜ਼ਿਆਦਾ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਾਜਧਾਨੀ ਕੋਲੰਬੋ ‘ਚ ਵਿਰੋਧੀ ਧਿਰ ਦੇ ਨੇਤਾਵਾਂ ਦੇ ਮਾਰਚ ‘ਚ 100 ਤੋਂ ਜ਼ਿਆਦਾ ਲੋਕ ਸ਼ਾਮਲ ਹੋਏ। ਇਸ ਤੋਂ ਪਹਿਲਾਂ ਪੁਲਸ ਅਤੇ ਰਾਈਫਲਾਂ ਲਈ ਹੋਏ ਫੌਜੀਆਂ ਦੇ ਇਕ ਵੱਡੇ ਸਮੂਹ ਨੇ ਵਿਰੋਧੀ ਧਿਰ ਦੇ ਨੇਤਾ ਸਾਜਿਤ ਪ੍ਰੇਮਦਾਸਾ ਦੇ ਘਰ ਕੋਲ ਮਾਰਚ ਨੂੰ ਰੋਕ ਲਿਆ।
Comment here