ਸਿਆਸਤਖਬਰਾਂ

ਆਰਥਿਕ ਤੰਗੀ ਕਰਕੇ ਦੋ ਕਿਸਾਨਾਂ ਤੇ ਇੱਕ ਮਜ਼ਦੂਰ ਵੱਲੋਂ ਖੁਦਕੁਸ਼ੀ

ਮਲੋਟ, ਬਠਿੰਡਾ, ਸੰਗਰੂਰ-ਪੰਜਾਬ ਵਿੱਚ ਸਰਕਾਰਾਂ ਬਦਲੀਆਂ, ਸਰਕਾਰ ਚ ਮੁੱਖ ਮੰਤਰੀ ਵੀ ਬਦਲਿਆ, ਪਰ ਇਹਦੇ ਨਾਲ ਥੁੜਾਂ ਮਾਰਿਆਂ ਦੀ ਹੋਣੀ ਨਹੀਂ ਬਦਲੀ। ਅੱਜ ਫੇਰ ਮਾਲਵੇ ਦੀ ਮਿੱਟੀ ਦੇ ਦੋ ਪੁੱਤ ਕਰਜੇ ਨੇ ਨਿਗਲ ਲਏ। ਮਲੋਟ ਦੇ ਰੱਤਾਖੇੜਾ ਪਿੰਡ ਦੇ 27 ਸਾਲਾਂ ਕਿਸਾਨ ਮਨੀਪਾਲ ਸਿੰਘ ਨੇ ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਆਪਣੇ ਖੇਤ ਜਾ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਉਸ ਦੀ ਜੱਦੀ 6 ਕਿੱਲੇ ਜ਼ਮੀਨ ਸੀ ਜੋ ਸੇਮ ਵਿਚ ਹੈ, ਉਹ ਡੇਅਰੀ ਦਾ ਧੰਦਾ ਕਰਕੇ ਪਰਿਵਾਰ ਦਾ ਗੁਜਾਰਾ ਕਰਨ ਲਈ ਜਦੋ ਜਹਿਦ ਕਰ ਰਿਹਾ ਸੀ, ਪਰ ਉਸ ਨੂੰ ਇਸ ਕਾਰੋਬਾਰ ਚ ਵੱਡਾ ਘਾਟਾ ਪਿਆ।ਉਸ ਨੇ ਬੈਂਕ ਤੋਂ ਲਿਆ ਕਰਜ਼ਾ ਵੀ ਜਾਣਕਾਰਾਂ ਕੋਲੋਂ ਪੈਸੇ ਲੈ ਕੇ ਉਤਾਰਿਆ, ਪ੍ਰੰਤੂ ਦੁਬਾਰਾ ਲੋੜ ਪੈਣ ਤੇ ਬੈਂਕ ਨੇ ਉਸ ਨੂੰ ਕਰਜ਼ਾ ਨਹੀਂ ਦਿੱਤਾ। ਅਕਾਲੀ ਸਰਕਾਰ ਵੇਲੇ ਉਸ ਨੂੰ ਸੇਮ ਵਾਲੀ ਜ਼ਮੀਨ ’ਤੇ ਮੁਆਵਜ਼ਾ ਮਿਲਿਆ ਸੀ, ਪਰ ਕਾਂਗਰਸ ਸਰਕਾਰ ਵੇਲੇ ਉਹ ਵੀ ਨਹੀ ਮਿਲਿਆ। ਦੇਣਦਾਰੀਆਂ ਵਧਣ ਕਰਕੇ ਤੇ ਕੋਈ ਰਾਹਤ ਨਾ ਮਿਲਣ ਕਰਕੇ ਪਰੇਸ਼ਾਨੀ ਚ ਉਸ ਨੇ ਮੌਤ ਨੂੰ ਗਲ ਲਾ ਲਿਆ। ਮੋਹਤਬਰ ਪੀੜਤ ਪਰਿਵਾਰ ਲਈ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ ਕਰ ਰਹੇ ਹਨ।

ਬਠਿੰਡਾ ਜਿਲੇ ਦੇ ਪਿੰਡ ਮਹਿਮਾ ਸਰਕਾਰੀ ਦੇ 46 ਸਾਲਾ ਕਿਸਾਨ ਰੂਪ ਸਿੰਘ ਨੇ  ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਮੋਟਰ ਵਾਲੇ ਕਮਰੇ ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਸਿਰ ਆੜਤੀਆਂ ਦਾ 12-13 ਲੱਖ ਰੁਪਏ ਦਾ ਕਰਜ਼ਾ ਸੀ। ਉਸ ਦੀ ਚਾਰ ਏਕੜ ਨਰਮੇ ਦੀ ਫ਼ਸਲ  ਗੁਲਾਬੀ ਸੁੰਡੀ ਨੇ ਨਸ਼ਟ ਕਰ ਦਿੱਤੀ ਸੀ, ਪਰੇਸ਼ਾਨ ਹੋ ਕੇ ਉਸ ਨੇ ਮੌਤ ਨੂੰ ਗਲ ਲਾ ਲਿਆ। ਕੁਝ ਮਹੀਨੇ ਪਹਿਲਾਂ ਹੀ ਉਸ ਦੇ ਛੋਟੇ ਭਰਾ ਦੀ ਮੌਤ ਹੋ ਗਈ ਸੀ। ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁਟਿਆ ਪਿਆ ਹੈ, ਤੇ ਇਸ ਪਰਿਵਾਰ ਲਈ ਵੀ ਮੋਹਤਬਰ ਸਰਕਾਰੀ ਮਦਦ ਦੀ ਮੰਗ ਕਰ ਰਹੇ ਹਨ।

ਲਹਿਰਾਗਾਗਾ ਦੀ  ਛਾਜਲੀ ਰੇਲ ਲਿੰਕ ਤੇ ਰੇਲ ਗਡੀ ਹੇਠ ਆ ਕੇ ਦਿਹਾੜੀਦਾਰ ਮਜ਼ਦੂਰ ਨੇ ਖ਼ੁਦਕੁਸ਼ੀ ਕਰ ਲਈ। ਦਸਿਆ ਗਿਆ ਹੈ ਕਿ  ਗੋਬਿੰਦਗੜ੍ਹ ਜੇਜੀਆਂ ਦਾ 29 ਸਾਲ ਦਾ ਸੰਮੀ ਸਿੰਘ ਦਿਹਾੜੀ ਦੱਪੇ ਦਾ ਕੰਮਕਾਰ ਘਟ ਮਿਲਣ ਕਰਕੇ ਪਰੇਸ਼ਾਨ ਸੀ, ਪਰਿਵਾਰ ਦੇ ਸਿਰ ਦੇਣਦਾਰੀਆਂ ਵੀ ਹਨ, ਤੇ ਗੁਰਬਤ ਕਾਰਨ ਸੰਮੀ ਸਿੰਘ ਦਾ ਵਿਆਹ ਵੀ ਨਹੀ ਸੀ ਹੋ ਰਿਹਾ, ਸਾਰੀਆਂ ਪਰੇਸ਼ਾਨੀਆਂ ਤੋਂ ਨਿਜਾਤ ਪਾਉਣ ਲਈ ਉਸ ਨੇ ਭਿਆਨਕ ਕਦਮ ਚੁਕਿਆ ਤੇ ਰੇਲ ਮੂਹਰੇ ਛਾਲ ਮਾਰ ਕੇ ਜਾਨ ਦੇ ਦਿਤੀ।

Comment here