ਸਿਆਸਤਖਬਰਾਂ

ਆਯੂਸ਼ਮਾਨ ਭਾਰਤ ਯੋਜਨਾ ਅਪਣਾਉਣ ਚ ਜੰਮੂ-ਕਸ਼ਮੀਰ ਵੀ ਮੋਹਰੀ ਬਣਿਆ

ਸ਼੍ਰੀਨਗਰ- ‘ਪੀ. ਐੱਮ. ਆਯੂਸ਼ਮਾਨ ਭਾਰਤ’ ਯੋਜਨਾ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਲਾਗੂ ਹੋ ਰਹੀ ਹੈ, ਅਤੇ ਜੰਮੂ-ਕਸ਼ਮੀਰ ਇਹ ਯੋਜਨਾ ਲਾਗੂ ਕਰਨ ਵਾਲੇ ਸਫ਼ਲ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਸ਼ਾਮਲ ਹੈ। ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਆਯੂਸ਼ਮਾਨ ਭਾਰਤ ਸਿਹਤ ਸਕੀਮ ਤਹਿਤ ਜੰਮੂ-ਕਸ਼ਮੀਰ ਵਿਚ ਹਰੇਕ ਪਰਿਵਾਰ ਨੂੰ ਸ਼ਾਮਲ ਕਰਨ ਲਈ ਚਲਾਇਆ ਗਿਆ ਸੀ। ਪਿਛਲੇ 6 ਮਹੀਨਿਆਂ ਵਿਚ ਇਸ ਦਾ ਘੇਰਾ ਕਈ ਗੁਣਾ ਵਧ ਗਿਆ ਹੈ। ਇਹ ਸਕੀਮ ਲੰਘੇ ਵਰੇ ਦੀ 25 ਦਸੰਬਰ ਨੂੰ ਲਾਂਚ ਕੀਤੀ ਗਈ ਸੀ। ਇਕ ਸਰਕਾਰੀ ਅਧਿਕਾਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਮਹਿਕਮੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਸਮੇਂ 70 ਫ਼ੀਸਦੀ ਲੋਕਾਂ ਨੂੰ ਇਸ ਤਹਿਤ ਗੋਲਡਨ ਕਾਰਡ ਜਾਰੀ ਕੀਤਾ ਗਿਆ, ਜੋ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੈਸ਼ਲੈਸ ਇਲਾਜ ਕਰਵਾਉਣ ਦਾ ਅਧਿਕਾਰ ਦਿੰਦਾ ਹੈ। ਅੰਕੜੇ ਦੱਸਦੇ ਹਨ ਕਿ ਬੜਗਾਮ, ਕੁਲਗਾਮ, ਪੁੰਛ, ਗੰਦੇਰਬਲ, ਬਾਰਾਮੂਲਾ, ਪੁਲਵਾਮਾ ਅਤੇ ਅਨੰਤਨਾਗ ਵਰਗੇ ਜ਼ਿਲ੍ਹਿਆਂ ਵਿਚ ਲੱਗਭਗ 75 ਫ਼ੀਸਦੀ ਪਰਿਵਾਰਾਂ ਨੂੰ ਇਸ ਸਕੀਮ ਅਧੀਨ ਗੋਲਡਨ ਕਾਰਡ ਜਾਰੀ ਕੀਤੇ ਗਏ ਹਨ। ਹਾਲਾਂਕਿ ਕਸ਼ਮੀਰ ਦਾ ਸਭ ਤੋਂ ਆਬਾਦੀ ਵਾਲਾ ਜ਼ਿਲ੍ਹਾ ਸ਼੍ਰੀਨਗਰ ਅਤੇ ਕੁਪਵਾੜਾ ਰਜਿਸਟ੍ਰੇਸ਼ਨ ਦੇ ਮਾਮਲੇ ਵਿਚ ਉਸ ਰਫ਼ਤਾਰ ਨਾਲ ਅੱਗੇ ਨਹੀਂ ਵਧ ਸਕਿਆ। ਸ਼੍ਰੀਨਗਰ ’ਚ ਅਜੇ 51 ਫ਼ੀਸਦੀ ਪਰਿਵਾਰਾਂ ਨੂੰ ਹੀ ਕਵਰ ਕੀਤਾ ਗਿਆ ਹੈ। ਕੁਪਵਾੜਾ ਜ਼ਿਲ੍ਹੇ ਵਿਚ 55 ਫ਼ੀਸਦੀ ਪਰਿਵਾਰਾਂ ਨੂੰ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਸ਼੍ਰੀਨਗਰ ’ਚ ਕੋਵਿਡ-19 ਕਾਰਨ ਸੇਵਾ ਕੇਂਦਰਾਂ ਤੋਂ ਰਜਿਸਟ੍ਰੇਸ਼ਨ ਦਾ ਕੰਮ ਪ੍ਰਭਾਵਿਤ ਹੋਇਆ ਅਤੇ ਇੱਥੇ ਸਰਕਾਰੀ ਯੋਜਨਾਵਾਂ ਬਾਰੇ ਘੱਟ ਜਾਗਰੂਕਤਾ ਵੀ ਇਕ ਕਾਰਨ ਹੈ, ਪਰ ਜਲਦੀ ਹੀ ਇੱਥੇ ਵੀ ਬਾਕੀ ਰਹਿੰਦੇ ਪਰਿਵਾਰਾਂ ਨੂੰ ਕਵਰ ਕਰ ਲਿਆ ਜਾਵੇਗਾ।

Comment here