ਅਪਰਾਧਸਿਆਸਤਖਬਰਾਂ

ਆਮਦਨ ਨਾਲੋਂ ਵੱਧ ਜਾਇਦਾਦ ਦਾ ਮਾਮਲਾ-ਚੌਟਾਲਾ ਨੂੰ ਚਾਰ ਸਾਲ ਦੀ ਕੈਦ

ਨਵੀਂ ਦਿੱਲੀ-  ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਇੰਨਾ ਹੀ ਨਹੀਂ ਅਦਾਲਤ ਨੇ ਚੌਟਾਲਾ ਦੀਆਂ ਚਾਰ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਵੀ ਹੁਕਮ ਦਿੱਤੇ ਹਨ। ਅਦਾਲਤ ਨੇ ਓਮ ਪ੍ਰਕਾਸ਼ ਚੌਟਾਲਾ ਨੂੰ ਕੋਰਟ ਰੂਮ ‘ਚੋਂ ਹੀ ਹਿਰਾਸਤ ‘ਚ ਲੈਣ ਦੇ ਹੁਕਮ ਦਿੱਤੇ ਹਨ। ਇਸ ਤਰ੍ਹਾਂ ਚੌਟਾਲਾ ਅਦਾਲਤ ਤੋਂ ਸਿੱਧੇ ਜੇਲ੍ਹ ਜਾਣਗੇ। ਚੌਟਾਲਾ ਵੱਲੋਂ ਇਸ ਮਾਮਲੇ ‘ਚ ਅਪੀਲ ਦਾਇਰ ਕਰਨ ਲਈ 10 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ, ਜਿਸ ‘ਤੇ ਜੱਜ ਨੇ ਕਿਹਾ ਕਿ ਤੁਸੀਂ ਹਾਈਕੋਰਟ ਚਲੇ ਜਾਓ | ਦੱਸ ਦੇਈਏ ਕਿ ਵੀਰਵਾਰ ਨੂੰ ਸੁਣਵਾਈ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦਰਅਸਲ ਵਿਸ਼ੇਸ਼ ਜੱਜ ਵਿਕਾਸ ਢੁਲ ਨੇ ਸਾਲ 1993 ਤੋਂ 2006 ਦੌਰਾਨ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ੀ ਓਪੀ ਚੌਟਾਲਾ ਅਤੇ ਸੀਬੀਆਈ ਦੇ ਵਕੀਲਾਂ ਦੀ ਸਜ਼ਾ ‘ਤੇ ਦਲੀਲਾਂ ਸੁਣੀਆਂ। ਬਹਿਸ ਦੌਰਾਨ ਓਪੀ ਚੌਟਾਲਾ ਨੇ ਬੁਢਾਪੇ ਅਤੇ ਡਾਕਟਰੀ ਆਧਾਰ ‘ਤੇ ਘੱਟੋ-ਘੱਟ ਸਜ਼ਾ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਸਮਾਜ ਨੂੰ ਸੰਦੇਸ਼ ਜਾਵੇਗਾ। ਏਜੰਸੀ ਨੇ ਕਿਹਾ ਕਿ ਚੌਟਾਲਾ ਦਾ ਕੋਈ ਸਾਫ਼-ਸੁਥਰਾ ਇਤਿਹਾਸ ਨਹੀਂ ਹੈ ਅਤੇ ਇਹ ਦੂਜਾ ਮਾਮਲਾ ਹੈ ਜਿਸ ਵਿੱਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਪਿਛਲੇ ਹਫ਼ਤੇ ਚੌਟਾਲਾ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਕਿਹਾ ਸੀ ਕਿ ਦੋਸ਼ੀ ਉਕਤ ਮਿਆਦ ਦੇ ਦੌਰਾਨ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਗੈਰ-ਅਨੁਪਾਤਕ ਤੌਰ ‘ਤੇ ਹਾਸਲ ਕੀਤੀ ਵਾਧੂ ਜਾਇਦਾਦ ਦਾ ਸੰਤੋਸ਼ਜਨਕ ਲੇਖਾ ਦੇਣ ਵਿੱਚ ਅਸਫਲ ਰਿਹਾ ਸੀ। ਸੀਬੀਆਈ ਨੇ ਚੌਟਾਲਾ ਖ਼ਿਲਾਫ਼ ਸਾਲ 2005 ਵਿੱਚ ਕੇਸ ਦਰਜ ਕੀਤਾ ਸੀ। ਏਜੰਸੀ ਨੇ 26 ਮਾਰਚ, 2010 ਨੂੰ ਦਾਇਰ ਆਪਣੀ ਚਾਰਜਸ਼ੀਟ ਵਿੱਚ ਦੋਸ਼ ਲਾਇਆ ਸੀ ਕਿ ਚੌਟਾਲਾ ਨੇ 1993 ਤੋਂ 2006 ਦਰਮਿਆਨ ਆਪਣੀ ਕਾਨੂੰਨੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਸੀ। ਸੀਬੀਆਈ ਵੱਲੋਂ ਦਰਜ ਐਫਆਈਆਰ ਮੁਤਾਬਕ ਚੌਟਾਲਾ ਨੇ 24 ਜੁਲਾਈ, 1999 ਤੋਂ 5 ਮਈ, 2005 ਤੱਕ ਹਰਿਆਣਾ ਦੇ ਮੁੱਖ ਮੰਤਰੀ ਰਹਿੰਦਿਆਂ ਪਰਿਵਾਰ ਅਤੇ ਹੋਰਾਂ ਨਾਲ ਮਿਲੀਭੁਗਤ ਕਰਕੇ ਆਮਦਨ ਦੇ ਆਪਣੇ ਜਾਣੇ-ਪਛਾਣੇ ਸਰੋਤ ਤੋਂ ਵੱਧ ਚੱਲ ਅਤੇ ਅਚੱਲ ਜਾਇਦਾਦਾਂ ਹਾਸਲ ਕੀਤੀਆਂ ਸਨ। ਇਹ ਜਾਇਦਾਦ ਚੌਟਾਲਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਐਕੁਆਇਰ ਕੀਤੀ ਗਈ ਸੀ। ਸੀਬੀਆਈ ਦੇ ਅਨੁਸਾਰ, ਚੌਟਾਲਾ ਨੇ 6.09 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ ਜੋ ਉਸ ਦੀ ਆਮਦਨ ਦੇ ਜਾਣੇ ਜਾਂਦੇ ਸਰੋਤ ਤੋਂ 189.11 ਪ੍ਰਤੀਸ਼ਤ ਵੱਧ ਸੀ।

Comment here