ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਆਪ ਸਰਕਾਰ ਵਿਜੀਲੈਂਸ ਰਾਹੀਂ ਕਾਂਗਰਸੀਆਂ ਤੇ ਬਾਦਲਕਿਆਂ ਦਾ ਸ਼ਿਕੰਜਾ ਕਸਣ ਲੱਗੀ

 ਪਿਛਲੀਆਂ ਸਰਕਾਰਾਂ ਦੇ ਅੱਧੀ ਦਰਜਨ ਤੋਂ ਵੱਧ ਘਪਲੇ ਜਾਂਚ ਅਧੀਨ
ਵਿਸ਼ੇਸ਼ ਰਿਪੋਰਟ-ਜਸਪਾਲ 
ਜਲੰਧਰ- ਮਗਰਲੀਆਂ ਸਰਕਾਰਾਂ ਦੌਰਾਨ ਹੋਈਆਂ ਘਪਲੇਬਾਜ਼ੀਆਂ ਦੀ ਜਾਂਚ ਕਰਵਾਉਣ ਸੰਬੰਧੀ ਭਗਵੰਤ ਮਾਨ ਸਰਕਾਰ ਦੇ ਸਖ਼ਤ ਰੁਖ਼ ਦੇ ਹੁੰਦਿਆਂ ਵਿਜੀਲੈਂਸ ਬਿਊਰੋ ਨੇ ਅੱਧੀ ਦਰਜਨ ਤੋਂ ਵੱਧ ਮਾਮਲਿਆਂ ‘ਵਿਚ ਜਾਂਚ ਪ੍ਰਕਿਰਿਆ ਨੇ ਰਫ਼ਤਾਰ ਫੜ ਲਈ ਹੈ । ਤਿੰਨ ਸਾਬਕਾ ਕਾਂਗਰਸੀ ਮੰਤਰੀਆਂ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਨ ਆਸ਼ੂ ਅਤੇ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਸੰਬੰਧੀ ਚੱਲ ਰਹੀਆਂ ਜਾਂਚਾਂ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਬਲਬੀਰ ਸਿੰਘ ਸਿੱਧੂ ਅਤੇ ਸੂਬੇ ਵਿਚ ਵੱਡੇ ਪੱਧਰ ‘ਤੇ ਹੋਈ ਰੇਤ ਬਜਰੀ ਦੀ ਤਸਕਰੀ, ਸਿੰਜਾਈ ਘਪਲੇ ਤੇ ਚਰਨਜੀਤ ਸਿੰਘ ਚੰਨੀ ਸਰਕਾਰ ਦੌਰਾਨ ਬੱਸਾਂ ਦੀ ਹੋਈ ਖ਼ਰੀਦ ਦੇ ਮਾਮਲਿਆਂ ਸੰਬੰਧੀ ਵੀ ਜਾਂਚ ਕਰ ਰਹੀਆਂ ਹਨ ਪਰ ਜਿਸ ਤਰ੍ਹਾਂ ਜਾਂਚਾਂ ਦਾ ਘੇਰਾ ਵਧਦਾ ਜਾ ਰਿਹਾ ਹੈ, ਉਸ ਕਾਰਨ ਵਿਜੀਲੈਂਸ ਵਲੋਂ ਹੋਰ ਵਾਧੂ ਅਧਿਕਾਰੀਆਂ ਦੀ ਤਾਇਨਾਤੀ ਲਈ ਵੀ ਮੰਗ ਉਠਾਈ ਜਾ ਰਹੀ ਹੈ, ਕਿਉਂਕਿ ਰਾਜ ਸਰਕਾਰ ਵਲੋਂ ਜਾਰੀ ਸ਼ਿਕਾਇਤ ਨੰਬਰ ਦੀਆਂ ਸ਼ਿਕਾਇਤਾਂ ਵੀ ਬਿਊਰੋ ਕੋਲ ਆ ਰਹੀਆਂ ਹਨ, ਜਿਨ੍ਹਾਂ ਦੀ ਗਿਣਤੀ ਕਾਫ਼ੀ ਹੈ । ਸੂਚਨਾ ਅਨੁਸਾਰ ਸਰਕਾਰ ਵਲੋਂ ਬੀਤੇ ਦਿਨਾਂ ਦੌਰਾਨ ਜਿਨ੍ਹਾਂ ਅਧਿਕਾਰੀਆਂ ਦੀਆਂ ਵਿਜੀਲੈਂਸ ਬਿਊਰੋ ਵਿਚ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਕੋਲੋਂ ਪਹਿਲਾਂ ਇਹ ਪੁੱਛਿਆ ਗਿਆ ਹੈ ਕਿ, ਕੀ ਉਹ ਬਿਨਾਂ ਡਰ ਤੇ ਦਬਾਅ ਇਮਾਨਦਾਰੀ ਨਾਲ ਕੰਮ ਕਰ ਸਕਦੇ ਹਨ ਪਰ ਦਿਲਚਸਪ ਗੱਲ ਇਹ ਹੈ ਕਿ ਬਿਊਰੋ ਭਾਵੇਂ ਫ਼ਿਲਹਾਲ ਇਹ ਜਾਂਚਾਂ ਸਿਆਸੀ ਪੱਧਰ ‘ਤੇ ਹੋਈਆਂ ਘਪਲੇਬਾਜ਼ੀਆਂ ਲਈ ਕਰ ਰਿਹਾ ਹੈ ਪਰ ਉਕਤ ਮਾਮਲਿਆਂ ਨਾਲ ਜੁੜੇ ਵੱਡੀ ਗਿਣਤੀ ਵਿਚ ਸੀਨੀਅਰ ਤੇ ਜੂਨੀਅਰ ਅਧਿਕਾਰੀਆਂ ਵਿਚ ਵੀ ਹਫ਼ੜਾ-ਦਫ਼ੜੀ ਫੈਲੀ ਹੋਈ ਹੈ, ਜਿਸ ਦਾ ਅਸਰ ਸਰਕਾਰੀ ਕੰਮਕਾਜ ‘ਤੇ ਵੀ ਪੈ ਸਕਦਾ ਹੈ । ਕਿਉਂਕਿ ਸਾਬਕਾ ਸਨਅਤ ਮੰਤਰੀ ਵਿਰੁੱਧ ਜਿਸ ਸ਼ਕਤੀ ਅਦਾਰੇ ਨੂੰ ਵੇਚਣ ਸੰਬੰਧੀ ਜੋ ਜਾਂਚ ਚੱਲ ਰਹੀ ਹੈ ਉਸ ਵਿਚ ਕੁਝ ਸੀਨੀਅਰ ਅਧਿਕਾਰੀਆਂ ਦੀ ਵੀ ਅਹਿਮ ਭੂਮਿਕਾ ਹੈ ।ਕੋਵਿਡ ਦੌਰਾਨ ਹੋਈਆਂ ਵੱਡੀ ਪੱਧਰ ‘ਤੇ ਖ਼ਰੀਦਾਂ ਜਿਨ੍ਹਾਂ ਸੰਬੰਧੀ ਦੋਸ਼ ਹਨ ਕਿ ਉਹ ਖ਼ਰੀਦਾਂ ਮਾਰਕੀਟ ਕੀਮਤਾਂ ਤੋਂ ਕਈ ਗੁਣਾਂ ਮੁੱਲ ‘ਤੇ ਹੋਈਆਂ ਪਰ ਇਨ੍ਹਾਂ ਖ਼ਰੀਦਾਂ ਸੰਬੰਧੀ ਵੀ ਕੁਝ ਉੱਚ ਅਧਿਕਾਰੀਆਂ ਦੀ ਅਹਿਮ ਭੂਮਿਕਾ ਸਾਹਮਣੇ ਆ ਰਹੀ ਹੈ ਅਤੇ ਕਈ ਮਾਮਲਿਆਂ ਨਾਲ ਮੁੱਖ ਮੰਤਰੀ ਸਕੱਤਰੇਤ ਦਾ ਵੀ ਸੰਬੰਧ ਹੈ । ਕਈ ਮਾਮਲਿਆਂ ਵਿਚ ਤਾਂ ਬਿਊਰੋ ਨੂੰ ਸਾਬਕਾ ਮੁੱਖ ਸਕੱਤਰ ਪੱਧਰ ਦੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰਨੀ ਪੈ ਸਕਦੀ ਹੈ ।ਇਸੇ ਤਰ੍ਹਾਂ ਨਾਜਾਇਜ਼ ਮਾਈਨਿੰਗ ਦੀ ਹੋ ਰਹੀ ਜਾਂਚ ਦੇ ਘੇਰੇ ਵਿਚ ਕੁਝ ਅਕਾਲੀ ਆਗੂ ਤੇ ਬਹੁਤ ਸਾਰੇ ਕਾਂਗਰਸ ਵਿਧਾਇਕ ਵੀ ਆ ਸਕਦੇ ਹਨ । ਭਗਵੰਤ ਮਾਨ ਸਰਕਾਰ ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਏ ਬਿਜਲੀ ਸਮਝੌਤਿਆਂ ਸੰਬੰਧੀ ਵੀ ਆਪਣੇ ਚੋਣ ਵਾਅਦਿਆਂ ਅਨੁਸਾਰ ਜਾਂਚ ਕਰਨਾ ਚਾਹੁੰਦੀ ਹੈ ਪਰ ਉਸ ਲਈ ਸਮੱਸਿਆ ਇਹ ਹੈ ਕਿ ਉਨ੍ਹਾਂ ਵਲੋਂ ਨਿਯੁਕਤ ਕੁਝ ਅਹਿਮ ਅਧਿਕਾਰੀ ਵੀ ਇਸ ਜਾਂਚ ਦੇ ਘੇਰੇ ਵਿਚ ਆਉਂਦੇ ਹਨ, ਜਿਸ ਕਾਰਨ ਸਰਕਾਰ ਇਸ ਮੁੱਦੇ ‘ਤੇ ਫ਼ਿਲਹਾਲ ਖ਼ਾਮੋਸ਼ ਹੈ । ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਦੋ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸਿਹਤ ਮੰਤਰੀ ਰਹੇ ਵਿਜੇ ਸਿੰਗਲਾ ਹਾਈ ਕੋਰਟ ਦੀ ਸ਼ਰਨ ਵਿਚ ਪਹੁੰਚੇ ਹਨ ਤੇ  ਉਹਨਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ ।ਆਸ਼ੂ ’ਤੇ 2000 ਕਰੋਡ਼ ਰੁਪਏ ਦੇ ਟੈਂਡਰਾਂ ਵਿਚ ਕਥਿਤ ਘੁਟਾਲੇ ਦੇ ਦੋਸ਼ ਲੱਗੇ ਹਨ। ਇਕ ਠੇਕੇਦਾਰ ਯੂਨੀਅਨ ਦੇ ਦੋਸ਼ ਤੋਂ ਬਾਅਦ ਵਿਜੀਲੈਂਸ ਨੇ ਇਸ ਦੀ ਜਾਂਚ ਐੱਸਐੱਸਪੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਜਾਂਚ ਸਹੀ ਪਾਈ ਜਾਂਦੀ ਹੈ ਤਾਂ ਆਸ਼ੂ ਨੂੰ ਵਿਜੀਲੈਂਸ ਗ੍ਰਿਫ਼ਤਾਰ ਵੀ ਕਰ ਸਕਦੀ ਹੈ।
ਸਾਬਕਾ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਾਇਰ ਪਟੀਸ਼ਨ ਵਿਚ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀਆਂ ਨੂੰ ਸਾਜਿਸ਼ ਦੇ ਤਹਿਤ ਭ੍ਰਿਸ਼ਟਾਚਾਰ ਦੇ ਝੂਠੇ ਮਾਮਲਿਆਂ ਵਿਚ ਫਸਾਇਆ ਜਾ ਰਿਹਾ ਹੈ।
‘ਆਪ’ ਸਰਕਾਰ ਵਿਚ ਸਿਹਤ ਮੰਤਰੀ ਰਹੇ ਡਾ. ਵਿਜੇ ਸਿੰਗਲਾ ਨੂੰ ਕਰੋਡ਼ਾਂ ਰੁਪਏ ਦੇ ਟੈਂਡਰ ਵਿਚ ਇਕ ਫ਼ੀਸਦੀ ਕਮਿਸ਼ਨ ਲੈਣ ਦੇ ਦੋਸ਼ ਵਿਚ 24 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲ ਹੀ ਵਿਚ ਉਨ੍ਹਾਂ ਨੇ ਮੁਹਾਲੀ ਦੀ ਟਰਾਇਲ ਕੋਰਟ ਵਿਚ ਆਪਣੀ ਰੈਗੂਲਰ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸਨੂੰ ਕੋਰਟ ਨੇ ਖ਼ਾਰਿਜ ਕਰ ਦਿੱਤਾ ਸੀ। ਹੁਣ ਡਾ. ਵਿਜੇ ਸਿੰਗਲਾ ਨੇ ਰੈਗੂਲਰ ਜ਼ਮਾਨਤ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।
ਆਪ ਸਰਕਾਰ ਦੇ ਕਸੇ ਸ਼ਿਕੰਜੇ ਕਾਰਣ ਕਾਂਗਰਸ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਸਵਾਲ ਉਠਾਉਣ ਵਾਲੀ ਕਾਂਗਰਸ ਆਪਣੇ ਸਾਬਕਾ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਫਸਾਏ ਜਾਣ ਤੋਂ ਬਾਅਦ ਬੈਕਫੁੱਟ ‘ਤੇ ਆ ਗਈ ਹੈ।
ਹੁਣੇ ਜਿਹੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ‘ਵਿਚ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਧਰਨਾ ਦਿੱਤਾ। ਹਾਈ-ਪ੍ਰੋਫਾਈਲ ਡਰਾਮੇ ਤੋਂ ਬਾਅਦ ਭਾਵੇਂ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਹਨ ਪਰ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬੀ ਕਾਰਵਾਈ ਕੀਤੀ, ਉਸ ਨਾਲ ਕਾਂਗਰਸ ਭ੍ਰਿਸ਼ਟਾਚਾਰੀਆਂ ਦਾ ਸਾਥ ਦੇਣ ਲਈ ਮਜਬੂਰ ਹੋ ਗਈ।ਕਾਂਗਰਸ  ਪਹਿਲਾਂ ਹੀ ਸਮੱਸਿਆਵਾਂ ਨਾਲ ਜੂਝ ਰਹੀ ਹੈ। ਚਾਰ ਸਾਬਕਾ ਮੰਤਰੀ ਉਸ ਨੂੰ ਕਾਂਗਰਸ ਛੱਡ ਗਏ। ਉਸ ਤੋਂ ਬਾਅਦ ਵਿਜੀਲੈਂਸ ਨੇ ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ। ਕਾਂਗਰਸ ਇਸ ਗੱਲ ਤੋਂ ਵੀ ਚਿੰਤਤ ਹੈ ਕਿ ਸਰਕਾਰ ਕੁਝ ਹੋਰ ਸਾਬਕਾ ਮੰਤਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦਰਜ ਕਰ ਸਕਦੀ ਹੈ। ਇਸ ਦੇ ਨਾਲ ਹੀ ਕਾਂਗਰਸ ਦੀ ਸਮੱਸਿਆ ਇਸ ਗੱਲ ਨੂੰ ਲੈ ਕੇ ਵੀ ਬਣੀ ਹੋਈ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਕਈ ਕਾਂਗਰਸੀ ਮੰਤਰੀ ਅਤੇ ਵਿਧਾਇਕ ਰੇਤ ਦੀ ਨਾਜਾਇਜ਼ ਮਾਈਨਿੰਗ ‘ਚ ਸ਼ਾਮਲ ਹਨ, ਜਿਨ੍ਹਾਂ ਦੀ ਸੂਚੀ ਅਤੇ ਰਿਕਾਰਡ ਉਨ੍ਹਾਂ ਕੋਲ ਹੈ। ਅਜਿਹੇ ‘ਵਿਚ ਕਾਂਗਰਸ ਨੂੰ ਵੀ ਚਿੰਤਾ ਹੈ ਕਿ ਜੇਕਰ ਉਸ ਸੂਚੀ ਦਾ ਪਰਦਾਫਾਸ਼ ਹੋਇਆ ਤਾਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

Comment here