ਸਿਆਸਤਖਬਰਾਂਚਲੰਤ ਮਾਮਲੇ

ਆਪ ਸਰਕਾਰ ਵਲੋਂ ਬੋਰਡ ਪੰਜਾਬੀ ਚ ਲਿਖਣ ਦੇ ਹੁਕਮ

ਚੰਡੀਗੜ੍ਹ-ਜਦੋਂ ਵੀ ਪੰਜਾਬ ‘ਚ ਨਵੀਂ ਸਰਕਾਰ ਹੋਂਦ ਵਿਚ ਆਉਂਦੀ ਹੈ, ਬਣਦਿਆਂ ਸਾਰ ਇਕ ਵਾਰੀ ਤਾਂ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਮੋਹ ਦਿਖਾਉਂਦਿਆਂ ਪੰਜਾਬੀ ਵਿਚ ਕੰਮ ਕਰਨ ਲਈ ਤੇ ਸਾਰੇ ਬੋਰਡਾਂ ਉੱਪਰ ਪੰਜਾਬੀ ਵਿਚ ਨਾਂਅ ਲਿਖਣ ਦੇ ਹੁਕਮ ਜਾਰੀ ਕਰਦੀ ਹੈ ਤੇ ਪੰਜਾਬੀ ‘ਚ ਹੋ ਰਹੇ ਕੰਮ ਕਾਜ ਨੂੰ ਚੈੱਕ ਕਰਨ ਲਈ ਸਰਕਾਰ ਵਲੋਂ ਰਾਜ ਪੱਧਰੀ ਤੇ ਜ਼ਿਲ੍ਹਾ ਪੱਧਰੀ ਭਾਸ਼ਾ ਵਿਕਾਸ ਕਮੇਟੀਆਂ ਵੀ ਬਣਾਈਆਂ ਜਾਂਦੀਆਂ ਹਨ ਪਰ ਕੁਝ ਸਮੇਂ ਬਾਅਦ ਇਨ੍ਹਾਂ ਹੁਕਮਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ, ਜਿਸ ਕਰਕੇ ਵੱਖ-ਵੱਖ ਪੰਜਾਬੀ ਸਾਹਿਤ ਸੰਸਥਾਵਾਂ ਮੰਗ ਕਰਦਿਆਂ ਧਰਨੇ ਰੋਸ ਮੁਜ਼ਾਹਰੇ ਵੀ ਕਰਦੀਆਂ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ । ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਵਿਧਾਨ ਸਭਾ ਵਿਚ ਵੀ ਪੰਜਾਬੀ ਪ੍ਰਤੀ ਬਿਆਨ ਦਿੱਤਾ ਤੇ ਹੁਣ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ ਵਲੋਂ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਪੰਜਾਬ ਰਾਜ ਦੇ ਸਮੂਹ ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਸਰਕਾਰੀ ਅਤੇ ਗੈਰ ਸਰਕਾਰੀ ਵਿੱਦਿਅਕ ਅਦਾਰਿਆਂ, ਬੋਰਡਾਂ, ਨਿਗਮਾਂ, ਵਿੱਦਿਅਕ ਸੰਸਥਾਵਾਂ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ, ਸੁਸਾਇਟੀ ਐਕਟ, ਫ਼ੈਕਟਰੀ ਐਕਟ ਤਹਿਤ ਰਜਿਸਟਰਡ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਜਾਣ ਸੰਬੰਧੀ ਸਭ ਤੋਂ ਪਹਿਲਾਂ ਉੱਪਰ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਲਿਖਣ ਲਈ ਕਿਹਾ ਗਿਆ ਹੈ ।ਹੁਣ ਦੇਖਣਾ ਹੋਵੇਗਾ ਕਿ ਇਸ ਪੱਤਰ ‘ਤੇ ਕਿੰਨਾ ਕੁ ਅਮਲ ਕੀਤਾ ਜਾਂਦਾ ਹੈ, ਇਹ ਸਮਾਂ ਹੀ ਦੱਸੇਗਾ ।

Comment here