ਚੰਡੀਗੜ੍ਹ-ਇਥੇ ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਅੱਜ ਜ਼ਬਰਦਸਤ ਹੰਗਾਮਾ ਹੋਇਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਨਜ਼ਰ ਆਏ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਦੋਸ਼ ਲਾਇਆ ਕਿ ਸੰਸਦ ਮੈਂਬਰ ਕਿਰਨ ਖ਼ੇਰ ਨੇ ਉਨ੍ਹਾਂ ਦੀ ਸੀਟ ਨੇੜੇ ਜਾ ਕੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਚੰਡੀਗੜ੍ਹ ਦੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਸੰਸਦ ਮੈਂਬਰ ਕਿਰਨ ਖੇਰ ’ਤੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਗਲਤ ਟਿੱਪਣੀਆਂ ਕਰਨ ਅਤੇ ਗਾਲੀ-ਗਲੋਚ ਦੇ ਦੋਸ਼ ਲਾਏ ਹਨ। ਹਾਊਸ ਦੀ ਮੀਟਿੰਗ ਤੋਂ ਬਾਅਦ ਆਪ ਦੇ ਸਾਰੇ ਕੌਂਸਲਰ ਸਿੱਧੇ ਐਸਐਸਪੀ ਦਫ਼ਤਰ ਪਹੁੰਚ ਗਏ ਹਨ ਅਤੇ ਸ਼ਿਕਾਇਤ ਦਿੱਤੀ ਹੈ।
ਇਸ ਤੋਂ ਪਹਿਲਾਂ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋਇਆ ਅਤੇ ‘ਆਪ’ ਕੌਂਸਲਰਾਂ ਨੂੰ ਮੀਟਿੰਗ ’ਚੋਂ ਸਸਪੈਂਡ ਕਰ ਦਿੱਤਾ ਗਿਆ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ ਗਲਤ ਸ਼ਬਦਾਵਲੀ ਵਰਤਣ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਭਾਜਪਾ ਕੌਂਸਲਰਾਂ ਨੇ ‘ਆਪ’ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੀਟਿੰਗ ਸ਼ੁਰੂ ਹੁੰਦੇ ਹੀ ਤਰੁਣਾ ਮਹਿਤਾ ਦੇ ਕਾਂਗਰਸ ’ਚ ਸ਼ਾਮਲ ਹੋਣ ਦੇ ਮੁੱਦੇ ਉਤੇ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਕਾਂਗਰਸ ਨੇ ਡੰਪਿੰਗ ਗਰਾਊਂਡ ਦੇ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।

Comment here