ਅਪਰਾਧਸਿਆਸਤਖਬਰਾਂ

‘ਆਪ’ ਵਿਧਾਇਕ ਘੁੰਮਣ ਦੀ ਟੋਲ ‘ਤੇ “ਗੁੰਡਾਗਰਦੀ”

ਗੰਨਮੈਨਾਂ ਨੇ ਮੁਫ਼ਤ ਲੰਘਾਏ ਵਾਹਨ ਘਟਨਾਕ੍ਰਮ ਸੀਸੀਟੀਵੀ ਚ ਬੰਦ
ਟਾਂਡਾ ਉੜਮੁੜ : ਪੰਜਾਬ ‘ਚ ਬਦਲਾਅ ਦੇ ਨਾਂ ‘ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕ ਕਿਸੇ ਨਾ ਕਿਸੇ ਕਾਰਨ ਚਰਚਾ ਵਿਚ ਬਣੇ ਰਹਿੰਦੇ ਹਨ। ਬੀਤੇ ਦਿਨੀਂ ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ  ਉਸ ਵੇਲੇ ਵਿਵਾਦ ਵਿਚ ਘਿਰਦੇ ਨਜ਼ਰ ਆਏ ਜਦੋਂ ਆਪਣੇ ਗੰਨਮੈਨਾਂ ਤੇ ਸਾਥੀਆਂ ਸਮੇਤ ਚੌਲਾਂਗ ਟੋਲ ਪਲਾਜ਼ਾ ‘ਤੇ ਧੱਕੇਸ਼ਾਹੀ ਕਰਦਿਆਂ ਗੱਡੀਆਂ ਰੋਕਣ ਲਈ ਲੱਗੇ ਬੂਮ ਤੋੜ ਦਿੱਤੇ ਤੇ ਕਰੀਬ 5 ਤੋਂ 6 ਮਿੰਟਾਂ ਤਕ ਸ਼ਰੇਆਮ ਫਰੀ ਵਾਹਨ ਲੰਘਾਉਣੇ ਸ਼ੁਰੂ ਕਰ ਦਿੱਤੇ।
ਰੌਲਾ ਪੈਂਦਾ ਵੇਖ ਟੋਲ ਪਲਾਜ਼ਾ ਮੈਨੇਜਰ ਮੁਬਾਰਕ ਅਲੀ ਤੇ ਟੋਲ ਮੁਲਾਜ਼ਮਾਂ ਦੇ ਮੈਨੇਜਰ ਹਰਵਿੰਦਰ ਪਾਲ ਸਿੰਘ ਸੋਨੂੰ ਮੌਕੇ ‘ਤੇ ਪਹੁੰਚ ਕੇ ਵਿਧਾਇਕ ਨੂੰ ਸ਼ਾਂਤ ਕੀਤਾ ਜਿਸ ਤੋਂ ਬਾਅਦ ਕਰਮਵੀਰ ਘੁੰਮਣ ਆਪਣੇ ਗੰਨਮੈਨਾਂ ਤੇ ਸਾਥੀਆਂ ਸਮੇਤ ਗੱਡੀ ਵਿਚ ਬੈਠ ਕੇ ਉੱਥੋਂ ਚਲੇ ਗਏ। ਵਿਧਾਇਕ ਘੁੰਮਣ, ਉਨ੍ਹਾਂ ਦੇ ਸਾਥੀਆਂ ਤੇ ਗੰਨਮੈਨਾਂ ਵਲੋਂ ਕੀਤੀ ਧੱਕੇਸ਼ਾਹੀ ਦੀ ਇਹ ਸਾਰੀ ਘਟਨਾ ਚੌਲਾਂਗ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ।
ਕੀ ਕਹਿਣਾ ਟੋਲ ਪਲਾਜ਼ਾ ਮੈਨੇਜਰ ਦਾ
ਜਦੋਂ ਇਸ ਸਬੰਧੀ ਟੋਲ ਪਲਾਜ਼ਾ ਮੈਨੇਜਰ ਮੁਬਾਰਕ ਅਲੀ ਤੇ ਹਰਵਿੰਦਰ ਪਾਲ ਸੋਨੂੰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੋਲ ਦੀ 9 ਨੰਬਰ ਐਮਰਜੈਂਸੀ ਲਾਈਨ ‘ਤੇ ਵਿਧਾਇਕ ਕਰਮਵੀਰ ਘੁੰਮਣ ਦੀ ਜਦੋਂ ਗੱਡੀ ਪਹੁੰਚੀ ਤਾਂ ਸਿਰਫ ਕੁਝ ਸਕਿੰਟ ਬੈਰੀਕੇਡ ਨਾ ਚੁੱਕਣ ‘ਤੇ ਉਹ ਭੜਕ ਗਏ। ਵਿਧਾਇਕ ਦੇ ਸਾਥੀਆਂ ਤੇ ਗੰਨਮੈਨਾਂ ਵਲੋਂ ਕੀਤੀ ਗੁੰਡਾਗਰਦੀ ਤੇ ਧੱਕੇਸ਼ਾਹੀ ਸੀਸੀਟੀਵੀ ‘ਚ ਵੇਖਣ ‘ਤੇ ਉਹ ਮੌਕੇ ‘ਤੇ ਪਹੁੰਚੇ ਅਤੇ ਵਿਧਾਇਕ ਨੂੰ ਸ਼ਾਂਤ ਕੀਤਾ। ਵਿਧਾਇਕ ਵਲੋਂ ਕੀਤੀ ਇਸ ਧੱਕੇਸ਼ਾਹੀ ਤੇ ਗੁੰਡਾਗਰਦੀ ਕਾਰਨ ਟੋਲ ਮੁਲਾਜ਼ਮ ਡਰ ਗਏ। ਮੈਨੇਜਰ ਨੇ ਕਿਹਾ ਕਿ ਵਿਧਾਇਕ ਵਲੋਂ ਕੀਤੀ ਗੁੰਡਾਗਰਦੀ ਤੇ ਧੱਕੇਸ਼ਾਹੀ ਸਬੰਧੀ ਹਾਈਵੇ ਅਥਾਰਟੀ ਨੂੰ ਇਤਲਾਹ ਦੇ ਦਿੱਤੀ ਗਈ ਹੈ। ਅਗਲੀ ਕਾਰਵਾਈ ਹਾਈਵੇ ਅਥਾਰਟੀ ਵਲੋਂ ਕੀਤੀ ਜਾਵੇਗੀ।
ਕੀ ਕਹਿਣਾ ਵਿਧਾਇਕ ਦਾ
ਜਦੋਂ ਇਸ ਸਬੰਧੀ ਵਿਧਾਇਕ ਕਰਮਵੀਰ ਘੁੰਮਣ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੌਲਾਂਗ ਟੋਲ ਪਲਾਜ਼ਾ ਮੁਲਾਜ਼ਮ ਵੀਆਈਪੀ ਲਾਈਨ ਖੋਲ੍ਹਦੇ ਨਹੀਂ ਜਿਸ ਕਰਕੇ ਸਾਡੇ ਬੰਦੇ ਆਪ ਉੱਤਰ ਕੇ ਖੋਲ੍ਹਦੇ ਆ। ਇਹ ਪੁੱਛਣ ‘ਤੇ ਕਿ ਤੁਸੀਂ ਬਾਕੀ ਲਈ ਟੋਲ ਲਾਈਨਾਂ ‘ਤੇ ਵਹੀਕਲ ਕਿਉਂ ਫਰੀ ਲੰਘਾਏ ? ਉਨ੍ਹਾਂ ਕਿਹਾ ਕਿ ਜਦੋਂ ਟੋਲ ਪਲਾਜ਼ਾ ਮੁਲਾਜ਼ਮ ਕਿਸੇ ਨੂੰ ਕੁਝ ਮੰਨਦੇ ਨਹੀਂ ਤਾਂ ਫਿਰ ਟੋਲ ਖੋਲ੍ਹਣੇ ਨਹੀਂ, ਲੋਕਾਂ ਨੇ ਵੀ ਤਾਂ ਇਵੇਂ ਈ ਕਰਨੀ ਆ।

Comment here