ਸਿਆਸਤਖਬਰਾਂਚਲੰਤ ਮਾਮਲੇ

‘ਆਪ’ ਵਿਧਾਇਕ ਅਮਨਦੀਪ ਦਾ ਚੰਡੀਗੜ੍ਹ ’ਚ ਕੱਟਿਆ ਚਲਾਣ

ਚੰਡੀਗੜ੍ਹ-ਚੰਡੀਗੜ੍ਹ ’ਚ ਟ੍ਰੈਫਿਕ ਕਾਨੂੰਨਾਂ ਨੂੰ ਲੈਕੇ ਕਾਫ਼ੀ ਸਖਤੀ ਵਰਤੀ ਜਾਂਦੀ ਹੈ, ਜਿਸ ਦੇ ਚੱਲਦਿਆਂ ਕਿਸੇ ਨਾ ਕਿਸੇ ਵੱਡੇ ਲੀਡਰ ਜਾਂ ਹੋਰ ਹਸਤੀ ਦੇ ਚਲਾਣ ਦੀ ਗੱਲ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਹੁਣ ਫਾਜ਼ਿਲਕਾ ਤੋਂ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਦੀ ਇਨੋਵਾ ਕਾਰ ਦਾ ਚਲਾਣ ਕਰ ਦਿੱਤਾ ਗਿਆ ਹੈ। ਦਰਅਸਲ, ਵਿਧਾਇਕ ਦੀ ਪ੍ਰਾਈਵੇਟ ਇਨੋਵਾ ਕਾਰ ਸੜਕ ’ਤੇ ਗਲਤ ਪਾਸੇ ਪਾਰਕ ਕੀਤੀ ਗਈ ਸੀ, ਜਿਸ ਕਾਰਨ ਚੰਡੀਗੜ੍ਹ ਟਰੈਫ਼ਿਕ ਪੁਲਿਸ ਦੁਆਰਾ ਚਲਾਣ ਕਰ ਦਿੱਤਾ ਗਿਆ। ਹਾਲਾਂਕਿ ਮੌਕੇ ’ਤੇ ਵਿਧਾਇਕ ਦੇ ਨਾਲ ਆਏ ਵਿਅਕਤੀ ਨੂੰ ਤੁਰੰਤ ਆਨ-ਲਾਈਨ ਚਲਾਣ ਦਾ ਭੁਗਤਾਨ ਕਰ ਦਿੱਤਾ ਅਤੇ ਆਪਣੇ ਗਲਤੀ ਵੀ ਸਵੀਕਾਰ ਕਰ ਲਈ।
ਜਿਸ ਵਾਹਨ ਦਾ ਚਲਾਣ ਕੱਟਿਆ ਗਿਆ ਹੈ, ਉਹ ਪੰਜਾਬ ਸਿਵਲ ਸਕਤਰੇਤ ਨੇੜੇ ਗਲਤ ਪਾਸੇ ਪਾਰਕ ਕੀਤਾ ਗਿਆ ਸੀ। ਉੱਥੇ ਅਰਧ ਸੈਨਿਕ ਬਲ ਸੀ. ਆਰ. ਪੀ. ਐੱਫ਼ ਵਲੋਂ ਸਖ਼ਤ ਸੁਰੱਖਿਆ ਰਹਿੰਦੀ ਹੈ, ਜਿਸ ਕਾਰਨ ਜਵਾਨਾਂ ਦੁਆਰਾ ਕਈ ਵਾਰ ਗੱਡੀ ਨੂੰ ਹਟਾਉਣ ਲਈ ਕਿਹਾ ਗਿਆ। ਪਰ ਜਦੋਂ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਗੱਡੀ ਨੂੰ ਹਟਾਇਆ ਨਾ ਗਿਆ ਤਾਂ ਉਨ੍ਹਾਂ ਵਲੋਂ ਗਲਤ ਪਾਰਕ ਕੀਤੀ ਗਈ ਗੱਡੀ ਦੀ ਜਾਣਕਾਰੀ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਕੰਟਰੋਲ ਰੂਮ ’ਤੇ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਟਰੈਫ਼ਿਕ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਵਾਹਨ ਦਾ ਚਲਾਣ ਕੱਟਿਆ ਗਿਆ।
ਕਿਹਾ ਜਾ ਰਿਹਾ ਹੈ ਕਿ ਜਿਸ ਸਮੇਂ ਵਿਧਾਇਕ ਅਮਨਦੀਪ ਸਿੰਘ ਮੁਸਾਫ਼ਰ ਦੀ ਕਾਰ ਸੜਕ ਕਿਨਾਰੇ ਖੜ੍ਹੀ ਸੀ, ਠੀਕ ਉਸੇ ਰਾਹ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫ਼ਲਾ ਮੀਟਿੰਗ ਲਈ ਸਿਵਲ ਸਕਤਰੇਤ ਆਉਣਾ ਸੀ। ਮੁੱਖ ਮੰਤਰੀ ਦੇ ਪ੍ਰੋਟੋਕਾਲ ਅਨੁਸਾਰ ਜਦੋਂ ਵੀ ਉਨ੍ਹਾਂ ਦਾ ਕਾਫ਼ਲਾ ਸੜਕ ਮਾਰਗ ਰਾਹੀਂ ਰਵਾਨਾ ਹੁੰਦਾ ਹੈ ਤਾਂ ਉਸ ਦੌਰਾਨ ਸੜਕ ’ਤੇ ਕੋਈ ਵੀ ਵਾਹਨ ਖੜ੍ਹਾ ਨਹੀਂ ਕੀਤਾ ਜਾ ਸਕਦਾ। ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਵੀ ਚੰਡੀਗੜ੍ਹ ਪੁਲਿਸ ਦੁਆਰਾ ਚਲਾਣ ਕੱਟਿਆ ਗਿਆ ਸੀ।

Comment here