ਸਿਆਸਤਖਬਰਾਂਚਲੰਤ ਮਾਮਲੇ

‘ਆਪ’ ਨੇ ਭਗਵੰਤ ਮਾਨ ਨੂੰ ਸੀਐੱਮ ਐਲਾਨਿਆ

ਭਗਵੰਤ ਮਾਨ ਹੋਏ ਭਾਵੁਕ, ਮਾਂ ਨੇ ਦਿੱਤਾ ਆਸ਼ੀਰਵਾਦ
ਲੰਡਨ, ਕੈਲੇਫੋਰਨੀਆ ਦੇ ਸੁਫ਼ਨੇ ਬਹੁਤ ਦੇਖ ਚੁੱਕੇ, ਹੁਣ ਪੰਜਾਬ ਨੂੰ ਪੰਜਾਬ ਬਨਾਉਣ ਦੀ ਵਾਰੀ-ਮਾਨ
ਪੰਜਾਬ ਨੂੰ ਸ਼ਰਾਬ ਵਾਲਾ ਰਾਜ ਬਣਾਉਣ ਜਾ ਰਹੀ ‘ਆਪ’-ਚੁੱਘ
ਚੰਡੀਗੜ੍ਹ-ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਿਹਰੇ ਲਈ ਭਗਵੰਤ ਮਾਨ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ।ਜਦੋਂ ਕੇਜਰੀਵਾਲ ਨੇ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਤਾਂ ਭਗਵੰਤ ਮਾਨ ਦੀ ਅੱਖਾਂ ਨਮ ਹੋ ਗਈਆਂ। ਸਟੇਜ ’ਤੇ ਭਾਵੁਕ ਹੋਏ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਕਲਾਵੇ ਵਿਚ ਲੈਂਦੇ ਹੋਏ ਸਭ ਦਾ ਧੰਨਵਾਦ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਦਿਸ਼ਾ ਅਤੇ ਦਸ਼ਾ ਬਦਲਣ ਲਈ ਹੀ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਹੈ। ਜ਼ਿੰਦਗੀ ਵਿਚ ਇੰਨਾ ਵੱਡਾ ਬਦਲਾਅ ਆਵੇਗਾ ਕਦੇ ਸੋਚਿਆ ਨਹੀਂ ਸੀ। ਮਾਨ ਨੇ ਕਿਹਾ ਕਿ ਲੋਕ ਮੈਨੂੰ ਪੰਜਾਬ ਨੂੰ ਬਚਾਉਣ ਦੀ ਦੁਹਾਈ ਦਿੰਦੇ ਹਨ ਪਰ ਬਚਾਉਣ ਵਾਲਾ ਮੈਂ ਨਹੀਂ ਪ੍ਰਮਾਤਮਾ ਅਤੇ ਲੋਕ ਹਨ, ਅਸੀਂ ਸਿਰਫ ਜ਼ਰੀਆ ਬਣ ਸਕਦੇ ਹਾਂ।
ਮਾਨ ਨੇ ਕਿਹਾ ਕਿ ਸੁਫ਼ਨੇ ਉਹ ਨਹੀਂ ਹੁੰਦੇ ਜਿਹੜੇ ਸਾਨੂੰ ਸੁੱਤਿਆਂ ਪਿਆਂ ਆਉਂਦੇ ਹਨ, ਸੁਫ਼ਨੇ ਤਾਂ ਉਹ ਹੁੰਦੇ ਹਨ ਜਿਹੜੇ ਸਾਨੂੰ ਸੋਣ ਨਹੀਂ ਦਿੰਦੇ ਅਤੇ ਸਾਨੂੰ ਪੰਜਾਬ ਨੂੰ ਦੋਬਾਰਾ ਪੰਜਾਬ ਬਚਾਉਣ ਦਾ ਸੁਫ਼ਨਾ, ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਸੁਫ਼ਨਾ, ਖੇਤੀ ਨੂੰ ਲਾਹੇਵੰਦ ਬਨਾਉਣ ਦਾ ਸੁਫ਼ਨਾ, ਵਪਾਰੀ ਨੂੰ ਦੋਬਾਰਾ ਅਮਨਸ਼ਾਂਤੀ ਦੇਣ ਦਾ ਸੁਫ਼ਨਾ ਸੋਣ ਨਹੀਂ ਦਿੰਦਾ ਹੈ। ਆਮ ਆਦਮੀ ਪਾਰਟੀ ਟੀਮ ਵਰਕ ਨਾਲ ਕੰਮ ਕਰਦੀ ਹੈ, ਪਾਰਟੀ ਅਤੇ ਲੋਕਾਂ ਨੇ ਅੱਜ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਹੁਣ ਉਹ ਦੁੱਗਣੇ ਹੌਂਸਲੇ ਨਾਲ ਕੰਮ ਕਰਕੇ ਵਿਖਾਉਣਗੇ। ਮਾਨ ਨੇ ਕਿਹਾ ਕਿ ਲੰਡਨ, ਕੈਲੇਫੋਰਨੀਆ ਦੇ ਸੁਫ਼ਨੇ ਬਹੁਤ ਦੇਖ ਚੁੱਕੇ ਹਾਂ ਹੁਣ ਪੰਜਾਬ ਨੂੰ ਪੰਜਾਬ ਬਨਾਉਣ ਦੀ ਵਾਰੀ ਹੈ।
ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਸਰਵੇ ਵਿੱਚ ਪੰਜਾਬ ਦੇ 21 ਲੱਖ ਤੋਂ ਵੱਧ ਲੋਕਾਂ ਦਾ ਫੀਡਬੈਕ ਮਿਲਿਆ ਹੈ। ਜਿਸ ਵਿੱਚ 93 ਫੀਸਦੀ ਲੋਕਾਂ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਮੁਖ ਮੰਤਰੀ ਵੱਜੋਂ ਪਹਿਲੀ ਪਸੰਦ ਕੀਤਾ ਹੈ ਜਦਕਿ ਦੂਜੇ ਨੰਬਰ ਉੱਤੇ ਨਵਜੋਤ ਸਿੱਧੂ ਦਾ ਨਾਮ ਆਇਆ ਹੈ।
ਕੇਜਰੀਵਾਲ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ। ਕੇਜਰੀਵਾਲ ਨੇ ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਦੱਸਿਆ। ਆਮ ਆਦਮੀ ਪਾਰਟੀ ਨੇ 17 ਜਨਵਰੀ ਨੂੰ ਸ਼ਾਮ 5 ਵਜੇ ਤੱਕ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਲੋਕਾਂ ਤੋਂ ਰਾਏ ਮੰਗੀ ਸੀ। ‘ਆਪ’ ਦਾ ਦਾਅਵਾ ਹੈ ਕਿ ਪੰਜਾਬ ‘ਚ ‘ਆਪ’ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ ਲਈ 21 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਰਾਏ ਭੇਜੀ ਹੈ। ਦਾਅਵੇ ਮੁਤਾਬਕ 17 ਜਨਵਰੀ ਤੱਕ 21.59 ਲੱਖ ਲੋਕਾਂ ਨੇ ਵਟਸਐਪ, ਕਾਲ ਅਤੇ ਮੈਸੇਜ ‘ਤੇ ਮੁੱਖ ਮੰਤਰੀ ਉਮੀਦਵਾਰ ਦੇ ਚਿਹਰੇ ‘ਤੇ ਸੁਝਾਅ ਦਿੱਤੇ ਹਨ।
ਭਗਵੰਤ ਮਾਨ ਦਾ ਸਿਆਸੀ ਸਫ਼ਰ
ਭਗਵੰਤ ਮਾਨ ਦਾ ਜਨਮ 17 ਅਕਤੂਬਰ 1972 ਨੂੰ ਸਤੌਜ, ਜ਼ਿਲ੍ਹਾ ਸੰਗਰੂਰ, ਪੰਜਾਬ, ਵਿਖੇ ਹੋਇਆ। ਭਗਵੰਤ ਮਾਨ ਇੱਕ ਹਾਸਰਸ ਕਲਾਕਾਰ ਅਤੇ ਸਿਆਸਤਦਾਨ ਹੈ। ਉਹ ਪੰਜਾਬੀ ਵਿੱਚ ਆਪਣੀਆਂ ਸਕਿੱਟਾਂ ਕਰ ਕੇ ਵਧੇਰੇ ਮਸ਼ਹੂਰ ਹੋਏ ਹਨ। ਭਗਵੰਤ ਮਾਨ ਨੇ ਆਪਣਾ ਕਮੇਡੀਅਨ ਵਜੋਂ ਕੈਰੀਅਰ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਅਤੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਭਾਗ ਲੈਣ ਤੋਂ ਸ਼ੁਰੂ ਕੀਤਾ ਸੀ। ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਸੁਨਾਮ ਕਾਲਜ ਲਈ ਦੋ ਗੋਲਡ ਮੈਡਲ ਜਿੱਤੇ। ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਤੋਂ 16ਵੀਂ ਲੋਕ ਸਭਾ ਦੇ ਸਾਂਸਦ ਹਨ।
ਸੰਸਦ ਮੈਂਬਰ ਭਗਵੰਤ ਮਾਨ 2014 ਤੋਂ ਸੰਗਰੂਰ ਲੋਕ ਸਭਾ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਹਨ। 2011 ਵਿਚ ਭਗਵੰਤ ਮਾਨ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਿਆਸੀ ਪਾਰਟੀ ਪੀ. ਪੀ. ਪੀ. ਰਾਹੀਂ ਸਰਗਰਮ ਸਿਆਸਤ ਵਿਚ ਕਦਮ ਰੱਖਿਆ। 2012 ਵਿਚ ਉਨ੍ਹਾਂ ਨੇ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਪਰ ਚੋਣ ਹਾਰ ਗਏ। ਫਿਰ ਭਗਵੰਤ ਮਾਨ ਨੇ ਮਾਰਚ 2014 ਵਿਚ ਆਮ ਆਦਮੀ ਪਾਰਟੀ (ਆਪ) ਜੁਆਇਨ ਕਰ ਲਈ ਅਤੇ ‘ਆਪ’ ਦੀ ਟਿਕਟ ‘ਤੇ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜੀ।
ਇਸ ਚੋਣ ਵਿਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮਹਾਰਥੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ ਵੋਟਾਂ ਨਾਲ ਹਰਾ ਕੇ ਪੰਜਾਬ ਦੀ ਸਿਆਸਤ ਵਿਚ ਨਵਾਂ ਰਿਕਾਰਡ ਬਣਾਇਆ। 2017 ਦੀਆਂ ਚੋਣਾਂ ਵਿਚ ਭਗਵੰਤ ਮਾਨ ‘ਆਪ’ ਦੇ ਸਟਾਰ ਪ੍ਰਚਾਰ ਦੇ ਨਾਲ ਹੀ ਜਲਾਲਾਬਾਦ ਤੋਂ ਚੋਣ ਲੜਨ ਨੂੰ ਲੈ ਕੇ ਸੁਰਖੀਆਂ ਵਿਚ ਹਨ। 2019 ਵਿਚ ਭਗਵੰਤ ਮਾਨ ਨੇ ਫਿਰ ਆਮ ਆਦਮੀ ਪਾਰਟੀ ਤੋਂ ਸੰਗਰੂਰ ਜ਼ਿਲ੍ਹੇ ਤੋਂ ਲੋਕ ਸਭਾ ਚੋਣ ਲੜੀ। ਸੰਗਰੂਰ ਤੋਂ ਮਾਨ ਨੇ ਵੱਡੀ ਗਿਣਤੀ ’ਚ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਉਹ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਵਿਚੋਂ ਸੰਸਦ ਮੈਂਬਰ ਹਨ।
ਭਾਵੁਕ ਹੋਈ ਭਗਵੰਤ ਮਾਨ ਦੀ ਮਾਂ
ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਵੱਲੋਂ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ। ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਭਗਵੰਤ ਮਾਨ ਦੇ ਨਾਂ ਦਾ ਰਸਮੀ ਐਲਾਨ ਕੀਤਾ। ਇਸ ਐਲਾਨ ਪਿੱਛੋਂ ਜਿਥੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਭਗਵੰਤ ਮਾਨ ਦੀ ਮਾਤਾ ਸਟੇਜ ਤੋਂ ਸੰਬੋਧਨ ਕਰਦੇ ਸਮੇਂ ਭਾਵੁਕ ਹੋ ਗਈ। ਉਨ੍ਹਾਂ ਨੇ ਇਸ ਐਲਾਨ ਪਿੱਛੋਂ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਪਰਮਾਤਮਾ ਅੱਗੇ ਪੁੱਤ ਦੇ ਸਿਰ ਉਤੇ ਮਿਹਰ ਭਰਿਆ ਹੱਥ ਰੱਖਣ ਦੀ ਅਰਦਾਸ ਕੀਤੀ।

ਮਾਨ ਨੂੰ ਸ਼ਰਾਬੀ ਕਹਿਣ ’ਤੇ ਕਾਂਗੜ ਤੇ ਬਲਕਾਰ ਸਿੱਧੂ ਖਹਿਬੜੇ

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਕਾਂਗੜ ਵੱਲੋ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ ਤੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਦੀ ਕਿਰਦਾਰ ਕੁਸੀ ਕਰਦਿਆ ਕਾਂਗੜ ਨੇ ਕਿਹਾ ਆਪ ਨੇਤਾ ਨੂੰ ਤਾਂ ਉਸਦੇ ਬਾਡੀਗਾਰਡ ਚੁੱਕ ਕੇ ਲਿਆਉਦੇ ਹਨ। ਇਸ ਤੇ ਪ੍ਰਤੀਕਰਮ ਦਿੰਦਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਅਸਲ ਵਿੱਚ ਕਾਂਗਰਸ ਦੇ ਉਮੀਦਵਾਰ ਕਾਂਗੜ ਨੂੰ ਆਪਣੀ ਹਾਰ ਹੁੰਦੀ ਸਪੱਸ਼ਟ ਨਜਰ ਆ ਰਹੀ ਹੈ ਕਿਉਕਿ ਮੌਜੂਦਾ ਸਮੇਂ ਹਲਕੇ ਵਿਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ  ਹੀ ਟੱਕਰ ਰਹਿ ਗਈ ਇਸੇ ਕਾਰਨ ਕਾਂਗਰਸ ਦਾ ਉਮੀਦਵਾਰ ਕਾਂਗੜ ਅਜਿਹੀ ਨੀਵੇ ਪੱਧਰ ਦੀ ਬਿਆਨ ਬਾਜੀ ਕਰ ਰਿਹਾ, ਕਿਉਕਿ ਪਿੰਡਾਂ ਦੇ ਲੋਕ ਹਲਕੇ ਵਿੱਚ ਵੜਨ ਨਹੀ ਦਿੰਦੇ ਸ਼ਹਿਰ ਦੇ ਲੋਕ ਹੁਣ ਕਾਂਗੜ ਨੂੰ ਮੂੰਹ ਨਹੀ ਲਾ ਰਹੇ। ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੱਥੋ ਆਪਣੀ ਹਾਰ ਹੁੰਦੀ ਵੇਖ ਕਾਂਗਰਸ ਦਾ ਉਮੀਦਵਾਰ ਕਾਂਗੜ ਹੁਣ ਆਪ ਦੁਪਹਿਰ ਤੋ ਬਾਅਦ ਖੁਦ ਸਰਾਬ ਨਾਲ ਟੱਲੀ ਹੋ ਜਾਂਦਾ ਜਿਹੜਾ ਆਗੂ ਖੁਦ ਸਰਾਬੀ ਹੋਵੇ, ਉਹ ਦੂਸਰਿਆਂ ਤੇ ਚਿੱਕੜ ਉਛਾਲਣ ਦੀ ਹਿਕਾਮਤ ਨਾ ਕਰੇ। ਉਹਨਾਂ ਕੋਲ ਕਾਂਗੜ ਦੇ ਸਰਾਬੀ ਹੋਣ ਦੇ ਸਬੂਤ ਹਨ। ਬਲਕਾਰ ਸਿੱਧੂ ਨੇ ਭਗਵੰਤ ਮਾਨ ਨੂੰ ਸਰਾਬੀ ਕਹਿਣ ਵਾਲੇ ਕਾਂਗੜ ਦੇ ਪੋਤੜੇ ਫਰੋਲਦਿਆ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ਜਿਸ ਵਿਚ ਆਪ 36 ਛੇਕ ਨੇ, ਕਾਂਗੜ ਦਾ ਖੁਦ ਖਾਨਦਾਨੀ ਕਾਰੋਬਾਰ ਸਰਾਬ ਦਾ ਰਿਹਾ ਹਲਕੇ ਵਿੱਚ ਅੱਜ ਵੀ ਕਾਂਗੜ ਨੂੰ ਬਲੈਕੀਏ ਦਾ ਪੁੱਤ ਕਿਹਾ ਜਾਂਦਾ।ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕਾਂਗਰਸ ਦੇ ਉਮੀਦਵਾਰ ਕਾਂਗੜ ਨੇ ਕੈਬਨਿਟ ਮੰਤਰੀ ਰਹਿੰਦਿਆ ਹਲਕੇ ਦਾ ਕੁੱਝ ਨਹੀ ਸਵਾਰਿਆ ਤੇ ਉਹ ਹੁਣ ਵੋਟਰਾਂ ਦਾ ਧਿਆਨ ਵੰਡਣ ਲਈ ਇਸ ਤਰ੍ਹਾਂ ਦੀ ਨੀਵੇ ਪੱਧਰ ਦੀ ਬਿਆਨਬਾਜੀ ਕਰ ਰਿਹਾ ਜਦੋ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਭਗਵੰਤ ਮਾਨ ਸਮੁੱਚੇ ਪੰਜਾਬੀਆਂ ਦਾ ਹਰਮਨ ਪਿਆਰਾ ਨੇਤਾ ਬਣ ਚੁੱਕਿਆ।

ਉਹਨਾਂ ਕਿਹਾ ਕਿ ਹਲਕੇ ਦੇ ਲੋਕ ਹੁਣ ਸਮਝ ਚੁੱਕੇ ਨੇ ਉਹ ਕਾਂਗੜ ਦੀ ਝੂਠੀ ਬਿਆਨਬਾਜ਼ੀ ਵਿੱਚ ਫਸਣ ਵਾਲੇ ਨਹੀ ਹਲਕੇ ਦੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਬਣ ਚੁੱਕੀ ਹੈ, ਰੋਜਾਨਾ ਸੈਕੜੇ ਪਰਿਵਾਰ ਆਪ ਚ ਸਾਮਲ ਹੋ ਰਹੇ ਨੇ ਪਿੰਡ ਮਹਿਰਾਜ ਤੇ ਰਾਮਪੁਰਾ ਸਹਿਰ ਜਿਥੇ ਹਮੇਸ਼ਾ ਕਾਂਗਰਸ ਨੇ ਲੀਡ ਲਈ ਇਸ ਵਾਰ ਆਮ ਆਦਮੀ ਪਾਰਟੀ ਹੂੰਝਾ ਫੇਰੇਗੀ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਹਲਕੇ ਦੇ ਲੋਕ ਇਹ ਸੀਟ ਵੀ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ।
ਮਾਨ ਨੂੰ ਚੁਣ ਕੇ ‘ਆਪ’ ਨੇ ਸ਼ਰਾਬ ਨੀਤੀ ਐਲਾਨੀ : ਭਾਜਪਾ
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ‘ਆਪ’ ਨੇ ਆਪਣਾ ਮੁੱਖ ਮੰਤਰੀ ਚਿਹਰਾ ਐਲਾਨ ਕੇ ਖੁੱਲ੍ਹੇਆਮ ਐਲਾਨ ਕਰ ਦਿੱਤਾ ਹੈ ਕਿ ਉਹ ਪੰਜਾਬ ਨੂੰ ਸ਼ਰਾਬ ਵਾਲਾ ਰਾਜ ਬਣਾਉਣ ਜਾ ਰਹੀ ਹੈ। ਚੁੱਘ ਨੇ ਕਿਹਾ ਕਿ ‘ਆਪ’ ਨੇ ਪਹਿਲਾਂ ਹੀ ਹਰ ਕੋਨੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਕੇ ਦਿੱਲੀ ਨੂੰ ਸ਼ਰਾਬ ਦਾ ਰਾਜ ਬਣਾ ਦਿੱਤਾ ਸੀ ਅਤੇ ਹੁਣ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਕੇ ਪਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਮਾਫੀਆ ਕਲਚਰ ਨੂੰ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਇਸ ਐਲਾਨ ਨਾਲ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਨੇ ਵੀ ਆਪਣੀ ‘ਸ਼ਰਾਬ ਨੀਤੀ’ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਫੈਸਲਾ ਜਨਤਾ ਦੀਆਂ ਵੋਟਾਂ ਨਾਲ ਹੁੰਦਾ ਹੈ, ਨਾ ਕਿ ਮਿਸਡ ਕਾਲਾਂ ਰਾਹੀਂ। ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦੇ ਐਲਾਨ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਆਪਣੀ ਸ਼ਰਾਬ ਨੀਤੀ ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਪਾਰਟੀ ਨਸ਼ਿਆਂ ਨਾਲ ਲੜ ਰਹੇ ਪੰਜਾਬ ਨੂੰ ਨਸ਼ਿਆਂ ਵੱਲ ਧੱਕਣਾ ਚਾਹੁੰਦੀ ਹੈ।’ ਚੁੱਘ ਨੇ ਕਿਹਾ ਕਿ ਪੰਜਾਬ ਦੇ ਲੋਕ ਫੈਸਲਾ ਕਰਨਗੇ ਕਿ ਕਿਸ ਨੂੰ ਹੀਰੋ ਬਣਾਉਣਾ ਹੈ। ਉਨ੍ਹਾਂ ਦੋਸ਼ ਲਾਇਆ, ‘ਜਿਸ ਵਿਅਕਤੀ ਵਿਰੁੱਧ ਉਸੇ ਦੀ ਪਾਰਟੀ ਦੇ ਸਾਥੀ ਨੇ ਲਿਖਤੀ ਦਰਖ਼ਾਸਤ ਦਿੱਤੀ ਸੀ ਕਿ ਉਸ (ਮਾਨ) ਨਾਲ ਬੈਠਣਾ ਮੁਸ਼ਕਲ ਹੈ, ਕਿਉਂਕਿ ਉਸ ਦੇ ਮੂੰਹੋਂ ਸ਼ਰਾਬ ਦੀ ਬਦਬੂ ਆਉਂਦੀ ਹੈ। ਅਜਿਹੇ ਲੋਕ ਪੰਜਾਬ ਦਾ ਕੀ ਕਰਨਗੇ? ਉਹ ਜਾਣਦਾ ਹੈ ਅਤੇ ਆਪਣੀਆਂ ਵੋਟਾਂ ਨਾਲ ਇਸ ਦਾ ਜਵਾਬ ਦੇਣਗੇ।’

 

 

Comment here