ਅਪਰਾਧਸਿਆਸਤਖਬਰਾਂਚਲੰਤ ਮਾਮਲੇ

‘ਆਪ’ ਦੇ 40 ਵਿਧਾਇਕਾਂ ਨੂੰ 800 ਕਰੋੜ ਰੁਪਏ ਦੀ ਪੇਸ਼ਕਸ਼-ਕੇਜਰੀਵਾਲ

ਨਵੀਂ ਦਿੱਲੀ-‘‘ਦਿੱਲੀ ਦੇ 40 ਵਿਧਾਇਕਾਂ ਨੂੰ ਭਾਜਪਾ ਨੇ ਨਿਸ਼ਾਨਾ ਬਣਾਇਆ ਹੈ ਅਤੇ ਉਹਨਾਂ ਨੂੰ ਪੱਖ ਬਦਲਣ ਲਈ 20-20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ ਜਦਕਿ ਸਾਰੇ 62 ਵਿਧਾਇਕ ਪਾਰਟੀ ਨਾਲ ਹਨ।’’ ਇਹ ਸ਼ਬਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਹੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 800 ਕਰੋੜ ਰੁਪਏ ’ਚ ਆਮ ਆਦਮੀ ਪਾਰਟੀ ਦੇ 40 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹਨਾਂ 800 ਕਰੋੜ ਰੁਪਏ ਦੇ ਸਰੋਤ ‘ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਇਹ 800 ਕਰੋੜ ਕਿਸ ਦੇ ਹਨ, ਕਿੱਥੇ ਰੱਖੇ ਹਨ?
ਆਪਣੀ ਰਿਹਾਇਸ਼ ‘ਤੇ ‘ਆਪ’ ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ  ਕੇਜਰੀਵਾਲ ਆਪਣੇ ਵਿਧਾਇਕਾਂ ਨਾਲ ਭਾਜਪਾ ਦੇ ‘ਆਪ੍ਰੇਸ਼ਨ ਲੋਟਸ’ ਦੀ ਅਸਫਲਤਾ ਲਈ ਪ੍ਰਾਰਥਨਾ ਕਰਨ ਮਹਾਤਮਾ ਗਾਂਧੀ ਦੇ ਸਮਾਰਕ ਸਥਾਨ ਰਾਜਘਾਟ ‘ਤੇ ਗਏ। ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਸੀਬੀਆਈ ਨੇ ਮੇਰੇ ਉਪ ਮੁੱਖ ਮੰਤਰੀ ਦੇ ਘਰ ਦੇ ਗੱਦਿਆਂ ਅਤੇ ਕੰਧਾਂ ਦੀ ਵੀ ਤਲਾਸ਼ੀ ਲਈ ਪਰ ਇਕ ਵੀ ਰੁਪਿਆ ਨਹੀਂ, ਜਿਸ ਦਾ ਕੋਈ ਹਿਸਾਬ ਨਾ ਹੋਵੇ।”
ਉਹਨਾਂ ਦਾਅਵਾ ਕੀਤਾ, “ਸੀਬੀਆਈ ਦੇ ਛਾਪੇ ਤੋਂ ਇਕ ਦਿਨ ਬਾਅਦ ਭਾਜਪਾ ਨੇ ਸਿਸੋਦੀਆ ਕੋਲ ਪਹੁੰਚ ਕੀਤੀ ਅਤੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਅਤੇ ਕੇਜਰੀਵਾਲ ਨੂੰ ਧੋਖਾ ਦੇਣ ਲਈ ਕਿਹਾ”। ‘ਆਪ’ ਮੁਖੀ ਨੇ ਕਿਹਾ, ”ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਕੋਲ ਮਨੀਸ਼ ਸਿਸੋਦੀਆ ਹਨ, ਜਿਨ੍ਹਾਂ ਦੀ ਮੁੱਖ ਮੰਤਰੀ ਅਹੁਦੇ ਦੀ ਕੋਈ ਇੱਛਾ ਨਹੀਂ ਹੈ। ਲੋਕਾਂ ਨੇ ਦਿੱਲੀ ਵਿਚ ਇਕ ‘ਕੱਟੜ ਇਮਾਨਦਾਰ’ ਸਰਕਾਰ ਚੁਣੀ ਹੈ, ਜੋ ਉਹਨਾਂ ਨਾਲ ਧੋਖਾ ਨਹੀਂ ਕਰੇਗੀ”।

Comment here