ਲੁਧਿਆਣਾ- ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਲੜਨ ਲਈ ਹਰ ਗਰੀਬ-ਅਮੀਰ, ਆਮ-ਖਾਸ ਨੂੰ ਮੋਕਾ ਦਿੱਤਾ । ਕਰੀਬ ਦੋ ਦਰਜਨ ਵਿਧਾਇਕ ਤਾਂ ਨਿਮਨ ਕਿਰਤੀ ਵਰਗ ਵਿੱਚੋਂ ਆਏ, ਜਿਨ੍ਹਾਂ ਦਾ ਨਾ ਤਾਂ ਕੋਈ ਸਿਆਸੀ ਪਿਛੋਕੜ ਹੈ ਅਤੇ ਨਾ ਹੀ ਉਹ ਕਿਸੇ ਅਮੀਰ ਘਰਾਣੇ ਨਾਲ ਸਬੰਧਤ ਹਨ। ‘ਆਪ’ ਸਰਕਾਰ ਵਿੱਚ ਕਾਸ਼ਤਕਾਰੀ ਨਾਲ ਜੁੜੇ ਦਰਜਨ ਭਰ ਵਿਧਾਇਕ ਹਨ, ਜਦਕਿ 15 ਵਕੀਲ, 10 ਡਾਕਟਰ ਤੇ ਦੋ ਦਰਜਨ ਵੱਡੇ ਕਾਰੋਬਾਰੀ ਸ਼ਾਮਲ ਹਨ। ਮਾਲੇਰਕੋਟਲਾ ਤੋਂ ‘ਆਪ’ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਦੀ ਵਿਦਿਅਕ ਯੋਗਤਾ ਪੀਐੱਚਡੀ ਹੈ, ਜਦਕਿ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਕੋਲ ਚਾਰ ਮਾਸਟਰ ਡਿਗਰੀਆਂ ਹਨ। ਇਸੇ ਤਰ੍ਹਾਂ ਦਰਜਨ ਤੋਂ ਵੱਧ ਵਕਾਲਤ ਪਾਸ ਵਿਧਾਇਕਾਂ ਵਿੱਚ ਸ੍ਰੀ ਹਰਗੋਬਿੰਦਪੁਰ ਤੋਂ ਅਮਰਪਾਲ ਸਿੰਘ, ਜੰਡਿਆਲਾ ਤੋਂ ਹਰਭਜਨ ਸਿੰਘ, ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੈ ਪ੍ਰਤਾਪ ਸਿੰਘ, ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ, ਆਤਮਨਗਰ ਤੋਂ ਕੁਲਵੰਤ ਸਿੰਘ ਸਿੱਧੂ, ਦਸੂਹਾ ਤੋਂ ਕਰਮਬੀਰ ਸਿੰਘ, ਸ੍ਰੀ ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ, ਰੂਪਨਗਰ ਤੋਂ ਦਿਨੇਸ਼ ਕੁਮਾਰ ਚੱਢਾ, ਫਤਹਿਗੜ੍ਹ ਸਾਹਿਬ ਤੋਂ ਲਖਵੀਰ ਸਿੰਘ ਰਾਏ, ਜਲਾਲਾਬਾਦ ਤੋਂ ਜਗਦੀਪ ਗੋਲਡੀ ਕੰਬੋਜ, ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬਣਾਂਵਾਲੀ, ਬਠਿੰਡਾ ਤੋਂ ਜਗਰੂਪ ਸਿੰਘ ਗਿੱਲ, ਦਿੜਬਾ ਤੋਂ ਹਰਪਾਲ ਸਿੰਘ ਚੀਮਾ, ਹਲਕਾ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਅਤੇ ਫਿਰੋਜ਼ਪੁਰ ਦਿਹਾਤੀ ਤੋਂ ਰਜਨੀਸ਼ ਕੁਮਾਰ ਦਹੀਆ ਸ਼ਾਮਲ ਹਨ। ਸ੍ਰੀ ਮੁਕਤਸਰ ਸਾਹਿਬ ਤੋਂ ਜਗਦੀਪ ਸਿੰਘ ਕਾਕਾ ਬਰਾੜ, ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਖੇਮਕਰਨ ਤੋਂ ਸਰਵਣ ਸਿੰਘ ਧੁੰਨ, ਸਮਰਾਲਾ ਤੋਂ ਜਗਤਾਰ ਸਿੰਘ ਦਿਆਲਪੁਰ, ਫਿਰੋਜ਼ਪੁਰ ਤੋਂ ਰਣਬੀਰ ਸਿੰਘ, ਫਰੀਦਕੋਟ ਗੁਰਦਿੱਤ ਸਿੰਘ ਸੇਖੋਂ, ਡੇਰਾਬਸੀ ਤੋਂ ਕੁਲਜੀਤ ਸਿੰਘ ਰੰਧਾਵਾ, ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਅਤੇ ਸਮਾਣਾ ਤੋਂ ਚੇਤਨ ਸਿੰਘ ਜੌੜਾ ਮਾਜਰਾ, ਇਹ ਸਾਰੇ ਖੇਤੀਬਾੜੀ ਕਿੱਤੇ ਨਾਲ ਜੁੜੇ ਵਿਧਾਇਕਾਂ ਹਨ। ਮੈਡੀਕਲ ਖੇਤਰ ਨਾਲ ਜੁੜੇ 10 ਵਿਧਾਇਕ ਵਿਧਾਨ ਸਭਾ ’ਚ ਆਏ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਡਾ. ਅਜੈ ਗੁਪਤਾ ਐੱਮਬੀਬੀਐੱਸ, ਹਲਕਾ ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ ਐੱਮਡੀ, ਮੋਗਾ ਹਲਕੇ ਤੋਂ ਡਾ. ਅਮਨਦੀਪ ਕੌਰ ਅਰੋੜਾ ਐੱਮਬੀਬੀਐੱਸ, ਮਲੋਟ ਤੋਂ ਡਾ. ਬਲਜੀਤ ਕੌਰ ਅੱਖਾਂ ਦੀ ਸਰਜਨ, ਅੰਮ੍ਰਿਤਸਰ ਪੱਛਮੀ ਹਲਕੇ ਤੋਂ ‘ਆਪ’ ਦੇ ਡਾ. ਜਸਬੀਰ ਸਿੰਘ ਸੰਧੂ, ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਐੱਮਐੱਸ (ਈਐੱਨਟੀ), ਅੰਮ੍ਰਿਤਸਰ ਦੱਖਣੀ ਹਲਕੇ ਤੋਂ ‘ਆਪ’ ਦੇ ਡਾ. ਇੰਦਰਬੀਰ ਨਿੱਝਰ ਐੱਮਡੀ, ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਦੰਦਾਂ ਦੇ ਡਾਕਟਰ, ਪਟਿਆਲਾ ਦਿਹਾਤੀ ਤੋਂ ਵਿਧਾਇਕ ਬਣੇ ਡਾ. ਬਲਬੀਰ ਸਿੰਘ ਅੱਖਾਂ ਦੇ ਸਰਜਨ ਅਤੇ ਹਲਕਾ ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਐੱਮਡੀ ਹਨ। ਇਸਤੋਂ ਇਲਾਵਾ ਭੋਆ ਤੋਂ ਲਾਲ ਚੰਦ ਕਟਾਰੂ ਮਜ਼ਦੂਰੀ ਕਰਦੇ ਹਨ। ਬਟਾਲਾ ਤੋਂ ਸ਼ੇਰੂ ਕਲਸੀ ਸਾਧਾਰਨ ਮਿਹਨਤ ਮਜ਼ਦੂਰੀ ਕਰਦੇ ਹਨ। ਬਾਬਾ ਬਕਾਲਾ ਤੋਂ ਦਲਬੀਰ ਸਿੰਘ ਟੌਂਗ ਸਕੂਲ ਵੈਨ ਚਲਾਉਂਦੇ ਹਨ। ਹਲਕਾ ਬਲਾਚੌਰ ਤੋਂ ਸੰਤੋਸ਼ ਕੁਮਾਰੀ ਕਟਾਰੀਆ ਟਿਊਸ਼ਨਾਂ ਕਰਕੇ ਗੁਜ਼ਾਰਾ ਕਰਦੇ ਹਨ। ਲੁਧਿਆਣਾ ਪੂਰਬੀ ਤੋਂ ਦਲਜੀਤ ਸਿੰਘ ਗਰੇਵਾਲ ਦਾ ਆਟਾ ਚੱਕੀ ਦਾ ਕਾਰੋਬਾਰ ਹੈ। ਹਲਕਾ ਰਾਏਕੋਟ ਤੋਂ ਹਾਕਮ ਸਿੰਘ ਠੇਕੇਦਾਰ ਹਨ। ਭਦੌੜ ਤੋਂ ਲਾਭ ਸਿੰਘ ਉਗੋਕੇ ਮੋਬਾਈਲ ਰਿਪੇਅਰ ਦਾ ਕੰਮ ਕਰਦੇ ਹਨ। ਹਲਕਾ ਸ਼ੁਤਰਾਣਾ ਤੋਂ ਕੁਲਵੰਤ ਸਿੰਘ ਬਾਜ਼ੀਗਰ ਹਲਵਾਈ ਦਾ ਕੰਮ ਕਰਦੇ ਹਨ। ਗਾਇਕੀ ਦੇ ਕਿੱਤੇ ਨਾਲ ਜੁੜੇ ਵਿਧਾਇਕਾਂ ਵਿੱਚ ਹਲਕਾ ਖਰੜ ਤੋਂ ਅਨਮੋਲ ਗਗਨ ਮਾਨ, ਰਾਮਪੁਰਾ ਫੂਲ ਤੋਂ ਬਲਕਾਰ ਸਿੱਧੂ, ਹਲਕਾ ਨਾਭਾ ਤੋਂ ਗੁਰਦੇਵ ਸਿੰਘ ਦੇਵ ਮਾਨ ਸ਼ਾਮਲ ਹਨ।
Comment here