ਸਿਆਸਤਖਬਰਾਂਚਲੰਤ ਮਾਮਲੇ

ਆਪ ਦੇ ਖੇਮੇ ਚ ਸਿਮਰਨਜੀਤ ਮਾਨ ਦਾ ਜੇਤੂ ਰਥ

ਮਾਨ ਨੇ ਗੁਰਮੇਲ ਘਰਾਚੋਂ ਨੂੰ 5822 ਵੋਟਾਂ ਨਾਲ ਹਰਾਇਆ
14 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
ਵਿਸ਼ੇਸ਼ ਰਿਪੋਰਟ-ਜਸਪਾਲ ਸਿੰਘ
ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੌਰਾਨ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਫਸਵੇਂ ਮੁਕਾਬਲੇ ’ਚ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 5822 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਸਿਮਰਨਜੀਤ ਸਿੰਘ ਮਾਨ ਨੇ 253154 ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਗੁਰਮੇਲ ਸਿੰਘ ਘਰਾਚੋਂ ਨੂੰ 247332 ਵੋਟਾਂ ਹੀ ਹਾਸਲ ਹੋਈਆਂ। ਵੋਟਾਂ ਦੀ ਗਿਣਤੀ ਦੌਰਾਨ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ ’ਚ ਪੂਰੀ ਤਰ੍ਹਾਂ ਕਾਟੇ ਦੀ ਟੱਕਰ ਰਹੀ। ਗੁਰਮੇਲ ਸਿੰਘ ਘਰਾਚੋਂ ਕਈ ਵਾਰ ਤਾਂ ਸਿਮਰਨਜੀਤ ਸਿੰਘ ਮਾਨ ਤੋਂ ਅੱਗੇ ਵੀ ਨਿਕਲੇ ਪਰ ਅਖਰੀਲੇ ਗੇੜਾਂ ਦੀ ਗਿਣਤੀ ’ਚ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਲੀਡ ਬਰਕਰਾਰ ਰੱਖਦੇ ਹੋਏ ਜਿੱਤ ਪ੍ਰਾਪਤ ਕੀਤੀ। ਉੱਥੇ ਅਕਾਲੀ ਦਲ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਰਿਹਾ ਹੈ, ਉਹ ਵਿਧਾਨ ਸਭਾ ਚੋਣਾਂ ਤੋਂ ਸੰਗਰੂਰ ਦੀ ਜ਼ਿਮਨੀ ਚੋਣ ’ਚ ਫਾਡੀ ਰਿਹਾ।
ਮਾਨ 22 ਸਾਲਾਂ ਬਾਅਦ ਚੜ੍ਹਨਗੇ ਲੋਕ ਸਭਾ ਦੀਆਂ ਪੌੜੀਆਂ
ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਸੰਸਦ ਮੈਂਬਰ ਬਣੇ ਸਿਮਰਨਜੀਤ ਮਾਨ 22 ਸਾਲਾਂ ਬਾਅਦ ਲੋਕ ਸਭਾ ਦੀਆਂ ਪੌੜੀਆਂ ਚੜ੍ਹਣਗੇ। ਇਹ ਦੱਸਣਯੋਗ ਹੈ ਕਿ ਸਿਮਰਨਜੀਤ ਮਾਨ ਪਹਿਲੀ ਵਾਰ 1989 ’ਚ ਤਰਨਤਾਰਨ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ ਅਤੇ ਸੰਸਦ ’ਚ ਕਿਰਪਾਨ ਲੈ ਕੇ ਜਾਣ ਦੀ ਜ਼ਿੱਦ ਕਾਰਨ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ।ਉਸ ਤੋਂ 10 ਸਾਲ ਬਾਅਦ 1999 ਦੌਰਾਨ ਸੰਗਰੂਰ ਤੋਂ ਐਮ.ਪੀ ਬਣੇ। ਹਾਲਾਂਕਿ ਉਸ ਤੋਂ ਬਾਅਦ ਸਿਮਰਨਜੀਤ ਮਾਨ ਸੰਗਰੂਰ ਤੋਂ ਇਲਾਵਾ ਹੋਰ ਸੀਟਾਂ ਤੋਂ ਕਈ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਪਰ ਕਦੇ ਜਿੱਤ ਨਹੀਂ ਸਕੇ। ਹੁਣ 22 ਸਾਲਾਂ ਬਾਅਦ ਜ਼ਿਮਨੀ ਚੋਣ ਜਿੱਤਣ ਕਾਰਨ ਲੋਕ ਸਭਾ ਦੀਆਂ ਪੌੜੀਆਂ ਚੜ੍ਹਨਗੀਆਂ।
ਗੋਲਡੀ ਤੇ ਕਮਲਦੀਪ ਕੌਰ ਸਣੇ 14 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਜੇਕਰ ਮੁੱਖ ਪਾਰਟੀਆਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਫਾਡੀ ਰਿਹਾ। ਪਾਰਟੀ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਸਿਰਫ 44428 ਵੋਟਾਂ ਹਾਸਲ ਹੋਈਆਂ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਸ ਤੋਂ ਇਲਾਵਾ ਕਾਂਗਰਸ ਦੇ ਨੌਜਵਾਨ ਉਮੀਦਵਾਰ ਤੇ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ 79668 ਵੋਟਾਂ ਮਿਲੀਆਂ ਅਤੇ ਉਨ੍ਹਾਂ ਦੀ ਵੀ ਜ਼ਮਾਨਤ ਜ਼ਬਤ ਹੋ ਗਈ। ਪੰਜਾਬ ’ਚ ਆਪਣਾ ਆਧਾਰ ਬਣਾ ਰਹੀ ਭਾਜਪਾ ਨੂੰ ਵੀ ਝਟਕਾ ਲੱਗਿਆ। ਪਾਰਟੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਚੌਥੇ ਨੰਬਰ ’ਤੇ ਰਹੇ ਅਤੇ 66298 ਵੋਟਾਂ ਨਾਲ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਸ ਤੋਂ ਇਲਾਵਾ ਹੋਰ ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਦੀਆਂ ਗੱਲਾਂ ਕਰੀਏ ਤਾਂ ਉਨ੍ਹਾਂ ਦੀਆਂ ਵੀ ਜ਼ਮਾਨਤਾਂ ਜ਼ਬਤ ਹੋ ਗਈਆਂ। ਇਨ੍ਹਾਂ ‘ਚ ਹਸਨ ਮੁਹੰਮਦ (ਆਪਣੀ ਏਕਤਾ ਪਾਰਟੀ), ਜਗਮੋਹਨ ਸਿੰਘ (ਪੀਪਲਜ਼ ਆਫ਼ ਇੰਡੀਆ ਡੈਮੋਕ੍ਰੇਟਿਕ ਪਾਰਟੀ), ਅਜੈ ਕੁਮਾਰ, ਅਮਨਦੀਪ ਕੌਰ ਉੱਪਲ, ਸ਼ਕਤੀ ਕੁਮਾਰ ਗੁਪਤਾ, ਸੁਨੈਨਾ, ਕੁਲਵੀਰ ਸਿੰਘ, ਗਗਨਦੀਪ ਸਿੰਘ, ਜਗਪਾਲ ਸਿੰਘ, ਪੱਪੂ ਕੁਮਾਰ, ਰਤਨ ਲਾਲ ਸਿੰਗਲਾ (ਸਾਰੇ ਆਜ਼ਾਦ ਉਮੀਦਵਾਰ) ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
ਹਾਰਨ ਮਗਰੋਂ ‘ਕਾਂਗਰਸ’ ਦੀ ਰਾਹ ਹੋਈ ਮੁਸ਼ਕਲ
ਸੰਗਰੂਰ ਦੇ ਚੋਣ ਨਤੀਜਿਆਂ ਦੇ ਮੱਦੇਨਜ਼ਰ ਕਾਂਗਰਸ ਦੀ ਹਾਲਤ ਕਾਫ਼ੀ ਪਤਲੀ ਹੋ ਗਈ ਹੈ, ਜਿਸ ਦਾ ਵੱਡਾ ਕਾਰਨ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਜਨਤਾ ਦੀ ਨਾਰਾਜ਼ਗੀ ਤੋਂ ਇਲਾਵਾ ਪਾਰਟੀ ਦੀ ਧੜੇਬੰਦੀ ਅਤੇ ਜ਼ਿਆਦਾਤਰ ਆਗੂਆਂ ਵੱਲੋਂ ਦੂਜੀਆਂ ਪਾਰਟੀਆਂ ‘ਚ ਸ਼ਾਮਲ ਹੋਣ ਨੂੰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ iਖ਼ਲਾਫ਼ ਬਣੇ ਮਾਹੌਲ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਭੁਨਾਉਣ ਲਈ ਕਾਂਗਰਸ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ ਸੀ ਪਰ ਨਤੀਜਿਆਂ ਨੇ ਪਾਰਟੀ ਨੂੰ ਨਿਰਾਸ਼ ਕਰ ਦਿੱਤਾ ਹੈ, ਜਿਸ ਕਾਰਨ ਕਾਂਗਰਸੀ ਵਰਕਰਾਂ ਦਾ ਮਨੋਬਲ ਕਾਫ਼ੀ ਕਮਜ਼ੋਰ ਹੋ ਜਾਵੇਗਾ। ਇਸ ਦਾ ਅਸਰ ਆਉਣ ਵਾਲੀ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ‘ਚ ਦੇਖਣ ਨੂੰ ਮਿਲੇਗਾ, ਜਿਸ ਦੌਰਾਨ ਕਾਂਗਰਸ ਨੂੰ ਆਪਣੀ ਸਥਿਤੀ ਮਜ਼ਬੂਤ ਹੋਣ ਦੀ ਉਮੀਦ ਸੀ। ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਜ਼ਿਮਨੀ ਚੋਣ ਦੌਰਾਨ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇ।
ਇਹ ਕਾਰਨ ਬਣੇ ਪਾਰਟੀ ਦੀ ਹਾਰ ਦਾ ਕਾਰਨ
ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣਾ।
ਸਫ਼ਲ ਨਾ ਹੋ ਸਕਿਆ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਫਾਰਮੂਲਾ।
ਨਵਜੋਤ ਸਿੱਧੂ ਨੂੰ ਕੀਤਾ ਗਿਆ ਨਜ਼ਰਅੰਦਾਜ਼।
ਨਵਜੋਤ ਸਿੱਧੂ ਦਾ ਜੇਲ੍ਹ ਜਾਣਾ।
ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦਾ ਪਾਰਟੀ ਨੂੰ ਛੱਡਣਾ।
ਸੰਗਰੂਰ ਚੋਣਾਂ ਦੌਰਾਨ ਕਈ ਹਲਕਾ ਇੰਚਾਰਜਾਂ ਵੱਲੋਂ ਪਾਰਟੀ ਦਾ ਸਾਥ ਛੱਡਣਾ।
ਸੁਨੀਲ ਜਾਖੜ ਦਾ ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਣਾ।
ਕਈ ਹਲਕਾ ਇੰਚਾਰਜਾਂ ਦਾ ਸਰਗਰਮ ਰੂਪ ਨਾਲ ਕੰਮ ਨਾ ਕਰਨਾ।
ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਜੇਲ੍ਹ ਜਾਣਾ।
ਸਾਬਕਾ ਮੰਤਰੀ ਓ. ਪੀ. ਸੋਨੀ ‘ਤੇ ਵੱਡੇ ਘਪਲੇ ਦੇ ਦੋਸ਼ ਲੱਗਣਾ।
ਕਾਂਗਰਸੀ ਸੰਸਦ ਮੈਂਬਰਾਂ ਦਾ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਦੂਰ ਰਹਿਣਾ।
ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ
100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੰਗਰੂਰ ਜ਼ਿਮਨੀ ਚੋਣ ’ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹ ਪੰਜਵੇਂ ਨੰਬਰ ’ਤੇ ਰਹੀ। ਇਸ ਦੇ ਉਮੀਦਵਾਰ ਕਮਲਦੀਪ ਕੌਰ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਇਸ ਸ਼ਰਮਨਾਕ ਹਾਰ ਪਿੱਛੇ ਕਈ ਕਾਰਨ ਹਨ।
ਬੇਅਦਬੀ ਮਾਮਲੇ ਅਕਾਲੀ ਦਲ ਲਈ ਬਣੇ ਵੱਡੀ ਚੁਣੌਤੀ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਹੇ ਤੇ ਇਸ ਲਈ ਅਜੇ ਤਕ ਵੀ ਵੱਡੀ ਚੁਣੌਤੀ ਬਣੇ ਹੋਏ ਹਨ। 2017 ਵਿਧਾਨ ਸਭਾ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਿਆ। ਬੇਅਦਬੀ ਮਾਮਲਿਆਂ ਕਾਰਨ ਹੀ ਇਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਕਾਲੀ ਦਲ ਨੂੰ ਇਨ੍ਹਾਂ ਚੋਣਾਂ ’ਚ 15 ਸੀਟਾਂ ਤੇ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਸਨ।
ਨਸ਼ਿਆਂ ਦਾ ਮੁੱਦਾ ਨਹੀਂ ਛੱਡ ਰਿਹਾ ਅਕਾਲੀ ਦਲ ਦਾ ਪਿੱਛਾ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਨਸ਼ਿਆਂ ਦਾ ਮੁੱਦਾ ਵੀ ਛਾਇਆ ਰਿਹਾ ਤੇ ਵਿਰੋਧੀ ਪਾਰਟੀਆਂ ਵੀ ਸਮੇਂ-ਸਮੇਂ ’ਤੇ ਇਸ ਸਰਕਾਰ ’ਤੇ ਨਸ਼ਿਆਂ ਦੇ ਸੌਦਾਗਰਾਂ ’ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਉਂਦੀਆਂ ਰਹੀਆਂ। ਨਸ਼ੇ ਫੈਲਾਉਣ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਵੀ ਬਿਕਰਮ ਮਜੀਠੀਆ ’ਤੇ ਇਲਜ਼ਾਮ ਲਾਏ ਸਨ ਪਰ ਬਾਅਦ ’ਚ ਮਾਣਹਾਨੀ ਦਾ ਮੁਕੱਦਮਾ ਕਰਨ ਤੋਂ ਬਾਅਦ ਕੇਜਰੀਵਾਲ ਨੂੰ ਮਜੀਠੀਆ ਤੋਂ ਮੁਆਫ਼ੀ ਮੰਗਣੀ ਪਈ ਸੀ।
ਬਿਕਰਮ ਮਜੀਠੀਆ ਦਾ ਜੇਲ੍ਹ ਜਾਣਾ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 25/27ਏ/29 ਦੇ ਤਹਿਤ ਦਰਜ ਕੀਤਾ ਗਿਆ। ਡਰੱਗਜ਼ ਦੇ ਮਾਮਲੇ ’ਚ ਪਰਚਾ ਦਰਜ ਹੋਇਆ। ਇਸ ਦੌਰਾਨ ਉਨ੍ਹਾਂ ਵਿਧਾਨ ਸਭਾ ਚੋਣ ਲੜੀ ਪਰ ਹਾਰ ਗਏ ਸਨ । ਇਸ ਸਮੇਂ ਮਜੀਠੀਆ ਪਟਿਆਲਾ ਜੇਲ੍ਹ ’ਚ ਬੰਦ ਹਨ। ਇਸ ਨਾਲ ਵੀ ਵੋਟਰਾਂ ’ਚ ਗ਼ਲਤ ਪ੍ਰਭਾਵ ਗਿਆ ਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕੀਤਾ।
ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਉੱਭਰ ਨਹੀਂ ਸਕਿਆ ਅਕਾਲੀ ਦਲ
ਫਰਵਰੀ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਚੋਣਾਂ ’ਚ ਇਸ ਦੇ 3 ਉਮੀਦਵਾਰ ਹੀ ਵਿਧਾਨ ਸਭਾ ’ਚ ਪਹੁੰਚ ਸਕੇ ਸਨ। ਅਕਾਲੀ ਦਲ ਦੀ ਕਰਾਰੀ ਹਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਚੋਣਾਂ ’ਚ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਨੂੰ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਬਹੁਤ ਘਟ ਗਿਆ।
 ਸੁਖਬੀਰ ਬਾਦਲ ਦੀ ਪ੍ਰਧਾਨਗੀ ’ਤੇ ਵੀ ਉੱਠੇ ਸਵਾਲ
2022 ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਕਰਾਰੀ ਹਾਰ ਹੋਈ ਸੀ। ਸ਼੍ਰੋਮਣੀ ਅਕਾਲੀ ਦੇ 100 ਸਾਲ ਦੇ ਇਤਿਹਾਸ ’ਚ ਇਸ ਦੇ ਸਿਰਫ ਤਿੰਨ ਵਿਧਾਇਕ ਹੀ ਵਿਧਾਇਕ ਸਭਾ ਦੀਆਂ ਪੌੜੀਆਂ ਚੜ੍ਹੇ। ਇਸ ਸ਼ਰਮਨਾਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਬਣਾਈ ਗਈ, ਜਿਸ ਨੇ ਜ਼ਮੀਨੀ ਪੱਧਰ ’ਤੇ ਜਾ ਕੇ ਲੋਕਾਂ ਦੀ ਰਾਇ ਲਈ ਗਈ । ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਉੱਠੇ ਸਨ ਕਿ ਉਨ੍ਹਾਂ ਨੂੰ ਇਸ ਹਾਰ ਦੀ ਜ਼ਿੰਮੇਵਾਰੀ ਸਮਝਦਿਆਂ ਆਪਣੀ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਕਈ ਟਕਸਾਲੀ ਆਗੂਆਂ ਨੇ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੀ ਵਾਗਡੋਰ ਸੁਖਬੀਰ ਬਾਦਲ ਨੂੰ ਸੰਭਾਲ ਦਿੱਤੀ, ਜਿਸ ਤੋਂ ਬਾਅਦ ਅਕਾਲੀ ਦਲ ਦਿਨੋ-ਦਿਨ ਨਿਘਾਰ ਵੱਲ ਜਾਂਦਾ ਰਿਹਾ।
ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੋਟਰਾਂ ਨੂੰ ਨਹੀਂ ਕਰ ਸਕਿਆ ਪ੍ਰਭਾਵਿਤ
ਅਕਾਲੀ ਦਲ ਵੱਲੋਂ ਸੰਗਰੂਰ ਜ਼ਿਮਨੀ ਚੋਣ ’ਚ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਸੀ, ਇਸ ਦੇ ਬਾਵਜੂਦ ਅਕਾਲੀ ਦਲ ਵੋਟਰਾਂ ’ਚ ਕੋਈ ਖ਼ਾਸ ਪ੍ਰਭਾਵ ਪਾਉਣ ’ਚ ਕਾਮਯਾਬ ਨਹੀਂ ਹੋ ਸਕਿਆ। ਕਮਲਦੀਪ ਕੌਰ ਨੂੰ ਸੰਗਰੂਰ ਜ਼ਿਮਨੀ ਚੋਣ ’ਚ 44428 ਵੋਟਾਂ ਮਿਲੀਆਂ ਤੇ ਉਹ ਪੰਜਵੇਂ ਨੰਬਰ ’ਤੇ ਰਹੀ। ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਵੋਟਰਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ। ਇਸ ’ਤੇ ਤੰਜ਼ ਕੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਹੁੰਦੇ ਕਿਸੇ ਬੰਦੀ ਸਿੰਘ ਨੂੰ ਨਹੀਂ ਛੁਡਾ ਸਕੇ ਤਾਂ ਕਮਲਦੀਪ ਕੌਰ ਦੇ ਜਿੱਤਣ ਨਾਲ ਕਿਸ ਤਰ੍ਹਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਲੈਣਗੇ। ਦੱਸ ਦੇਈਏ ਕਿ ਕਮਲਦੀਪ ਕੌਰ ਪਹਿਲਾਂ ਇਸ ਤੋਂ ਪਹਿਲਾਂ ਵੀ ਆਜ਼ਾਦ ਤੌਰ ’ਤੇ ਚੋਣ ਲੜ ਚੁੱਕੇ ਹਨ। ਸੰਗਰੂਰ ਜ਼ਿਮਨੀ ਲਈ ਉਮੀਦਵਾਰ ਐਲਾਨਣ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਸਿਮਰਨਜੀਤ ਸਿੰਘ ਮਾਨ ਨੂੰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਥਕ ਧਿਰਾਂ ਵੱਲੋਂ ਐਲਾਨੇ ਉਮੀਦਵਾਰ ਕਮਲਦੀਪ ਕੌਰ ਨੂੰ ਸਮਰਥਨ ਦੇਣ ਲਈ ਕਿਹਾ ਸੀ।
ਭਾਜਪਾ ਨਾਲੋਂ ਵੱਖ ਹੋਣ ਨਾਲ ਅਕਾਲੀ ਦਲ ਨੂੰ ਲੱਗਾ ਵੱਡਾ ਖੋਰਾ
ਭਾਜਪਾ ਨਾਲੋਂ ਇਸ ਦਾ ਗੱਠਜੋੜ ਟੁੱਟਣ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਵੱਡਾ ਖੋਰਾ ਲੱਗ ਰਿਹਾ ਹੈ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਸੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਬਸਪਾ ਨਾਲ ਮਿਲ ਕੇ ਲੜੀਆਂ। ਇਨ੍ਹਾਂ ਚੋਣਾਂ ’ਚ ਇਸ ਗੱਠਜੋੜ ਨੂੰ ਚਾਰ ਸੀਟਾਂ ਮਿਲੀਆਂ ਸਨ। ਸੰਗਰੂਰ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 66,298 ਵੋਟਾਂ ਮਿਲੀਆਂ ਹਨ, ਜਦਕਿ ਅਕਾਲੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੂੰ 44,428 ਵੋਟਾਂ ਮਿਲੀਆਂ।
ਢੀਂਡਸਾ ਦਾ ਅਕਾਲੀ ਦਲ ਨਾਲੋਂ ਵੱਖ ਹੋਣਾ
ਸੁਖਦੇਵ ਸਿੰਘ ਢੀਂਡਸਾ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਅਲਵਿਦਾ ਕਹਿ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਲਈ। 2022 ਵਿਧਾਨ ਸਭਾ ਚੋਣਾਂ ਢੀਂਡਸਾ ਨੇ ਭਾਜਪਾ ਨਾਲ ਮਿਲ ਕੇ ਲੜੀਆਂ ਸਨ। ਇਸ ਤਰ੍ਹਾਂ ਸਮੇਂ-ਸਮੇਂ ’ਤੇ ਟਕਸਾਲੀ ਅਕਾਲੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕਰਨ ਨਾਲ ਪਾਰਟੀ ਦਾ ਗਰਾਫ ਹੌਲੀ-ਹੌਲੀ ਡਿੱਗਦਾ ਗਿਆ। ਇਸ ਸੰਗਰੂਰ ਜ਼ਿਮਨੀ ਚੋਣ ’ਚ ਇਸ ਦੀ ਉਮੀਦਵਾਰ ਕਮਲਦੀਪ ਕੌਰ ਪੰਜਵੇਂ ਨੰਬਰ ’ਤੇ ਰਹੀ।
9 ਵਿਧਾਨ ਸਭਾ ਹਲਕਿਆਂ ਦੇ ਹਲਕਾ ਵਾਰ ਨਤੀਜੇ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਆਪ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਪਾਸੋਂ 5822 ਵੋਟਾਂ ਨਾਲ ਹਾਰ ਗਿਆ। ਮਾਨ ਨੂੰ 253154, ਘਰਾਚੋਂ ਨੂੰ 247332, ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 79668, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 46298 ਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਨੂੰ 44428 ਵੋਟਾਂ ਮਿਲੀਆਂ।
ਸੰਗਰੂਰ ਚੋਣ ’ਚ ਲੋਕਾਂ ਦੇ ਫ਼ਤਵੇ ਮਗਰੋਂ ‘ਆਪ’ ਦਾ ਪਹਿਲਾ ਬਿਆਨ ਆਇਆ
ਸੰਗਰੂਰ ਲੋਕ ਸਭਾ ਦੀ ਸੀਟ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ‘ਆਪ’ ਆਗੂ ਮਲਵਿੰਦਰ ਸਿੰਘ ਕੰਗ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਹਾਰ-ਜਿੱਤ ਤਾਂ ਸਿਆਸਤ ਦਾ ਹਿੱਸਾ ਹਨ ਅਤੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। ਸਿਮਰਨਜੀਤ ਸਿੰਘ ਨੂੰ ਜਿੱਤ ਦੀ ਵਧਾਈ ਦਿੰਦੇ ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਗਏ ਫ਼ਤਵੇ ਨੂੰ ਅਸੀਂ ਸਵੀਕਾਰ ਕਰਦੇ ਹਾਂ ਅਤੇ ਹਾਰ-ਜਿੱਤ ਦੇ ਕਾਰਨਾਂ ’ਤੇ ਪਾਰਟੀ ਵੱਲੋਂ ਪੂਰੀ ਤਰ੍ਹਾਂ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ਦੀ ਹਾਰ ਨੂੰ ਲੈ ਕੇ ਜਿਹੜੀਆਂ ਵੀ ਕਮੀਆਂ ਰਹੀਆਂ ਹਨ, ਉਨ੍ਹਾਂ ’ਤੇ ਵਿਚਾਰ-ਵਟਾਂਦਰਾ ਕਰਕੇ ਦੂਰ ਕੀਤਾ ਜਾਵੇਗਾ।
ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਗੱਲ ਕੀਤੀ ਜਾਵੇ 2019 ’ਚ ਹੋਈਆਂ ਲੋਕ ਸਭਾ ਚੋਣਾਂ ਦੀ ਤਾਂ 2019 ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਦੋ ਫ਼ੀਸਦੀ ਹੀ ਸਾਡੀ ਵੋਟ ਘਟੀ ਹੈ ਜਦਕਿ ਰਵਾਇਤੀ ਪਾਰਟੀਆਂ ਦੀ ਤਾਂ ਇਰ ਜ਼ਮਾਨਤਾਂ ਤੱਕ ਜ਼ਬਤ ਹੋਈਆਂ ਹਨ। ਸਿਆਸਤ ’ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਨੂੰ 2019 ’ਚ ਤਿੰਨ ਲੱਖ ਦੇ ਕਰੀਬ ਵੋਟਾਂ ਪਈਆਂ ਸਨ, ਉਹ ਹੁਣ 80 ਹਜ਼ਾਰ ਦੇ ਕਰੀਬ ਰਹਿ ਗਈਆਂ ਹਨ।
ਇਸੇ ਤਰ੍ਹਾਂ ਅਕਾਲੀ ਦਲ ਨੂੰ ਦੋ ਲੱਖ 60 ਹਜ਼ਾਰ ਦੇ ਕਰੀਬ ਵੋਟਾਂ ਪਈਆਂ ਸਨ, ਉਹ ਹੁਣ 50 ਹਜ਼ਾਰ ਤੋਂ ਵੀ ਹੇਠਾਂ ਖਿਸਕ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨਾਲ ਸਾਡਾ ਮੁਕਾਬਲਾ ਸੀ, ਉਸ ਸਥਿਤੀ ’ਚ ਆਮ ਆਦਮੀ ਪਾਰਟੀ ਨੇ ਬਿਹਤਰ ਤਰੀਕੇ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਰਾਜਨੀਤਿਕ ਜ਼ਿੰਮੇਵਾਰੀ ਪਾਰਟੀ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਵੱਲੋਂ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਕਮੀਆਂ ਨੂੰ ਦੂਰ ਕੀਤਾ ਜਾਵੇਗਾ।
ਮਾਨ ਦੀ ਜਿੱਤ ’ਤੇ ਸੁਖਪਾਲ ਖਹਿਰਾ ਦਾ ਟਵੀਟ
ਸੰਗਰੂਰ ਲੋਕ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ਦੇ ਨਤੀਜਿਆਂ ਦੇ ਐਲਾਨ ’ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਹਾਲਾਂਕਿ ਸੰਗਰੂਰ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ ਨਾਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ ਪਰ ਇਸ ਦੇ ਬਾਵਜੂਦ ਕਾਂਗਰਸੀ ਆਗੂ ਨੇ ਨਾ ਸਿਰਫ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ’ਤੇ ਖੁਸ਼ੀ ਜ਼ਾਹਰ ਕੀਤੀ ਹੈ ਸਗੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ ’ਤੇ ਵੀ ਵੱਡਾ ਹਮਲਾ ਬੋਲਿਆ ਹੈ। ਖਹਿਰਾ ਨੇ ਆਖਿਆ ਹੈ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਸਿੱਖਾਂ ਦੇ ਪ੍ਰਤੀਕ ‘ਕਿਰਪਾਨ’ ਅਤੇ ਬੋਕਰ (ਝਾੜੂ) ਵਿਚਲੇ ਫਰਕ ਨੂੰ ਸਮਝ ਲਿਆ ਹੈ। ਇਸ ਦੇ ਨਾਲ ਹੀ ਖਹਿਰਾ ਨੇ ਇਹ ਵੀ ਕਿਹਾ ਹੈ ਕਿ ਉਹ ਸੰਗਰੂਰ ਦੇ ਜਾਗਰੂਕ ਵੋਟਰਾਂ ਨੂੰ ਵਧਾਈ ਦਿੰਦੇ ਹਨ, ਜਿਨ੍ਹਾਂ ਨੇ ਨਕਲੀ ਕ੍ਰਾਂਤੀਕਾਰੀਆਂ ਦੀ ਮਹਿਜ਼ ਤਿੰਨ ਮਹੀਨਿਆਂ ਵਿਚ ਹੀ ਪਹਿਚਾਣ ਕਰ ਲਈ ਹੈ। ਇਸ ਬਦਲਾਅ ਲਈ ਸੰਗਰੂਰ ਦੇ ਵੋਟਰ ਵਧਾਈ ਦੇ ਹੱਕਦਾਰ ਹਨ। ਜੇਕਰ ਇਹ ਨਕਲੀ ਇਨਕਲਾਬੀ ਹੁਣ ਜਿੱਤ ਵੀ ਜਾਂਦੇ ਹਨ, ਫਿਰ ਵੀ ਸਾਢੇ ਚਾਰ ਲੱਖ ਵੋਟਰਾਂ ਦਾ ਭਰੋਸਾ ਗੁਆਉਣਾ ਸ਼ਰਮਨਾਕ ਹੈ।
ਜੇ ਮੁੜ ਚੋਣਾਂ ਹੋ ਜਾਣ ਤਾਂ ਝਾੜੂ ਖਿੱਲਰਿਆ ਸਮਝੋ-ਵੇਰਕਾ
ਸੰਗਰੂਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਹਾਰ ‘ਤੇ ਭਾਜਪਾ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਦੱਸ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਕਿੰਨੇ ਪਾਣੀ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਮੁੜ ਚੋਣਾਂ ਹੋ ਜਾਣ ਤਾਂ ਝਾੜੂ ਖਿੱਲਰਿਆ ਲਓ। ਉਨ੍ਹਾਂ ਕਿਹਾ ਕਿ ਅੱਜ ਝੂਠ ਦਾ ਪੁਲੰਦਾ ਸਾਹਮਣੇ ਆ ਚੁੱਕਿਆ ਹੈ। ਡਾ. ਰਾਜ ਕੁਮਾਰ ਵੇਰਵਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੇ ਨੂੰ ਅਜੇ 3 ਮਹੀਨੇ ਹੀ ਹੋਏ ਹਨ ਕਿ ਇਹ ਹਵਾ ਦਾ ਬੁਲਬੁਲਾ ਫਟ ਗਿਆ ਹੈ। ਲੋਕਾਂ ਦਾ ਇੰਨੀ ਜਲਦੀ ਇਸ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ ਹੈ, ਜਿਸ ਕਾਰਨ ਲੋਕਾਂ ਨੇ ਇਸ ਪਾਰਟੀ ਨੂੰ ਨਕਾਰ ਦਿੱਤਾ ਹੈ।

Comment here