ਸਿਆਸਤਖਬਰਾਂਚਲੰਤ ਮਾਮਲੇ

ਆਪ ਦੀ ਹਨੇਰੀ ਚ ਭਾਜਪਾ ਦਾ ਨੁਕਸਾਨ ਨਹੀਂ ਹੋਇਆ

ਚੰਡੀਗੜ-ਪੰਜਾਬ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਸੀਟਾਂ ਦੀ ਇਤਿਹਾਸਕ ਜਿੱਤ ਹਾਸਲ ਕੀਤੀ ਹੈ, ਜਿਸ ਨਾਲ ਸਥਾਪਿਤ ਸਿਆਸੀ ਧਿਰਾਂ ਦੇ ਅੰਦਰ ਚਿੰਤਾ ਵਧੀ ਹੈ। ਮੰਥਨ ਹੋ ਰਿਹਾ ਹੈ, ਸਿਆਸੀ ਸਮੀਖਿਅਕ ਸਾਫ ਕਹਿ ਰਹੇ ਹਨ ਕਿ ਅਕਾਲੀ-ਭਾਜਪਾ ਗੱਠਜੋੜ ਟੁੱਟਣ ਤੇ ਕਾਂਗਰਸ ਦੇ ਕਲੇਸ਼ ਦਾ ਸਿੱਧਾ ਲਾਭ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ। 92 ਵਿਧਾਇਕਾਂ ਦੀ ਜਿੱਤ ਨਾਲ ‘ਆਪ’ ਦੀ ਸੁਨਾਮੀ ਵਿਚ ਸਾਰੀਆਂ ਸਿਆਸੀ ਪਾਰਟੀਆਂ ਉੱਡਦੀਆਂ ਨਜ਼ਰੀਂ ਪਈਆਂ ਹਨ। ਕਾਂਗਰਸ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। 2017 ਦੇ ਮੁਕਾਬਲੇ ਉਸ ਨੂੰ 23.69 ਲੱਖ ਵੋਟਾਂ ਦਾ ਨੁਕਸਾਨ ਹੋਇਆ ਹੈ। ਇਸ ਸਭ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ 1.2 ਫ਼ੀਸਦ ਵੋਟਾਂ ਵਧਾਉਣ ਵਿਚ ਕਾਮਯਾਬ ਤਾਂ ਰਹੀ ਪਰ ਇਹ ਸਥਿਤੀ ਉਦੋਂ ਹੈ, ਜਦੋਂ ਭਾਜਪਾ 23 ਦੀ ਬਜਾਏ 73 ਸੀਟਾਂ ’ਤੇ ਚੋਣਾਂ ਲੜ ਰਹੀ ਸੀ। ਭਾਜਪਾ ਭਾਵੇਂ ਦੋ ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਪਰ ਜੇ 23 ਉਨ੍ਹਾਂ ਸੀਟਾਂ ਦੀ ਤੁਲਨਾ ਕੀਤੀ ਜਾਵੇ, ਜਿੱਥੇ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਹੋਣ ਦੌਰਾਨ ਲੜਦੀ ਸੀ, ਉਥੇ ਭਾਜਪਾ ਦਾ 2.29 ਲੱਖ ਵੋਟਾਂ ਦਾ ਨੁਕਸਾਨ ਹੋਇਆ ਹੈ। ਇਸ ਦੇ ਮੁਕਾਬਲੇ 97 ਸੀਟਾਂ ’ਤੇ ਲੜਨ ਵਾਲੇ ਅਕਾਲੀ ਤੋਂ 10.36 ਲੱਖ ਵੋਟਰ ਦੂਰ ਹੋ ਗਏ ਹਨ। 2017 ਵਿਚ 15 ਸੀਟਾਂ ਜਿੱਤਣ ਵਾਲਾ ਅਕਾਲੀ ਦਲ ਸਿਰਫ਼ 3 ਸੀਟਾਂ ’ਤੇ ਸੀਮਤ ਰਹਿ ਗਿਆ ਹੈ। ਪੰਜ ਵਰ੍ਹੇ ਪਹਿਲਾਂ 77 ਸੀਟਾਂ ਜਿੱਤਣ ਵਾਲੀ ਕਾਂਗਰਸ ਵੀ ਮਹਿਜ਼ 18 ਸੀਟਾਂ ’ਤੇ ਸੀਮਤ ਰਹਿ ਗਈ ਹੈ। ਕਾਂਗਰਸ ਦਾ ਸਭ ਤੋਂ ਵੱਧ ਨੁਕਸਾਨ ਇੰਜ ਹੋਇਆ ਕਿ ਉਸ ਦੇ 23.69 ਲੱਖ ਵੋਟਰ ਟੁੱਟ ਕੇ ‘ਆਪ’ ਨਾਲ ਜੁੜ ਗਏ। ਦੋ ਸੀਟਾਂ ’ਤੇ ਜਿੱਤਣ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਪੰਜਾਬ ਵਿਚ ਭਾਜਪਾ ਲਈ ਵੱਡੀ ਸੰਭਾਵਨਾ ਪ੍ਰਗਟਾਈ ਸੀ। 2007 ਤੋਂ ਲੈ ਕੇ 2022 ਤਕ ਭਾਜਪਾ ਦੇ ਪ੍ਰਦਰਸ਼ਨ ਦਾ ਮੁਲੰਕਣ ਕੀਤਾ ਜਾਵੇ ਤਾਂ ਪਤਾ ਚੱਲਦਾ ਹੈ ਕਿ ਜਿਨ੍ਹਾਂ 23 ਵਿੱਚੋਂ ਅੱਧੀ ਦਰਜ ਤੋਂ ਵੱਧ ਸੀਟਾਂ ’ਤੇ ਗੱਠਜੋੜ ਟੁੱਟਣ ਦਾ ਨੁਕਸਾਨ ਸਹਿਣਾ ਪਿਆ ਹੈ। ਇਨ੍ਹਾਂ ਵਿਚ ਜਲੰਧਰ ਸੈਂਟਰਲ ਤੇ ਨਾਰਥ, ਹੁਸ਼ਿਆਰਪੁਰ, ਫਿਰੋਜ਼ਪੁਰ ਸ਼ਹਿਰੀ, ਲੁਧਿਆਣਾ ਨਾਰਥ ਦੀਆਂ ਸੀਟਾਂ ਹਨ।

2007 ਵਿਚ ਜਦੋਂ ਭਾਜਪਾ ਨੇ 23 ਵਿੱਚੋਂ 19 ਸੀਟਾਂ ਜਿੱਤੀਆਂ ਸਨ, ਉਨ੍ਹਾਂ ਨੂੰ 10.46 ਲੱਖ ਵੋਟਾਂ ਪਈਆਂ ਸਨ। 2012 ਵਿਚ ਜਦੋਂ ਭਾਜਪਾ ਨੇ 12 ਸੀਟਾਂ ਜਿੱਤ ਕੇ ਅਕਾਲੀ ਦਲ ਨਾਲ ਦੁਬਾਰਾ ਸਰਕਾਰ ਬਣਾਈ ਤਾਂ ਉਦੋਂ 9.98 ਲੱਖ ਵੋਟਾਂ ਪਈਆਂ। 2017 ਵਿਚ ਜਦੋਂ ਅਕਾਲੀ-ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਵੀ ਭਾਜਪਾ ਨੂੰ 8.33 ਲੱਖ ਵੋਟਾਂ ਪਈਆਂ। ਗੱਠਜੋੜ ਟੁੱਟਣ ਮਗਰੋਂ ਵੱਖਰੇ ਤੌਰ ’ਤੇ ਚੋਣ ਮੈਦਾਨ ਵਿਚ ਉਤਰਨ ’ਤੇ ਭਾਜਪਾ ਨੂੰ ਇਨ੍ਹਾਂ 23 ਸੀਟਾਂ ’ਤੇ 6.03 ਲੱਖ ਵੋਟਾਂ ਮਿਲ ਸਕੀਆਂ। ਓਵਰਆਲ 73 ਸੀਟਾਂ ’ਤੇ 1.2 ਫ਼ੀਸ ਵੋਟਾਂ ਵਧੀਆਂ ਹਨ। ਇਹ ਸਥਿਤੀ ਉਦੋਂ ਹੈ ਜਦੋਂ ‘ਆਪ’ ਦੀ ਸੁਨਾਮੀ ਚੱਲੀ ਤੇ ਭਾਜਪਾ ਆਗੂਆਂ ਨੂੰ ਪਿੰਡਾਂ ਵਿਚ ਵੜਨ ਤਕ ਨਹੀਂ ਦਿੱਤਾ ਗਿਆ ਸੀ। ਪੰਜਾਬ ਦੇ ਚੋਣ ਨਤੀਜਿਆਂ ਤੋੰ ਬਾਅਦ ਭਾਜਪਾ ਗਰਾਊਂਡ ਲੈਵਲ ਤੇ ਆਪਣੇ ਕਾਡਰ ਨੂੰ ਲੋਕਾਂ ਨਾਲ ਨ਼ਜ਼ਦੀਕੀ ਵਧਾਉਣ ਲਈ ਸਰਗਰਮ ਹੋਣ ਲਈ ਨਿਰਦੇਸ਼ ਦੇਵੇਗੀ।

Comment here