ਸਿਆਸਤਖਬਰਾਂਚਲੰਤ ਮਾਮਲੇ

ਆਪ ਦੀ ਹਨੇਰੀ ਚ ਕਿਸਾਨ ਆਗੂ ਵੀ ਹਡ਼੍ਹ ਗਏ…

ਕਿਸਾਨ ਮੋਰਚੇ ਚ ਸਭ ਦੀਆਂ ਜ਼ਮਾਨਤਾਂ ਜ਼ਬਤ

ਚੰਡੀਗੜ : ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਨੇ ਵੱਡੇ ਵੱਡੇ ਸਿਆਸੀ ਆਗੂਆਂ ਨੂੰ ਬੁਰੀ ਤਰਾਂ ਰੋਲ ਕੇ ਰੱਖ ਦਿੱਤਾ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਰੀਬ ਇਕ ਸਾਲ ਤੱਕ ਦਿੱਲੀ ਦੀਆਂ ਬਰੂਹਾਂ ’ਤੇ ਮੋਰਚਾ ਲਾ ਕੇ ਕਿਸਾਨਾਂ ਨੂੰ ਲਾਮਬੰਦ ਕਰਨ ਵਾਲੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਵੀ ਆਪ ਦੀ ਇਸ ਹਨੇਰੀ ਚ ਸਿਆਸੀ ਮੈਦਾਨ ਵਿਚ ਕਿਸਾਨਾਂ ਨੂੰ ਨਾਲ ਤੋਰਨ ਵਿਚ ਨਾ ਸਿਰਫ ਫੇਲ੍ਹ ਹੋਏ ਹਨ ਬਲਕਿ ਉਹ ਆਪਣੀ ਜਮਾਨਤ ਵੀ ਨਹੀਂ ਬਚਾ ਸਕੇ। ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ 22 ਕਿਸਾਨ ਜਥੇਬੰਦੀਆਂ ਵਿਚੋਂ ਇਕ ਦਰਜਨ ਦੇ ਕਰੀਬ ਕਿਸਾਨ ਯੂਨੀਅਨਾਂ ਨੇ ਪਹਿਲਾਂ ਹੀ ਚੋਣਾਂ ਲਡ਼੍ਹਨ ਤੋਂ ਮਨ੍ਹਾ ਕਰ ਦਿੱਤਾ ਸੀ। ਕਿਸਾਨਾਂ ਦੀਆਂ ਵੱਡੀਆਂ ਜਥੇਬੰਦੀਆਂ ਕਿਸਾਨ ਯੂਨੀਅਨ ਉਗਰਾਹਾਂ, ਏਕਤਾ-ਡਕੌਂਦਾ ਅਤੇ ਖੱਬੇ ਪੱਖੀ ਧਿਰਾਂ ਨਾਲ ਸਬੰਧਿਤ ਯੂਨੀਅਨਾਂ ਦੇ ਨੁਮਾਇੰਦਿਆਂ ਵਲੋਂ ਚੋਣ ਮੈਦਾਨ ਵਿਚ ਸਾਥ ਦੇਣ ਤੋਂ ਮਨ੍ਹਾ ਕਰਨ ਨਾਲ ਕਿਸਾਨਾਂ ਦੇ ਤੀਲ੍ਹਾ ਤੀਲ੍ਹਾ ਹੋਣ ਦੀ ਤਸਵੀਰ ਸਾਫ ਹੋ ਗਈ ਸੀ।ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਯੂਨੀਅਨ ਦੇ ਸੰਵਿਧਾਨ ਅਨੁਸਾਰ ਕਿਸਾਨ ਨੇਤਾਵਾਂ ਦੇ ਚੋਣ ਲਡ਼੍ਹਨ ਦੀ ਮਨਾਹੀ ਹੈ। ਉਨ੍ਹਾਂ ਦਾ ਤਰਕ ਸੀ ਕਿ ਉਹ ਚੋਣ ਨਹੀਂ ਲਡ਼੍ਹਨਗੇ ਤੇ ਕਿਸੇ ਨੂੰ ਵੋਟ ਪਾਉਣ ਲਈ ਮਜਬੂਰ ਵੀ ਨਹੀਂ ਕਰਨਗੇ। ਸੰਘਰਸ਼ ਦੌਰਾਨ ਨੇਤਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਬਜ਼ ਦੇਖ ਕੇ ਸਥਿਤੀ ਦਾ ਜਾਇਜ਼ਾ ਲਗਾਉਣ ਵਾਲੇ ਬਲਬੀਰ ਸਿੰਘ ਰਾਜੇਵਾਲ ਕੰਧ ’ਤੇ ਲਿਖਿਆ ਪਡ਼੍ਹ ਨਹੀਂ ਸਕੇ। ਕੁੱਝ ਕਿਸਾਨ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਵਲੋਂ ਸੰਯੁਕਤ ਸਮਾਜ ਮੋਰਚਾ ਦੇ ਬੈਨਰ ਹੇਠ ਚੋਣ ਮੈਦਾਨ ਵਿਚ ਕੁੱਦਣ ਦਾ ਫ਼ੈਸਲਾ ਕਰ ਲਿਆ ਗਿਆ ਤੇ ਬਲਬੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ ਦੇ ਅਹੁੱਦੇ ਦਾ ਉਮੀਦਵਾਰ ਐਲਾਨ ਦਿੱਤਾ।

ਭਾਵੇਂ ਸੰਯੁਕਤ ਸਮਾਜ ਮੋਰਚਾ ਨੇ ਕਿਸਾਨ ਨੇਤਾ ਗੁਰਨਾਮ ਸਿੰਘ ਚਡ਼ੂਨੀ ਅਤੇ ਬਹੁਜਨ ਸਮਾਜ ਪਾਰਟੀ ਤੋਂ ਅਲੱਗ ਹੋਏ ਵੱਖ-ਵੱਖ ਗਰੁੱਪਾਂ ਨਾਲ ਗਠਜੋਡ਼/ ਤਾਲਮੇਲ ਕਰਕੇ 110 ਦੇ ਕਰੀਬ ਹਲਕਿਆਂ ਵਿਚ ਉਮੀਦਵਾਰ ਖਡ਼੍ਹੇ ਕੀਤੇ ਸਨ, ਪਰ ਇਨ੍ਹਾਂ ਚੋਣਾਂ ਵਿਚ ਰਾਜੇਵਾਲ ਤੋਂ ਬਿਨਾਂ ਕਿਸੇ ਹੋਰ ਯੂਨੀਅਨ ਦੇ ਵੱਡੇ ਨੇਤਾ ਨੇ ਚੋਣ ਨਹੀਂ ਲਡ਼੍ਹੀ। ਦਿਲਚਸਪ ਗੱਲ ਹੈ ਕਿ ਦਿੱਲੀ ਸਰਕਾਰ ਖ਼ਿਲਾਫ਼ ਲਗਾਏ ਗਏ ਮੋਰਚੇ ਸਮੇਂ ਹੀ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚਡ਼ੂਨੀ ਨੇ ਪੰਜਾਬ ਵਿਚ ਸਿਆਸੀ ਸਰਗਰਮੀਆਂ ਸ਼ੁਰੂ ਕਰਦੇ ਹੋਏ ਚੋਣਾਂ ਲਡ਼੍ਹਨ ਦੀਆਂ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਚੋਣਾਂ ਲਡ਼੍ਹਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਚਡ਼ੂਨੀ ਨੂੰ ਕਿਸਾਨ ਮੋਰਚਾ ਵਿਚੋ ਮੁਅੱਤਲ ਵੀ ਕਰ ਦਿੱਤਾ ਗਿਆ ਸੀ। ਕਿਸਾਨੀ ਸੰਘਰਸ਼ਾਂ ਦੌਰਾਨ ਵੱਡੇ ਮੋਰਚੇ ਲਗਾਕੇ ਜਿੱਤਾਂ ਪ੍ਰਾਪਤ ਕਰਨ ਵਾਲੇ ਬਲਬੀਰ ਰਾਜੇਵਾਲ ਆਪਣੇ ਸਾਥੀਆਂ ਦੀ ਨਬਜ ਪਡ਼੍ਹਨ ਵਿਚ ਫੇਲ੍ਹ ਹੋ ਗਏ।

ਦਰਅਸਲ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਕਿਸੀ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਆਪਣੀ ਸਟੇਜ ਦੇ ਨੇਡ਼੍ਹੇ ਨਹੀਂ ਆਉਣ ਦਿੱਤਾ। ਕਿਸਾਨ ਸੰਘਰਸ਼ ਨੇ ਦੇਸ਼ ਵਿਦੇਸ਼ ਵਿਚ ਵਸਦੇ ਲੋਕਾਂ ਖਾਸਕਰਕੇ ਪੰਜਾਬੀਆਂ ਵਿਚ ਨਵੀਂ ਰੂਹ ਫੂਕ ਦਿੱਤੀ। ਲੋਕ ਚੇਤਨ ਹੋ ਗਏ ਤੇ ਸੰਘਰਸ਼ ਵਿਚ ਆਪ ਮੁਹਾਰੇ ਸ਼ਾਮਲ ਹੁੰਦੇ ਗਏ। ਕਿਸਾਨ ਅੰਦੋਲਨ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕਿਸਾਨਾਂ ਦੇ ਸਾਥ ਦੇਣਾ ਸ਼ੁਰੂ ਕਰ ਦਿੱਤਾ। ਚਰਚਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਹੋਰਨਾਂ ਦੇ ਨਾਲ ਨਾਲ ਬਲਬੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ ਬਣਾਉਣ ਦਾ ਸੁਪਨਾ ਦਿਖਾ ਦਿੱਤਾ ਪਰ ਕਿਸਾਨ ਅੰਦੋਲਨ ਦੇ ਲੰਬੇ ਚੱਲਣ ਨਾਲ ਅਤੇ ਚੋਣਾਂ ਦਾ ਐਲਾਨ ਹੋਣ ਕਰਕੇ ਅਰਵਿੰਦ ਕੇਜਰੀਵਾਲ ਨੇ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ। ਦੱਸਿਆ ਜਾਂਦਾ ਹੈ ਕਿ 90 ਤੋ ਵੱਧ ਉਮੀਦਵਾਰ ਐਲਾਨਣ ਤੋ ਬਾਅਦ ਅਰਵਿੰਦ ਕੇਜਰੀਵਾਲ ਨੇ ਅੰਤਿਮ ਸਮੇਂ ਬਲਬੀਰ ਸਿੰਘ ਰਾਜੇਵਾਲ ਨੂੰ 15 ਸੀਟਾਂ ਦੇਣ ਦੀ ਹਾਮੀ ਭਰ ਦਿੱਤੀ ਸੀ, ਪਰ ਰਾਜੇਵਾਲ ਤੀਹ ਤੋ ਵੱਧ ਸੀਟਾਂ ਲੈਣ ਦੀ ਮੰਗ ਕਰਦੇ ਗਏ। ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਸਿਰੇ ਨਾ ਚਡ਼੍ਹਨ ਕਾਰਨ ਰਾਜੇਵਾਲ ਤੇ ਉਨ੍ਹਾਂ ਦੇ ਕੁੱਝ ਸਾਥੀਆਂ ਨੇ ਸਾਰੀਆਂ ਸੀਟਾਂ ’ਤੇ ਚੋਣਾਂ ਲਡ਼੍ਹਨ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਰਾਜੇਵਾਲ ਆਪ ਦੇ ਚੱਕਰਵਿਊ ਵਿਚ ਫਸ ਗਿਆ। ਲੰਬਾਂ ਸਮਾਂ ਕਿਸਾਨਾਂ ਦੇ ਹਿੱਤ ’ਚ ਸ਼ੰਘਰਸ਼ ਕਰਨ ਵਾਲੇ ਰਾਜੇਵਾਲ ਜਿੰਦਗੀ ਦੇ ਆਖਰੀ ਪਡ਼ਾਅ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਾਂਗੂੰ ਲੋਕਾਂ ਤੇ ਕਿਸਾਨਾਂ ਦਾ ਦਿਲ ਨਹੀਂ ਜਿੱਤ ਸਕੇ। ∙

ਸੰਯੁਕਤ ਸਮਾਜ ਮੋਰਚਾ ਦੇ ਬੈਨਰ ਹੇਠ ਸੌ ਤੋਂ ਵੱਧ ਹਲਕਿਆਂ ਵਿਚ ਚੋਣ ਲਡ਼ੀ ਅਤੇ ਲੱਖਾ ਸਿਧਾਣਾ ਤੋਂ ਬਿਨਾਂ ਰਾਜੇਵਾਲ ਸਮੇਤ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਲਖਵੀਰ ਸਿੰਘ ਲੱਖਾ ਸਿਧਾਣਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੌਡ਼ ਹਲਕੇ ਤੋਂ ਉਮੀਦਵਾਰ ਸੀ। ‘ਆਪ’ ਦੀ ਹਨੇਰੀ ਅੱਗੇ ਉਹ ਜਿੱਤ ਭਾਵੇਂ ਨਾ ਸਕਿਆ ਪਰ 28, 091 ਵੋਟਾਂ ਹਾਸਲ ਕਰ ਕੇ ਅਕਾਲੀ ਦਲ ਦੇ ਜਗਬੀਰ ਸਿੰਘ ਬਰਾਡ਼ ਨੂੰ ਪਛਾਡ਼ਦਿਆਂ ਦੂਜੇ ਸਥਾਨ ’ਤੇ ਰਿਹਾ।ਰਾਜੇਵਾਲ ਨੂੰ ਕੇਵਲ 4676 ਵੋਟਾਂ ਮਿਲੀਆਂ। ‘ਆਪ ’ ਦੇ ਉਮੀਦਵਾਰ ਜਗਤਾਰ ਸਿੰਘ ਦਿਆਲਪੁਰ ਨੂੰ 57,557 ਵੋਟਾਂ ਪਈਆਂ ਹਨ। ਇਸੇ ਤਰ੍ਹਾਂ ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ 26,667 ਵੋਟਾਂ ਲੈ ਕੇ ਦੂਜੇ ਤੇ ਕਾਂਗਰਸ ਦੇ ਰੁਪਿੰਦਰ ਸਿੰਘ ਰਾਜਾ ਗਿੱਲ 23368 ਵੋਟਾਂ ਹਾਸਲ ਕਰ ਕੇ ਤੀਜੇ ਸਥਾਨ ’ਤੇ ਰਹੇ ਹਨ। ‘ਆਪ’ ਦੇ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਨੂੰ 43.11 ਫ਼ੀਸਦੀ ਤੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੂੰ 3.5 ਫ਼ੀਸਦੀ ਵੋਟਾਂ ਪਈਆਂ ਹਨ।

Comment here